ਕਿਸਾਨਾਂ ਨੂੰ ਰੋਕਣ ਲਈ ਪੁਲੀਸ ਛਾਉਣੀ ਬਣਿਆ ਬਨੂੜ ਬੈਰੀਅਰ
ਕਰਮਜੀਤ ਸਿੰਘ ਚਿੱਲਾ
ਬਨੂੜ, 6 ਮਈ
ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਅੱਜ ਸ਼ੰਭੂ ਥਾਣੇ ਦੇ ਘਿਰਾਓ ਦੇ ਸੱਦੇ ਤਹਿਤ ਕਿਸਾਨਾਂ ਨੂੰ ਸ਼ੰਭੂ-ਤੇਪਲਾ ਵੱਲ ਜਾਣ ਤੋਂ ਰੋਕਣ ਲਈ ਪੁਲੀਸ ਵੱਲੋਂ ਬਨੂੜ ਬੈਰੀਅਰ ਉੱਤੇ ਸਾਰਾ ਦਿਨ ਨਾਕੇਬੰਦੀ ਕੀਤੀ ਗਈ। ਨਾਕੇ ਉੱਤੇ ਐਸਪੀ ਟਰੈਫ਼ਿਕ ਪਟਿਆਲਾ ਕ੍ਰਿਸ਼ਨ ਕੁਮਾਰ ਪੈਂਥੇ, ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਅਤੇ ਟਰੈਫ਼ਿਕ ਪੁਲੀਸ ਬਨੂੜ ਦੇ ਇੰਚਾਰਜ ਮਨਜੀਤ ਸਿੰਘ ਦੀ ਅਗਵਾਈ ਹੇਠ ਤਾਇਨਾਤ 100 ਤੋਂ ਵੱਧ ਪੁਲੀਸ ਕਰਮਚਾਰੀ ਇੱਥੋਂ ਤੇਪਲਾ-ਸ਼ੰਭੂ ਵੱਲ ਜਾਣ ਵਾਲੇ ਹਰ ਵਾਹਨ ਦੀ ਤਲਾਸ਼ੀ ਲੈਂਦੇ ਰਹੇ।
ਪੁਲੀਸ ਵੱਲੋਂ ਕੀਤੀ ਸਖ਼ਤ ਨਾਕਾਬੰਦੀ ਦੇ ਨਾਲ ਨਾਲ ਇੱਥੇ ਅੱਧੀ ਦਰਜਨ ਤੋਂ ਵੱਧ ਮਿੱਟੀ ਨਾਲ ਭਰੇ ਹੋਏ ਟਿੱਪਰ ਅਤੇ ਕੰਟੇਨਰ ਵੀ ਖੜ੍ਹਾਏ ਹੋਏ ਸਨ ਤਾਂ ਕਿ ਕਿਸਾਨਾਂ ਦਾ ਰਾਹ ਰੋਕਿਆ ਜਾ ਸਕੇ। ਪੁਲੀਸ ਦੀ ਸਖ਼ਤੀ ਕਾਰਨ ਇਸ ਨਾਕੇ ਤੋਂ ਕੋਈ ਵੀ ਧਰਨਾਕਾਰੀ ਕਿਸਾਨ ਸ਼ੰਭੂ ਵੱਲ ਨਾ ਜਾ ਸਕਿਆ। ਇਸ ਖੇਤਰ ਦੇ ਕੱਲ ਤੋਂ ਰੂਪੋਸ਼ ਹੋਏ ਕਿਸਾਨ ਜਥੇਬੰਦੀਆਂ ਦੇ ਕੁੱਝ ਆਗੂ ਹਰਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਪਹੁੰਚਣ ਵਿਚ ਸਫ਼ਲ ਤਾਂ ਹੋ ਗਏ ਪਰ ਉਨ੍ਹਾਂ ਵਿੱਚੋਂ ਕੋਈ ਵੀ ਸ਼ੰਭੂ ਨਹੀਂ ਪਹੁੰਚ ਸਕਿਆ।
ਨਾਕੇ ਉੱਤੇ ਮੌਜੂਦ ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਅਤੇ ਪੁਲੀਸ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਉੱਤੇ ਬਨੂੜ ਬੈਰੀਅਰ ਤੇ ਵਿਸ਼ੇਸ਼ ਨਾਕਾ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੋਈ ਵੀ ਕਿਸਾਨ ਆਗੂ ਜਾਂ ਧਰਨਾਕਾਰੀ ਨਾਕੇ ਉੱਤੇ ਨਹੀਂ ਪਹੁੰਚਿਆ ਅਤੇ ਸਾਰਾ ਦਿਨ ਮਾਹੌਲ ਸ਼ਾਂਤ ਰਿਹਾ। ਪੁਲੀਸ ਵੱਲੋਂ ਵੱਖ-ਵੱਖ ਪਿੰਡਾਂ ਨੂੰ ਹੋ ਕੇ ਸ਼ੰਭੂ ਵੱਲ ਜਾਂਦੀਆਂ ਪੇਂਡੂ ਸੰਪਰਕ ਸੜਕਾਂ ਉੱਤੇ ਵੀ ਸਾਰਾ ਦਿਨ ਨਿਗਰਾਨੀ ਕੀਤੀ ਜਾਂਦੀ ਰਹੀ। ਸ਼ੰਭੂ ਥਾਣੇ ਦੇ ਘਿਰਾਓ ਵਿਚ ਸ਼ਮੂਲੀਅਤ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਦੇ ਇਸ ਖੇਤਰ ਦੇ ਜ਼ਿਆਦਾਤਰ ਆਗੂਆਂ ਦੇ ਮੋਬਾਈਲ ਫੋਨ ਅੱਜ ਸਾਰਾ ਦਿਨ ਸਵਿੱਚ ਆਫ਼ ਹੀ ਰਹੇ।
ਪੁਲੀਸ ਨੇ ਸ਼ੰਭੂ ਜਾ ਰਹੇ ਕਿਸਾਨਾਂ ਨੂੰ ਰੋਕਿਆ
ਅੰਬਾਲਾ (ਰਤਨ ਸਿੰਘ ਢਿੱਲੋਂ): ਪੁਲੀਸ ਨੇ ਸ਼ੰਭੂ ਥਾਣੇ ਦਾ ਘਿਰਾਓ ਕਰਨ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਕਿਸਾਨਾਂ ਨੂੰ ਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਕੋਲ ਰੋਕ ਲਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਬਹਿਸ ਅਤੇ ਝੜਪ ਵੀ ਹੋਈ ਪਰ ਭਾਰੀ ਪੁਲੀਸ ਫੋਰਸ ਹੋਣ ਕਰਕੇ ਕਿਸਾਨ ਅੱਗੇ ਨਾ ਵੱਧ ਸਕੇ ਅਤੇ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰੀ ਰੱਖਿਆ। ਕਿਸਾਨ ਅੰਬਾਲਾ-ਅੰਮ੍ਰਿਤਸਰ ਹਾਈਵੇਅ ਦੀ ਸਰਵਿਸ ਲੇਨ 'ਤੇ ਧਰਨੇ 'ਤੇ ਬੈਠ ਗਏ ਅਤੇ ਲੰਗਰ ਵੀ ਛਕਿਆ। ਉਨ੍ਹਾਂ ਨੇ ਕਈ ਵਾਰ ਮਾਰਚ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲੀਸ ਨੇ ਅੱਗੇ ਨਾ ਵਧਣ ਦਿੱਤਾ। ਸੜਕ ’ਤੇ ਧਰਨਾ ਮਾਰ ਕੇ ਬੈਠੇ ਕਿਸਾਨਾਂ ਦੇ ਆਗੂ ਜੈ ਸਿੰਘ ਜਲਬੇੜਾ ਨੇ ਕਿਹਾ ਕਿ ਪੁਲੀਸ ਜਾਂ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ ਜਾਂ ਫਿਰ ਸ਼ੰਭੂ ਜਾਣ ਦੇਵੇ। ਯੂਨੀਅਨ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਕਿਹਾ ਕਿ ਪੁਲੀਸ ਨਾ ਤਾਂ ਰਾਜਪੁਰੇ ਵੱਲੋਂ ਆਉਣ ਦਿੰਦੀ ਹੈ ਅਤੇ ਨਾ ਹੀ ਅੰਬਾਲਾ ਵੱਲੋਂ ਜਾਣ ਦਿੰਦੀ ਹੈ ਜਿਵੇਂ ਪੰਜਾਬ ਕੋਈ ਹੋਰ ਦੇਸ਼ ਹੋਵੇ। ਸ਼ੰਭੂ ਚੌਕੀ ਦੇ ਬਾਹਰ ਦੁਪਹਿਰ 3 ਵਜੇ ਦੇ ਕਰੀਬ ਪ੍ਰਤੀਕਾਤਮਿਕ ਧਰਨੇ ਦਾ ਐਲਾਨ ਹੋਣ ਕਰਕੇ ਪੁਲੀਸ ਦੀ ਕੋਸ਼ਿਸ਼ ਕਿਸਾਨਾਂ ਨੂੰ ਤਿੰਨ ਵਜੇ ਤੱਕ ਰੋਕ ਕੇ ਰੱਖਣ ਦੀ ਸੀ। ਤੇਜਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ 4 ਵਜੇ ਛੱਡ ਦਿੱਤਾ।