ਕਿਸਾਨੀ ਅੰਦੋਲਨ ਵਿੱਚੋਂ ਉਪਜਿਆ ਨਾਵਲ
ਬਲਦੇਵ ਸਿੰਘ (ਸੜਕਨਾਮਾ)
ਹਥਲੀ ਪੁਸਤਕ ‘ਟਰਾਲੀ ਯੁੱਗ’ (ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਬਲਬੀਰ ਪਰਵਾਨਾ ਦਾ ਚੌਦਵਾਂ ਨਾਵਲ ਹੈ। ਇਨ੍ਹਾਂ ਦੇ ਨਾਲ ਨਾਲ ਉਸ ਨੇ ਨਾਵਲੈੱਟ, ਕਹਾਣੀਆਂ, ਮਿੰਨੀ ਕਹਾਣੀਆਂ, ਕਵਿਤਾਵਾਂ, ਚਿੰਤਨ, ਖੋਜ ਕਾਰਜ ਤੇ ਅਨੁਵਾਦ ਉਪਰ ਵੀ ਕਾਫ਼ੀ ਕਾਰਜ ਕੀਤਾ ਹੈ ਤੇ ਨਿਰੰਤਰ ਕਾਰਜਸ਼ੀਲ ਰਿਹਾ ਹੈ। ਉਸ ਦੇ ਨਾਵਲਾਂ ਵਿੱਚ ਇੱਕ ਵਿਸ਼ੇਸ਼ ਵਿਚਾਰਧਾਰਾ ਦਾ ਜ਼ਿਕਰ ਅਕਸਰ ਹੁੰਦਾ ਹੈ ਤੇ ਇਹ ਉਸ ਦੇ ਨਵੇਂ ਨਾਵਲ ‘ਟਰਾਲੀ ਯੁੱਗ’ ਵਿੱਚੋਂ ਵੀ ਝਲਕਦੀ ਹੈ।
ਇਹ ਨਾਵਲ ਕਿਸਾਨ ਅੰਦੋਲਨ ਦੇ ਦੌਰ ਵਿੱਚੋਂ ਨਿਕਲਿਆ ਹੈ। ਨਾਵਲੀ ਕਥਾ ਇੱਕ ਨੇਤਾ ਦੇ ਪਿੰਡ ਵਿੱਚ ਆ ਕੇ ਖੇਤੀ ਕਾਨੂੰਨਾਂ ਦੇ ਫ਼ਾਇਦੇ ਦੱਸਣ ਦੀ ਖ਼ਬਰ ਤੋਂ ਸ਼ੁਰੂ ਹੁੰਦੀ ਹੈ। ਸਿਰਫ਼ ਪੰਜਾਬ ਜਾਂ ਭਾਰਤ ਹੀ ਨਹੀਂ, ਪੂਰੇ ਵਿਸ਼ਵ ਨੂੰ ਕਿਸਾਨੀ ਅੰਦੋਲਨ ਨੇ ਪ੍ਰਭਾਵਿਤ ਕੀਤਾ ਸੀ। ਕਿਸਾਨੀ ਅੰਦੋਲਨ ਨੇ ਇਹ ਸਾਬਤ ਕਰ ਦਿੱਤਾ ਕਿ ਸ਼ਾਂਤਮਈ ਢੰਗ ਨਾਲ ਸਬਰ ਅਤੇ ਸੰਜਮ ਰੱਖ ਕੇ ਏਕਤਾ ਬਣੀ ਰਹੇ, ਨਿੱਜੀ ਹਿੱਤ ਹਾਵੀ ਨਾ ਹੋਣ ਤਾਂ ਕਿਸੇ ਵੀ ਸੱਤਾ ਦੀ ਹੈਂਕੜ ਦਾ ਕਿੱਲਾ ਪੁੱਟਿਆ ਜਾ ਸਕਦਾ ਹੈ ਤੇ ਔਖੀਆਂ ਤੋਂ ਔਖੀਆਂ ਘਾਟੀਆਂ ਸਰ ਕੀਤੀਆਂ ਜਾ ਸਕਦੀਆਂ ਹਨ।
ਕਿਸਾਨੀ ਅੰਦੋਲਨ ਦੇ ਨਾਲ-ਨਾਲ ਕਿਸਾਨੀ ਧੰਦੇ ਵਿੱਚ ਆ ਰਹੀ ਤਬਦੀਲੀ ਨੂੰ ਪਰਵਾਨਾ ਨੇ ਬਾਖ਼ੂਬੀ ਬਿਆਨ ਕੀਤਾ ਹੈ। ਹਰੀ ਕ੍ਰਾਂਤੀ ਦੇ ਮਸ਼ੀਨੀਕਰਨ ਨੇ ਕਿਰਤ ਵਿਹਲੀ ਕਰ ਦਿੱਤੀ। ਇਸ ਕਾਰਨ ਨਵੀਆਂ ਸਮੱਸਿਆਵਾਂ ਪੈਦਾ ਹੋ ਗਈਆਂ। ਕਿਸਾਨ ਵਿਹਲਾ ਹੋਣ ਦੇ ਬਾਵਜੂਦ ਹੱਥ ਵਿੱਚ ਦਾਤੀ ਫੜ ਕੇ ਵੀ ਪੱਕੇ ਝੋਨੇ ਦੀ ਵੱਟ ’ਤੇ ਖੜ੍ਹਾ ਕੰਬਾਈਨ ਦੇ ਆਉਣ ਨੂੰ ਉਡੀਕਦਾ ਹੈ। ਹੱਥੀਂ ਕਿਰਤ ਤਾਂ ਬੀਤੇ ਸਮੇਂ ਦਾ ਰੁਝਾਨ ਬਣ ਕੇ ਰਹਿ ਗਿਆ ਹੈ। ਮਸ਼ੀਨਰੀ ਨੇ ਸਾਰੇ ਵਿਹਲੇ ਕਰ ਦਿੱਤੇ। ਨਾਵਲ ਵਿੱਚ ਥਾਂ-ਪੁਰ-ਥਾਂ ਜ਼ਿਕਰ ਆਉਂਦਾ ਹੈ:
- ‘ਛੋਟੇ ਕਿਸਾਨਾਂ ਲਈ ਕੋਈ ਕੰਮ ਨਹੀਂ ਸੀ ਬਚਿਆ, ਜਿਨ੍ਹਾਂ ਕੋਲ ਮਸ਼ੀਨਰੀ ਨਹੀਂ ਪਾਣੀ ਦਾ ਆਪਣਾ ਸਾਧਨ ਨਹੀਂ। ... ਪਹਿਲਾਂ ਟਰੈਕਟਰ ਆਇਆ, ਉਸ ਨੇ ਹਲ ਛੁਡਾ ਦਿੱਤੇ। ਸਾਰਾ ਦਿਨ ਜੋਤਾ ਲਾਉਣ ਦੀ ਔਖ ਭਰੀ ਜ਼ਿੰਦਗੀ ਤੋਂ ਨਿਜਾਤ ਮਿਲ ਗਈ। ... ਮਨ ਦਾ ਦਖ਼ਲ ਕੰਮ ’ਚੋਂ ਗਾਇਬ। ਕਿਰਤ ਦੀ ਸਰੀਰਕ ਸਮਰੱਥਾ ਦੀ ਭੂਮਿਕਾ ਵੀ ਹਾਸ਼ੀਏ ’ਤੇ ਧੱਕੀ ਗਈ। ..., ਟਰੈਕਟਰ ਨਾਲ ਆਈ ਟਰਾਲੀ ਨੇ ਗੱਡਿਆਂ, ਰੇਹੜਿਆਂ ਦਾ ਯੁੱਗ ਖ਼ਤਮ ਕਰ ਦਿੱਤਾ। ਹਰ ਪਿੰਡ ਦੇ ਪੰਜ-ਪੰਜ, ਦਸ-ਦਸ ਪਰਿਵਾਰਾਂ ਦਾ ਰੁਜ਼ਗਾਰ ਹੀ ਖ਼ਤਮ ਨਹੀਂ ਸੀ ਕੀਤਾ, ਇੱਕ ਜੀਵਨ ਧਾਰਾ ਨੂੰ ਵੀ ਖ਼ਤਮ ਕਰ ਦਿੱਤਾ ਸੀ।’ ਕਿਸਾਨੀ ਅੰਦੋਲਨ ਕਿਸਾਨਾਂ ਤੱਕ ਸੀਮਤ ਨਾ ਰਹਿ ਕੇ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਨਾਟਕਕਾਰਾਂ ਤੇ ਗੀਤਕਾਰਾਂ ਦਾ ਅੰਦੋਲਨ ਬਣ ਗਿਆ। ਔਰਤਾਂ ਦੀ ਸ਼ਮੂਲੀਅਤ ਨੇ ਇਸ ਨੂੰ ਹੋਰ ਤਾਕਤ ਬਖ਼ਸ਼ੀ। ਦਿੱਲੀ ਦੇ ਬਾਰਡਰਾਂ ਉਪਰ ਤਾਂ ਅੰਦੋਲਨ ਨਾਲ ਜੁੜੇ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਉਤਸ਼ਾਹ ਦੇ ਨਾਲ ਰੋਹ ਵੀ।
- ਸਰਕਾਰ ਦੀ ਚੁੱਪ-ਸਾਜ਼ਿਸ਼ ਉਨ੍ਹਾਂ ’ਚ ਰੋਹ ਭਰ ਰਹੀ ਸੀ। ‘ਚੱਲਣ ਦਿਓ, ਜਿੱਥੋਂ ਤੱਕ ਚਲਦਾ। ਜੱਟ ਤਾਂ ਵੱਟ ਤੋਂ ਕਤਲ ਕਰ ਦਿੰਦਾ, ਇਨ੍ਹਾਂ ਨੇ ਸਾਡੀਆਂ ਜ਼ਮੀਨਾਂ ਨੂੰ ਹੱਥ ਪਾ ਲਿਆ। ਇਹ ਨੀ ਹੋਣ ਦਿੰਦੇ, ਮਰਨੀ ਮਰ ਜਾਈਏ।’
ਕਥਾ ਨੂੰ ਰੌਚਿਕ ਬਣਾਉਣ ਲਈ ਪਾਤਰ ਜੈਸਮੀਨ, ਰਜਨੀਬਾਲਾ, ਤਰੁਣ, ਮਨੀਸ਼ਾ, ਅਭਿਸ਼ੇਕ, ਅਸ਼ੋਕ, ਡਾ. ਰਵਿੰਦਰ, ਮਾਲਤੀ ਸ਼ਰਮਾ, ਭਾਵੇਂ ਕੋਈ ਸਰਗਰਮ ਭੂਮਿਕਾ ਨਹੀਂ ਨਿਭਾਉਂਦੇ, ਉਨ੍ਹਾਂ ਨਾਲ ਅਤੀਤ ਦੀਆਂ ਯਾਦਾਂ ਜੁੜੀਆਂ ਹੋਣ ਕਾਰਨ ਵਰਤਮਾਨ ਦੇ ਬੋਝਲ ਮਾਹੌਲ ਨੂੰ ਸਹਿਜ ਬਣਾਉਣ ਲਈ ਵਰਤੋਂ ਅੱਖਰਦੀ ਨਹੀਂ ਹੈ। ਸਿਮਰ, ਮਨਿੰਦਰ ਅਤੇ ਕਸ਼ਮੀਰ ਦੀ ਤਿਕੋਣੀ ਅਤੇ ਕੁਝ-ਕੁਝ ਰੁਮਾਂਚਿਕ ਛੁਹ ਵੀ ਕਥਾ ਨੂੰ ਪੜ੍ਹਨ ਯੋਗ ਬਣਾਉਂਦੀ ਹੈ।
ਇਕ ਸਮਾਂ ਸੀ ਜਦ ਪਿੰਡਾਂ ਦਾ ਸ਼ਹਿਰਾਂ ਵੱਲ ਰੁਝਾਨ ਸੀ, ਪਰ ਹੁਣ ਸ਼ਹਿਰ ਪਿੰਡਾਂ ਵੱਲ ਤੁਰ ਪਏ ਹਨ। ਪਿੰਡਾਂ ਦੇ ਅੱਡੇ, ਚੌਰਸਤੇ ਸ਼ਹਿਰ ਦੇ ਬਾਜ਼ਾਰਾਂ ਦਾ ਭੁਲੇਖਾ ਪਾਉਣ ਲੱਗੇ ਹਨ। ਦਿੱਲੀ ਦੇ ਬਾਰਡਰਾਂ ਉਪਰ ਜੁੜਿਆ ਇਕੱਠ ਚੇਤਨਾ ਦਾ ਨਵਾਂ ਛੱਟਾ ਵੀ ਦੇ ਰਿਹਾ ਸੀ। ਪਿੰਡਾਂ ਦੇ ਕਿਸਾਨਾਂ ਦੀ ਸੋਚ ਦਾ ਪੱਧਰ ਉੱਚਾ ਹੋ ਰਿਹਾ ਸੀ। ਉਹ ਪੂੰਜੀਵਾਦੀਆਂ ਦੇ ਅਸਲ ਕਿਰਦਾਰ ਨੂੰ ਪਛਾਣਨ ਲੱਗ ਪਏ ਸਨ। ਅੰਦੋਲਨ ਦੀ ਜਿੱਤ ਨੇ ਉਨ੍ਹਾਂ ਨੂੰ ਠੱਗ ਪਾਰਟੀਆਂ ਦੇ ਕਿਰਦਾਰ ਨੂੰ ਪਛਾਣਨ ਦੀ ਸੋਝੀ ਦਿੱਤੀ। ਪਰ ਖੇਤੀ ਕਾਨੂੰਨ ਰੱਦ ਹੋਣ ਨੇ ਕੁਝ ਕਿਸਾਨ ਆਗੂਆਂ ਦੀਆਂ ਲਾਲਸਾਵਾਂ ਵਧਾ ਦਿੱਤੀਆਂ।
- ‘ਕਈਆਂ ਨੂੰ ਇਹ ਸੱਤਾ ਵੱਲ ਜਾਂਦਾ ਰਾਹ ਦਿਸਣ ਲੱਗਾ। ਜਿੱਤੀ ਹੋਈ ਬਾਜ਼ੀ ਪਲਟ ਗਈ ਲਗਦੀ ਹੈ ਹੁਣ ਤਾਂ...।’
ਸੱਚ ਹੀ ਚੋਣਾਂ ਲੜਨ ਦੇ ਫ਼ੈਸਲੇ ਨੇ ਕਿਸਾਨ ਅੰਦੋਲਨ ਦੀ ਫ਼ਤਹਿ ਨੂੰ ਬਹੁਤ ਢਾਹ ਲਾਈ।
ਨਾਵਲ ਦੀ ਕਥਾ ਵਿੱਚ ਡਾ. ਰਵਿੰਦਰ ਦੇ ਕਿਰਦਾਰ ਦੀ ਵਰਤੋਂ ਵਾਲੀ ਵਿਧੀ ਪਰਵਾਨਾ ਨੇ ਆਪਣੇ ਹੋਰ ਨਾਵਲਾਂ ਵਿੱਚ ਵੀ ਅਪਣਾਈ ਹੈ। ਇੱਕ ਅਜਿਹਾ ਕਿਰਦਾਰ ਘੜੋ ਜਿਹੜਾ ਜੀਨੀਅਸ ਹੋਵੇ। ਉਸ ਨੂੰ ਸਰਗਰਮ ਭੂਮਿਕਾ ਵਿੱਚੋਂ ਅਲੋਪ ਕਰ ਦਿਓ। ਫਿਰ ਉਸ ਰਾਹੀਂ ਸਮੇਂ-ਸਮੇਂ ਲਏ ਨੋਟ, ਟਿੱਪਣੀਆਂ, ਸਿਆਣਪਾਂ ਅਖਵਾਉਂਦੇ ਰਹੋ। ਕਥਾ ਵਿੱਚ ਖ਼ੁਦ ਦਖ਼ਲ ਦੇਣ ਦੀ ਥਾਂ ਉਸ ਕਿਰਦਾਰ ਨੂੰ ਅੱਗੇ ਕਰ ਦਿਓ। ਪਰਵਾਨਾ ਨੇ ਇਸ ਵਿਧਾ ਨੂੰ ਖ਼ੂਬ ਵਰਤਿਆ ਹੈ।
ਲਹਿਰਾਂ ਵਿੱਚੋਂ ਉਪਜੇ ਨਾਵਲਾਂ ਬਾਰੇ ਵਿਦਵਾਨਾਂ ਦੀ ਵੱਖ-ਵੱਖ ਰਾਇ ਹੈ। ‘ਟਰਾਲੀ ਯੁੱਗ’ ਵੀ ਕਿਸਾਨ ਅੰਦੋਲਨ ਦੀ ਉਪਜ ਹੈ। ਨਾਵਲ ਨੂੰ ਰੌਚਿਕ ਬਣਾਉਣ ਲਈ ਲੇਖਕ ਨੇ ਉਚੇਚੇ ਯਤਨ ਕੀਤੇ ਹਨ। ਪਾਠਕਾਂ ਲਈ ਨਾਵਲ ਵਿੱਚ ਬੜਾ ਕੁਝ ਹੈ।
ਸੰਪਰਕ: 98147-53069