ਕਿਸਾਨਾਂ ਨੇ ਨੋਡਲ ਅਫ਼ਸਰ ਤੋਂ ਪਰਾਲੀ ਨੂੰ ਅੱਗ ਲਵਾਈ
ਮਨੋਜ ਸ਼ਰਮਾ/ਜੋਗਿੰਦਰ ਸਿੰਘ ਮਾਨ
ਬਠਿੰਡਾ/ਮਾਨਸਾ, 4 ਨਵੰਬਰ
ਪੰਜਾਬ ਦੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਨੇ ਪਰਾਲੀ ਸਾੜਨ ਤੋਂ ਰੋਕਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਤੇ ਉਨ੍ਹਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕੀਤਾ। ਇਹ ਘਟਨਾਵਾਂ ਬਠਿੰਡਾ ਦੇ ਪਿੰਡ ਨੇਹੀਆਂਵਾਲਾ-ਮਹਿਮਾ ਸਰਜਾ ਅਤੇ ਮਾਨਸਾ ਦੇ ਪਿੰਡ ਬਰਨਾਲਾ ਵਿੱਚ ਵਾਪਰੀਆਂ ਹਨ। ਉੱਧਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ’ਤੇ ਪੁਲੀਸ ਨੇ ਇਸ ਸਬੰਧੀ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਨੇਹੀਆਂਵਾਲਾ-ਮਹਿਮਾ ਸਰਜਾ ਦੀ ਹੱਦ ’ਤੇ ਕਿਸਾਨਾਂ ਨੇ ਪਰਾਲੀ ਸਾੜਨ ਤੋਂ ਰੋਕਣ ਆਏ ਉੱਡਣ ਦਸਤੇ ਦੇ ਮੈਂਬਰਾਂ ਦਾ ਘਿਰਾਓ ਕਰਦਿਆਂ ਨੋਡਲ ਅਫਸਰ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਲਈ ਮਜਬੂਰ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਨੇਹੀਆਂਵਾਲਾ ਥਾਣੇ ਵਿੱਚ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉੱਧਰ, ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਨਾ ਦੇ ਹੁਕਮਾਂ ’ਤੇ ਥਾਣਾ ਨੇਹੀਆਂਵਾਲਾ ਅਤੇ ਨਥਾਣਾ ਪੁਲੀਸ ਦੀਆਂ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਇਸ ਦੌਰਾਨ ਕਈ ਕਿਸਾਨ ਆਗੂ ਰੂਪੋਸ਼ ਹੋ ਗਏ ਹਨ। ਘਟਨਾ ਸ਼ੁੱਕਰਵਾਰ ਸ਼ਾਮ 3.45 ਵਜੇ ਦੀ ਹੈ। ਨੇਹੀਆਂਵਾਲਾ ਦੇ ਦੋ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਕਾਰਕੁਨਾਂ ਨੂੰ ਲੈ ਕੇ ਉਨ੍ਹਾਂ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਆਏ ਉੱਡਣ ਦਸਤੇ ਦੇ ਮੈਂਬਰਾਂ ਦਾ ਘਿਰਾਓ ਕੀਤਾ।
ਇਸ ਘਟਨਾ ਦੀ ਵੀਡੀਓ ਵਿੱਚ ਪੀਡਬਲਿਊਡੀ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੂੰ ਵਾਰ-ਵਾਰ ਕਿਸਾਨਾਂ ਦੇ ਮਿੰਨਤਾਂ-ਤਰਲੇ ਕਰਦੇ ਦੇਖਿਆ ਜਾ ਸਕਦਾ ਹੈ ਜਦਕਿ ਕਿਸਾਨ ਆਗੂ ਉਸ ਨੂੰ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਕਰ ਰਹੇ ਹਨ। ਇਹ ਘਟਨਾ ਅੱਜ ਸਾਹਮਣੇ ਆਉਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ । ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਘਟਨਾ ਸਥਾਨ ਸਣੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਉਨ੍ਹਾਂ ਘਟਨਾ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ।
ਉਧਰ, ਪੁਲੀਸ ਨੇ ਥਾਣਾ ਨੇਹੀਆਂਵਾਲਾ ਵਿੱਚ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਭੁੱਚੋ ਦੇ ਡੀਐੱਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਪੀਡਬਲਿਊਡੀ ਦੇ ਅਧਿਕਾਰੀ ਹਰਪ੍ਰੀਤ ਸਾਗਰ ਦੀ ਸ਼ਿਕਾਇਤ ’ਤੇ ਥਾਣਾ ਨੇਹੀਆਂਵਾਲਾ ਵਿੱਚ ਕਿਸਾਨ ਰਾਮ ਸਿੰਘ, ਬੀਕੇਯੂ ਸਿੱਧੂਪੁਰ ਦੇ ਆਗੂ ਗੁਰਮੀਤ ਸਿੰਘ, ਸੁਰਜੀਤ ਸਿੰਘ, ਦਾਰਾ ਸਿੰਘ ਪੰਚ, ਮਾਸਟਰ ਬਚਿੱਤਰ ਸਿੰਘ, ਹਰਸ਼ਦੀਪ ਸਿੰਘ, ਸ਼ਿਵਰਾਜ ਸਿੰਘ ਉਰਫ਼ ਟਾਂਡੇ ਭੰਨ੍ਹ ਸਾਰੇ ਵਸਨੀਕ ਨੇਹੀਆਂਵਾਲਾ ਅਤੇ ਦੋ ਹਰਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਤਿ ਕੇਸ ਦਰਜ ਕੀਤਾ ਗਿਆ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦਾ ਵਫ਼ਦ ਅੱਜ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਕੁਲਵੰਤ ਸਿੰਘ ਨੇਹੀਆਂਵਾਲਾ ਦੀ ਅਗਵਾਈ ਹੇਠ ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਪਰੇ ਨੂੰ ਮਿਲਿਆ ਅਤੇ ਕਿਸਾਨਾਂ ਵੱਲੋਂ ਕੀਤੇ ਦੁਰਵਿਵਹਾਰ ਲਈ ਨੋਡਲ ਅਫਸਰ ਕੋਲੋਂ ਮੁਆਫ਼ੀ ਮੰਗੀ। ਸਿੱਧੂਪੁਰ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਆਂਵਾਲਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਿੰਡ ਵਿੱਚ ਉਨ੍ਹਾਂ ਦੇ ਪਤਿਾ ਦੇ ਭੋਗ ਸਬੰਧੀ ਸਮਾਗਮ ਵਿੱਚ ਸ਼ਾਮਲ ਹੋਣ ਆਏ ਕਿਸਾਨ ਆਗੂਆਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਗਲਤੀ ਲਈ ਉਨ੍ਹਾਂ ਵੱਲੋਂ ਡੀਸੀ ਅਤੇ ਨੋਡਲ ਅਫ਼ਸਰ ਕੋਲੋਂ ਮੁਆਫ਼ੀ ਮੰਗੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਬੇਲਰਾਂ ਦੀ ਘਾਟ ਪੂਰੀ ਕੀਤੀ ਜਾਵੇ।
ਇਸੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਬਰਨਾਲਾ ਪਿੰਡ ਵਿੱਚ ਝੋਨੇ ਦੀ ਪਰਾਲੀ ਫੂਕਣ ਤੋਂ ਰੋਕਣ ਆਏ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਬੰਦੀ ਬਣਾ ਲਿਆ ਗਿਆ। ਅਧਿਕਾਰੀਆਂ ਨੂੰ ਤੂੜੀ ਵਾਲੇ ਕੋਠੇ ਨੇੜੇ ਬੰਦੀ ਬਣਾ ਕੇ ਬਿਠਾਇਆ ਗਿਆ। ਉਨ੍ਹਾਂ ਨੂੰ ਦੋ ਘੰਟਿਆਂ ਬਾਅਦ ਮਾਨਸਾ ਦੇ ਨਾਇਬ ਤਹਿਸੀਲਦਾਰ ਸੁਖਦੇਵ ਸਿੰਘ ਨੇ ਕਿਸਾਨ ਆਗੂਆਂ ਨੂੰ ਬੇਲਰ ਭੇਜਣ ਦਾ ਭਰੋਸਾ ਦਿਵਾ ਕੇ ਰਿਹਾਅ ਕਰਵਾਇਆ। ਅਧਿਕਾਰੀਆਂ ਨੂੰ ਬੰਦੀ ਬਣਾਉਣ ਸਬੰਧੀ ਜਾਣਕਾਰੀ ਕਿਸਾਨ ਜਥੇਬੰਦੀ ਦੇ ਆਗੂ ਜਗਸੀਰ ਸਿੰਘ ਜਵਾਹਰਕੇ ਅਤੇ ਭਾਨ ਸਿੰਘ ਬਰਨਾਲਾ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੰਦੀ ਬਣਾਏ ਅਧਿਕਾਰੀਆਂ ਵਿੱਚ ਖੇਤੀ ਵਿਭਾਗ ਦਾ ਇੰਜਨੀਅਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦੋ ਐੱਸਡੀਓ ਪੱਧਰ ਦੇ ਅਧਿਕਾਰੀ ਸ਼ਾਮਲ ਸਨ।
ਜਥੇਬੰਦੀ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਉਸ ਵੇਲੇ ਬੰਦੀ ਬਣਾਇਆ ਗਿਆ, ਜਦੋਂ ਉਹ ਮਾਨਸਾ ਨੇੜਲੇ ਪਿੰਡ ਬਰਨਾਲਾ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾ ਰਹੇ ਕਿਸਾਨਾਂ ਖਿਲਾਫ਼ ਕਾਰਵਾਈ ਕਰਨ ਲਈ ਆਏ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਗੱਠਾਂ ਬਣਾਉਣ ਵਾਲੇ ਬੇਲਰ ਨਹੀਂ ਭੇਜ ਰਹੀ ਹੈ, ਜਿਸ ਕਰਕੇ ਕਿਸਾਨ ਅੱਗਾਂ ਲਾਉਣ ਲਈ ਮਜਬੂਰ ਹਨ।
ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਕਾਰਵਾਈ ਅਣਮਨੁੱਖੀ ਕਰਾਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਜ਼ਿਲ੍ਹੇ ਦੇ ਨੇਹੀਆਂਵਾਲਾ ਪਿੰਡ ਵਿੱਚ ਨੋਡਲ ਅਫਸਰ ਨੂੰ ਪਰਾਲੀ ਸਾੜਨ ਲਈ ਮਜਬੂਰ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਸ੍ਰੀ ਮਾਨ ਨੇ ਘਟਨਾ ਦੀ ਨਿਖੇਧੀ ਕਰਦਿਆਂ ਇਸ ਨੂੰ ਸੂਬੇ ਦੇ ਲੋਕਾਂ ਖ਼ਿਲਾਫ਼ ਅਣਮਨੁੱਖੀ ਕਾਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੂਕ ਦਰਸ਼ਕ ਨਹੀਂ ਬਣ ਸਕਦੀ ਅਤੇ ਨਾ ਹੀ ਅਰਾਜਕਤਾ ਫੈਲਾਉਣ ਦੀ ਇਜਾਜ਼ਤ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬੁਜ਼ਦਿਲੀ ਵਾਲੀ ਕਾਰਵਾਈ ਕਰਕੇ ਇਹ ਲੋਕ ਆਪਣੇ ਹੀ ਬੱਚਿਆਂ ਦਾ ਜੀਵਨ ਬਰਬਾਦ ਕਰਨ ਦੇ ਰਾਹ ’ਤੇ ਤੁਰੇ ਹੋਏ ਹਨ। ਇਨ੍ਹਾਂ ਖੇਤਾਂ ਦਾ ਧੂੰਆਂ ਬੱਚਿਆਂ ਦਾ ਦਮ ਘੁੱਟੇਗਾ। ਮੁੱਖ ਮੰਤਰੀ ਨੇ ਪੁਲੀਸ ਨੂੰ ਇਸ ਘਟਨਾ ’ਚ ਸ਼ਾਮਲ ਲੋਕਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ ਅਤੇ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।