ਕਿਸਾਨ ਮੋਰਚਿਆਂ ’ਤੇ ਬੇਅਦਬੀ ਦਾ ਮਾਮਲਾ ਅਕਾਲ ਤਖ਼ਤ ਪੁੱਜਿਆ
ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 5 ਅਪਰੈਲ
ਖਨੌਰੀ ਬਾਰਡਰ ਉੱਪਰ 19 ਮਾਰਚ ਨੂੰ ਜਪੁਜੀ ਸਾਹਿਬ ਦੇ ਚੱਲ ਰਹੇ ਅਖੰਡ ਜਾਪ ਵਿਚਾਲੇ ਰੁਕਵਾਉਣ ਅਤੇ ਅਖੰਡ ਜੋਤ ਬੰਦ ਕਰਵਾ ਕੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਵਫ਼ਦ ਨੇ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮੰਗ ਪੱਤਰ ਸੌਂਪਿਆ ਹੈ।
ਇਸ ਸਬੰਧੀ ਗੁਰਸਾਹਿਬ ਸਿੰਘ ਚਾਟੀਵਿੰਡ ਤੇ ਮੰਗਲ ਸਿੰਘ ਰਾਮਪੁਰ ਨੇ ਦੱਸਿਆ ਕਿ ਖਨੌਰੀ ਬਾਰਡਰ ’ਤੇ ਹੋਈ ਬੇਅਦਬੀ ਖ਼ਿਲਾਫ਼ ਜਥੇਦਾਰ ਨੂੰ ਮਿਲ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਬੇਨਤੀ ਕੀਤੀ ਗਈ ਹੈ। ਕਿਸਾਨ ਆਗੂਆਂ ਕਿਹਾ ਕਿ ਖਨੌਰੀ ਮੋਰਚੇ ਦੇ ਆਗੂਆਂ ਨੇ 25 ਮਾਰਚ ਨੂੰ ਜਥੇਦਾਰ ਅਕਾਲ ਤਖ਼ਤ ਨੂੰ ਆਨਲਾਈਨ ਦਰਖ਼ਾਸਤ ਭੇਜੀ ਸੀ। ਇਸ ਉਪਰੰਤ ਅੱਜ ਜਥੇਦਾਰ ਵੱਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਘਟਨਾ ਮੌਕੇ ਮੌਜੂਦ ਗਵਾਹਾਂ ਤੇ ਵਫ਼ਦ ਨੇ ਜਥੇਦਾਰ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਖਨੌਰੀ ਬਾਰਡਰ ’ਤੇ ਗੁਰੂ ਸਾਹਿਬ ਦੀ ਹਜ਼ੂਰੀ ’ਚ ਸੇਵਾ ਕਰਨ ਵਾਲੇ ਗੋਰਾ ਸਿੰਘ ਨੇ ਜਥੇਦਾਰ ਨੂੰ ਦੱਸਿਆ ਕਿ ਉੱਥੋਂ ਦੋ ਸੁੰਦਰ ਗੁਟਕਾ ਸਾਹਿਬ, ਦੋ ਸੈਂਚੀਆਂ, ਦੋ ਵੱਡੀਆਂ ਕਿਰਪਾਨਾਂ ਅਤੇ ਇੱਕ ਸ੍ਰੀ ਸਾਹਿਬ ਗਾਇਬ ਹਨ। ਆਗੂਆਂ ਨੇ ਦੱਸਿਆ ਕਿ ਜਥੇਦਾਰ ਵੱਲੋਂ ਖਨੌਰੀ ਬਾਰਡਰ ਉੱਪਰ 19 ਮਾਰਚ ਨੂੰ ਹੋਈ ਬੇਅਦਬੀ ਦੀ ਜਾਂਚ ਸਬੰਧੀ ਸਬ-ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਜੋ ਹਫ਼ਤੇ ’ਚ ਜਾਂਚ ਕਰ ਕੇ ਰਿਪੋਰਟ ਜਥੇਦਾਰ ਅਕਾਲ ਤਖ਼ਤ ਨੂੰ ਸੌਂਪੇਗੀ। ਵਫ਼ਦ ਵਿੱਚ ਸੁਖਜੀਤ ਸਿੰਘ ਹਰਦੋਝੰਡੇ, ਲਖਵਿੰਦਰ ਸਿੰਘ ਔਲਖ, ਗੁਰਸਾਹਿਬ ਸਿੰਘ ਚਾਟੀਵਿੰਡ, ਮੰਗਲ ਸਿੰਘ ਰਾਮਪੁਰ, ਜਗਜੀਤ ਸਿੰਘ ਮੰਡ, ਹਰਸ਼ਦੀਪ ਸਿੰਘ, ਪਾਲ ਸਿੰਘ ਮੌਜੂਦ ਸਨ।