ਕਿਸਾਨਾਂ ਵੱਲੋਂ ਡੱਲੇਵਾਲ ਦੇ ਹੱਕ ਵਿੱਚ ਰੇਲਾਂ ਦਾ ਚੱਕਾ ਜਾਮ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 18 ਦਸੰਬਰ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮੁਹਾਲੀ ਵਿੱਚ ਰੋਸ ਪ੍ਰਦਰਸ਼ਨ ਕਰਕੇ ਸਮੇਂ ਦੀਆਂ ਸਰਕਾਰਾਂ ਨੂੰ ਕੋਸਦੇ ਹੋਏ ਹੁਕਮਰਾਨਾਂ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ। ਮੁਹਾਲੀ ਰੇਲਵੇ ਸਟੇਸ਼ਨ ’ਤੇ ਕਿਸਾਨ ਅਤੇ ਬੀਬੀਆਂ ਨੇ ਰੇਲ ਪਟੜੀ ’ਤੇ ਬੈਠ ਕੇ ਤਿੰਨ ਘੰਟੇ ਰੇਲਾਂ ਦਾ ਪਹੀਆ ਜਾਮ ਕੀਤਾ। ਇਸ ਦੌਰਾਨ ਕੋਈ ਰੇਲ ਨਹੀਂ ਚੱਲਣ ਦਿੱਤੀ, ਜਿਸ ਕਾਰਨ ਰੇਲਵੇ ਸਟੇਸ਼ਨ ’ਤੇ ਸੰਨਾਟਾ ਰਿਹਾ। ਮੁਹਾਲੀ ਪ੍ਰਸ਼ਾਸਨ ਵੱਲੋਂ ਐੱਸਪੀ(ਡੀ) ਡਾ. ਜਯੋਤੀ ਯਾਦਵ ਅਤੇ ਡੀਐੱਸਪੀ (ਸਪੈਸ਼ਲ ਸੈੱਲ) ਗੁਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਕਿਸਾਨਾਂ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ 23 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ ਪਰ ਸਰਕਾਰਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ।
ਸੰਯੁਕਤ ਕਿਸਾਨ ਮੋਰਚਾ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਗੈਰਜ਼ਿੰਮੇਵਾਰ ਰਵੱਈਏ ਖ਼ਿਲਾਫ਼ 23 ਦਸੰਬਰ ਨੂੰ ਦੇਸ਼ ਭਰ ਵਿੱਚ ਸਮੂਹ ਜ਼ਿਲ੍ਹਿਆਂ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਜਾਣਗੇ। ਇਸ ਸਬੰਧੀ 20 ਦਸੰਬਰ ਨੂੰ ਮੀਟਿੰਗ ਕਰਕੇ ਕਿਸਾਨਾਂ ਦੀ ਲਾਮਬੰਦੀ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ (ਪੁਆਧ) ਦੇ ਸੂਬਾ ਪ੍ਰਧਾਨ ਤਰਲੋਚਨ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵਖਰੇਵੇਂ ਹੋ ਸਕਦੇ ਹਨ ਪਰ ਕਿਸਾਨੀ ਮੰਗਾਂ ਅਤੇ ਸੰਘਰਸ਼ ਸਬੰਧੀ ਸਾਰੇ ਇੱਕਜੁੱਟ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਜਾਣਬੁੱਝ ਕੇ ਕਿਸਾਨ ਜਥੇਬੰਦੀਆਂ ਵਿੱਚ ਦਰਾੜ ਪੈਣ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨ ਲਈ ਸਾਰੀਆਂ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠੇ ਹੋਣਾ ਚਾਹੀਦਾ ਹੈ। ਇਸ ਮੌਕੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭਾਗੋਮਾਜਰਾ, ਨਰਿੰਦਰ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ ਅਤੇ ਜਗੀਰ ਸਿੰਘ ਕੰਬਾਲਾ ਨੇ ਧਰਨੇ ਨੂੰ ਸੰਬੋਧਨ ਕੀਤਾ।
ਲਾਲੜੂ (ਸਰਬਜੀਤ ਸਿੰਘ ਭੱਟੀ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਕਿਸਾਨੀ ਹੱਕੀ ਮੰਗਾਂ ਨੂੰ ਲੈ ਕੇ 23 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿੱਚ ਅੱਜ ਲਾਲੜੂ ਨੇੜੇ ਸਰਸੀਣੀ ਵਿੱਚ 12 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਬਸੀ ਪਠਾਣਾਂ (ਅਜੇ ਮਲਹੋਤਰਾ): ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਜੱਥੇਬੰਦੀ ਵੱਲੋਂ ਅੱਜ ਗੁਰਦੀਪ ਸਿੰਘ ਕੋਟਲਾ ਦੀ ਅਗਵਾਈ ਹੇਠ ਬਸੀ ਪਠਾਣਾਂ ਵਿੱਚ ਸਰਹਿੰਦ-ਨੰਗਲ ਰੇਲ ਮਾਰਗ ਨੂੰ ਰੋਕ ਕੇ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਿਰ ਕੀਤਾ| ਬਸੀ ਪਠਾਣਾਂ ਵਿੱਚ ਦਿਨ ਦੇ 12 ਵਜੇ ਤੋਂ 3 ਵਜੇ ਤੱਕ ਰੇਲ ਦਾ ਚੱਕਾ ਜਾਮ ਕਰਦਿਆਂ ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਵਾਅਦਾਖਿਲਾਫੀ ਦੇ ਦੋਸ਼ ਲਗਾਏ। ਇਸ ਦੌਰਾਨ ਰੇਲਵੇ ਪੁਲੀਸ ਅਤੇ ਹੋਰ ਸੁਰੱਖਿਆ ਕਰਮੀ ਵੀ ਵੱਡੇ ਪੱਧਰ ’ਤੇ ਤੈਨਾਤ ਸਨ। ਕਿਸਾਨ ਆਗੂ ਗੁਰਦੀਪ ਸਿੰਘ ਕੋਟਲਾ, ਹਰਦੀਪ ਸਿੰਘ ਬਾਜਵਾ, ਅਮਰਜੀਤ ਸਿੰਘ ਮੈੜਾਂ, ਹਰਨੇਕ ਸਿੰਘ ਭਾਮੀਆਂ, ਸਕੱਤਰ ਜੋਰਾ ਸਿੰਘ, ਗੁਰਬਖਸ਼ ਸਿੰਘ ਫ਼ਤਹਿਪੁਰ ਅਰਾਈਆਂ ਅਤੇ ਮੀਤ ਪ੍ਰਧਾਨ ਉਤਮ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ’ਤੇ ਸਾਰਥਕ ਪਹਿਲ ਨਹੀਂ ਕਰਦੀ, ਅਜਿਹੇ ਸੰਘਰਸ਼ ਜਾਰੀ ਰਹਿਣਗੇ।
ਖਰੜ (ਸ਼ਸ਼ੀ ਪਾਲ ਜੈਨ): ਕਿਸਾਨੀ ਮੰਗਾਂ ਦੇ ਹੱਕ ਵਿਚ ਅਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿਚ ਅੱਜ ਖਰੜ ਦੇ ਰੇਲਵੇ ਸਟੇਸ਼ਨ ’ਤੇ ਕਿਸਾਨ ਆਗੂਆਂ ਵਲੋਂ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਮੇਹਰ ਸਿੰਘ ਥੇੜੀ ਅਤੇ ਜਸਪਾਲ ਸਿੰਘ ਨਿਆਮੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਡੱਲੇਵਾਲ ਦਾ ਮਰਨ ਵਰਤ 23ਵੇਂ ਦਿਨ ਵਿੱਚ ਪਹੁੰਚ ਗਿਆ ਪਰ ਨਾ ਤਾਂ ਪੰਜਾਬ ਸਰਕਾਰ ਦੇ ਅਤੇ ਨਾ ਹੀ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰ ਸਰਕੀ।
ਅੰਬਾਲਾ ਰੇਲਵੇ ਡਵੀਜ਼ਨ ’ਚ 21 ਗੱਡੀਆਂ ਪ੍ਰਭਾਵਿਤ
ਅੰਬਾਲਾ (ਰਤਨ ਸਿੰਘ ਢਿੱਲੋਂ): ਪੰਜਾਬ ਵਿੱਚ ਅੱਜ ਕਿਸਾਨਾਂ ਵੱਲੋਂ ਰੇਲ ਰੋਕੋ ਪ੍ਰਦਰਸ਼ਨ ਦਾ ਅਸਰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਦੇਖਣ ਨੂੰ ਮਿਲਿਆ। ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ ਦੇ ਚਲਦਿਆਂ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਿਚ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਤਿੰਨਾਂ ਘੰਟਿਆਂ ਦੌਰਾਨ ਯਾਤਰੀਆਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਉੱਤਰੀ ਰੇਲਵੇ ਅੰਬਾਲਾ ਡਵੀਜ਼ਨ ਵੱਲੋਂ ਯਾਤਰੀਆਂ ਦੀ ਸਹਾਇਤਾ/ਪੁੱਛ ਪੜਤਾਲ ਲਈ ਇੱਕ ਕਾਊਂਟਰ ਕਾਇਮ ਕੀਤਾ ਗਿਆ ਸੀ, ਜਿਸ ਤੋਂ ਯਾਤਰੀ ਗੱਡੀਆਂ ਬਾਰੇ ਜਾਣਕਾਰੀ ਲੈ ਸਕਦੇ ਸਨ। ਰੇਲਵੇ ਸਟੇਸ਼ਨ ’ਤੇ ਬੈਠੇ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਪੰਜਾਬ, ਬਿਹਾਰ ਵੱਲ ਜਾਣਾ ਹੈ ਪਰ ਇੱਥੋਂ ਦਾ ਟਿਕਟ ਕਾਊਂਟਰ ਹੀ ਬੰਦ ਕਰ ਦਿੱਤਾ ਗਿਆ ਹੈ। ਉੱਤਰ ਰੇਲਵੇ ਦੇ ਡੀਆਰਐੱਮ ਅੰਬਾਲਾ ਦਫ਼ਤਰ ਵੱਲੋਂ ਜਾਰੀ ਸੂਚਨਾ ਅਨੁਸਾਰ ਅੰਬਾਲਾ ਰੇਲਵੇ ਡਵੀਜ਼ਨ ਤਹਿਤ ਵੱਖ ਵੱਖ 22 ਥਾਵਾਂ ’ਤੇ ਕਿਸਾਨ ਰੇਲਵੇ ਲਾਈਨਾਂ ’ਤੇ ਧਰਨਾ ਮਾਰ ਕੇ ਬੈਠੇ, ਜਦੋਂ ਕਿ ਇਸ ਅੰਦੋਲਨ ਕਾਰਨ ਅੰਬਾਲਾ ਡਿਵੀਜ਼ਨ ਵਿਚ 21 ਗੱਡੀਆਂ ਵੱਖ ਵੱਖ ਰੇਲਵੇ ਸਟੇਸ਼ਨਾਂ ’ਤੇ ਰੋਕੀਆਂ ਗਈਆਂ।
ਲੋਕ ਹਿੱਤ ਮਿਸ਼ਨ ਵੱਲੋਂ ਧਰਨਾ
ਕੁਰਾਲੀ (ਮਿਹਰ ਸਿੰਘ): ਕਿਸਾਨੀ ਸੰਘਰਸ਼ ਦੇ ਹੱਕ ’ਚ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਅੱਜ ਸਥਾਨਕ ਰੇਲਵੇ ਸਟੇਸ਼ਨ ’ਤੇ ਰੇਲਾਂ ਰੋਕ ਕੇ ਧਰਨਾ ਦਿੱਤਾ ਗਿਆ। ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਹਰਮਨ, ਪਰਮਜੀਤ ਸਿੰਘ ਪੰਮੀ ਮਾਵੀ, ਰਵਿੰਦਰ ਸਿੰਘ ਹੁਸ਼ਿਆਰਪੁਰ, ਗੁਰਦੇਵ ਸਿੰਘ ਕੁਬਾਹੇੜੀ ਤੇ ਰਾਮ ਸਿੰਘ ਅਭੀਪੁਰ ਸਮੇਤ ਕਿਸਾਨ ਯੂਨੀਅਨ ਰਾਜੇਵਾਲ ਦੇ ਅਮਰਜੀਤ ਸਿੰਘ ਪਡਿਆਲਾ ਤੇ ਕਿਸਾਨ ਯੂਨੀਅਨ ਖੋਸਾ ਦੇ ਦੀਦਾਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ’ਚ ਹਰ ਯੋਗਦਾਨ ਪਾਉਣ ਦਾ ਐਲਾਨ ਕੀਤਾ।