ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
ਗਗਨਦੀਪ ਅਰੋੜਾ
ਲੁਧਿਆਣਾ, 30 ਦਸੰਬਰ
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਲੁਧਿਆਣਾ ਵਿੱਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ। ਸ਼ਹਿਰੀ ਖੇਤਰਾਂ ਵਿੱਚ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਖੁੱਲ੍ਹੀਆਂ ਰੱਖੀਆਂ। ਮੇਨ ਸੜਕਾਂ ਤੇ ਨੈਸ਼ਨਲ ਹਾਈਵੇ ’ਤੇ ਕਿਸਾਨਾਂ ਨੇ ਆਵਾਜਾਈ ਬਿਲਕੁੱਲ ਬੰਦ ਰੱਖੀ। ਹਾਲਾਂਕਿ, ਕਈ ਥਾਵਾਂ ’ਤੇ ਤਾਂ ਦੁਕਾਨਦਾਰਾਂ ਤੇ ਲੋਕਾਂ ਨੇ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਣ ਕੀਤਾ, ਪਰ ਕਈ ਥਾਵਾਂ ’ਤੇ ਕਿਸਾਨਾਂ ਤੇ ਦੁਕਾਨਦਾਰਾਂ ਦੀ ਬਹਿਸ ਵੀ ਹੋ ਗਈ। ਚੌੜਾ ਬਾਜ਼ਾਰ ਵਿੱਚ ਤਾਂ ਦੁਕਾਨਦਾਰ ਦੀ ਕਿਸਾਨਾਂ ਨਾਲ ਤਿੱਖੀ ਬਹਿਸ ਹੋ ਗਈ। ਮਾਹੌਲ ਇਨ੍ਹਾਂ ਤਣਾਅਪੁਰਨ ਹੋ ਗਿਆ ਕਿ ਆਲੇ-ਦੁਆਲੇ ਦੇ ਲੋਕਾਂ ਨੇ ਮਿਲ ਕੇ ਮਾਮਲਾ ਸ਼ਾਂਤ ਕਰਵਾਇਆ। ਕਿਸਾਨ ਜਥੇਬੰਦੀਆਂ ਨੇ ਸ਼ਹਿਰ ਦੇ ਮੁੱਖ ਸਮਰਾਲਾ ਚੌਕ ਤੇ ਲਾਡੋਵਾਲ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ। ਰੇਲ ਆਵਾਜਾਈ ਅਤੇ ਬੱਸਾਂ ਪੂਰੀ ਤਰ੍ਹਾਂ ਬੰਦ ਰਹੀਆਂ।
ਲੁਧਿਆਣਾ (ਗੁਰਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਫਤਿਹ) ਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਰੋਸ ਧਰਨੇ ਦੇ ਕੇ ਅਵਾਜਾਈ ਠੱਪ ਰੱਖੀ ਗਈ।
ਸਮਰਾਲਾ (ਡੀਪੀਐੱਸ ਬਤਰਾ): ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਤੇ ਹੋਰ ਵੱਖ-ਵੱਖ ਕਿਸਾਨ ਜਥੇਬੰਦੀਆਂ ਜੋ ਪਿਛਲੇ 11 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਸੰਘਰਸ਼ ਕਰ ਰਹੀਆਂ ਹਨ ਅਤੇ ਪਿਛਲੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਮਰਾਲਾ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਥੇ ਸਮਰਾਲਾ ਦੇ ਮੇਨ ਚੌਕ ਵਿੱਚ ਵੱਖ-ਵੱਖ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਤੇ ਆਵਾਜਾਈ ਠੱਪ ਰੱਖੀ ਗਈ। ਇਸ ਮੌਕੇ ਸੰਤੋਖ ਸਿੰਘ ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈਣ ਮੌਕੇ ਰਹਿੰਦੀਆਂ ਕਿਸਾਨੀ ਮੰਗਾਂ ਮੰਨਣ ਦਾ ਵਾਅਦਾ ਪੂਰਾ ਨਾ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਤੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਵਿੱਢਿਆ ਸ਼ੰਘਰਸ਼ ਵੀ ਕਿਸੇ ਸੂਰਤ ਵਿੱਚ ਵਾਪਸ ਨਹੀਂ ਲਿਆ ਜਾਵੇਗਾ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਤਹਿਤ ਅੱਜ ਦਿੱਤੇ ਪੰਜਾਬ ਬੰਦ ਸੱਦੇ ’ਤੇ ਮਾਛੀਵਾੜਾ ਸ਼ਹਿਰ ਮੁਕੰਮਲ ਬੰਦ ਰਿਹਾ। ਸ਼ਹਿਰ ਵਿੱਚ ਕੋਈ ਵੀ ਦੁਕਾਨ ਨਾ ਖੁੱਲ੍ਹੀ, ਇੱਥੋਂ ਤੱਕ ਰੇਹੜੀਆਂ ਵੀ ਦਿਖਾਈ ਨਾ ਦਿੱਤੀਆਂ ਸਿਰਫ਼ ਮੈਡੀਕਲ ਸਹੂਲਤਾਂ ਚਾਲੂ ਰਹੀਆਂ। ਮਾਛੀਵਾੜਾ ਦੀ ਸਬਜ਼ੀ ਮੰਡੀ ਵੀ ਬੰਦ ਰਹੀ। ਮਾਛੀਵਾੜਾ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਰਾਹੋਂ ਰੋਡ, ਸਮਰਾਲਾ ਰੋਡ, ਕੁਹਾੜਾ ਰੋਡ ’ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ। ਚੱਕਾ ਜਾਮ ਵੇਲੇ ਐਂਬੂਲੈਸ, ਵਿਆਹ ਸਮਾਗਮਾਂ ਤੇ ਧਾਰਮਿਕ ਸਥਾਨਾਂ ਦੀ ਯਾਤਰਾ ’ਤੇ ਜਾਣ ਵਾਲੀਆਂ ਗੱਡੀਆਂ ਨੂੰ ਛੋਟ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕੁਹਾੜਾ ਰੋਡ, ਪੰਜਾਬ ਅੰਨਦਾਤਾ ਮਜ਼ਦੂਰ ਕਿਸਾਨ ਯੂਨੀਅਨ ਵੱਲੋਂ ਸਮਰਾਲਾ ਰੋਡ ਤੇ ਰਾਹੋਂ ਰੋਡ ’ਤੇ ਹੋਰ ਜਥੇਬੰਦੀਆਂ ਵੱਲੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਰੱਖਿਆ ਗਿਆ।
ਖੰਨਾ/ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ’ਤੇ ਖੰਨਾ ਅਤੇ ਦੋਰਾਹਾ ਸ਼ਹਿਰ ਮੁਕੰਮਲ ਬੰਦ ਰਹੇ। ਇਥੋਂ ਤੱਕ ਕਿ ਕਿਸੇ ਛੋਟੇ ਦੁਕਾਨਦਾਰ, ਸਬਜ਼ੀ ਵਾਲੇ, ਰੇਹੜੀਆਂ ਵਾਲਿਆਂ ਨੇ ਵੀ ਕਾਰੋਬਾਰ ਬੰਦ ਰੱਖੇ। ਜਰਨੈਲੀ ਸੜਕ ’ਤੇ ਹੋਰ ਪਿੰਡਾਂ ਸ਼ਹਿਰਾਂ ਨੂੰ ਜਾਂਦੀਆਂ ਸੜਕਾਂ ਵੀ ਸੁੰਨਸਾਨ ਦਿਖੀਆਂ। ਖੰਨਾ ਵਿੱਚ ਪੁਰਾਣੇ ਬੱਸ ਅੱਡੇ ਵਾਲੇ ਚੌਕ ਵਿੱਚ ਕਰੀਬ 1500 ਤੋਂ ਵਧੇਰੇ ਕਿਸਾਨਾਂ ਨੇ ਧਰਨਾ ਦਿੱਤਾ। ਇਸ ਧਰਨੇ ਨੂੰ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਹਰਜੀਤ ਸਿੰਘ, ਰਾਜਿੰਦਰ ਸਿੰਘ ਬੈਨੀਪਾਲ, ਬੂਟਾ ਸਿੰਘ ਰਾਏਪੁਰ, ਗੁਰਮੇਲ ਸਿੰਘ ਪੰਜਰੁੱਖਾ, ਐਡਵੋਕੇਟ ਗੁਰਜੋਤ ਕੌਰ ਮਾਂਗਟ, ਗੁਰਦੀਪ ਸਿੰਘ ਕਾਲੀ, ਰਾਜਿੰਦਰ ਸਿੰਘ ਲਿਬੜਾ, ਨਿਰਮਲ ਸਿੰਘ ਰੋਹਣੋਂ, ਸਵਰਨ ਸਿੰਘ ਰਾਜੇਵਾਲ, ਦਰਸ਼ਨ ਸਿੰਘ ਕੌੜੀ, ਗਾਇਕ ਕਲਾਕਾਰ ਬਿੱਟੂ ਖੰਨੇ ਵਾਲਾ, ਕੇਸਰ ਸਿੰਘ ਚਾਹਲ ਕੌੜੀ, ਕਸ਼ਮੀਰ ਸਿੰਘ ਮਾਜਰਾ, ਜਸਪ੍ਰੀਤ ਕੌਰ ਅੜੈਚਾਂ, ਜਗਜੀਤ ਕੌਰ ਘੁਡਾਣੀ, ਟਹਿਲ ਸਿੰਘ, ਕਰਮਜੀਤ ਸਿੰਘ ਕੱਦੋਂ ਤੇ ਮਨਦੀਪ ਕੌਰ ਖੰਨਾ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਕਿਸਾਨੀ ਮਸਲਿਆਂ/ਮੰਗਾਂ ਨੂੰ ਹੱਲ ਨਾ ਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਾਰੀ ਮਰਨ ਵਰਤ ਦੀ ਡੱਟਵੀਂ ਹਮਾਇਤ ਕੀਤੀ।
ਰਾਏਕੋਟ (ਸੰਤੋਖ ਗਿੱਲ): ਇਥੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਤੇ ਕੁਝ ਖੁੱਲ੍ਹੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ। ਇੱਥੇ ਰੇਹੜੀ-ਫੜ੍ਹੀ ਵਰਕਰ ਯੂਨੀਅਨ ਦੇ ਸੱਦੇ ’ਤੇ ਸਬਜ਼ੀਆਂ ਤੇ ਫਲ਼ਾਂ ਦੀਆਂ ਰੇਹੜੀਆਂ ਵੀ ਨਹੀਂ ਲੱਗੀਆਂ। ਸ਼ਹਿਰ ਦੇ ਪ੍ਰਮੁੱਖ ਹਰੀ ਸਿੰਘ ਨਲੂਆ ਚੌਕ ਤੋਂ ਇਲਾਵਾ ਬੱਸ ਅੱਡਾ ਅਤੇ ਬਰਨਾਲਾ ਚੌਕ ਵਿੱਚ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮੁੱਖ ਮਾਰਗ ਉਪਰ ਧਰਨਾ ਦੇ ਕੇ ਆਵਾਜਾਈ ਮੁਕੰਮਲ ਬੰਦ ਰੱਖੀ।
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਪੰਜਾਬ ਬੰਦ ਦੇ ਸਮਰਥਨ ਵਿੱਚ ਅੱਜ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ਦੀਆਂ ਵੱਖ-ਵੱਖ ਸੜਕਾਂ ’ਤੇ ਕਿਸਾਨਾਂ ਨੇ ਧਰਨੇ ਦਿੱਤੇ ਅਤੇ ਪਿੰਡਾਂ ਵਿਚਲੇ ਛੋਟੇ ਸ਼ਹਿਰ ਅਤੇ ਕਸਬੇ ਲੋਕਾਂ ਵਲੋਂ ਮੁਕੰਮਲ ਬੰਦ ਰੱਖੇ ਗਏ। ਕਿਸਾਨ ਜਥੇਬੰਦੀ ਬੀਕੇਯੂ ਏਕਤਾ ਆਜ਼ਾਦ ਦੇ ਸੂਬਾ ਆਗੂ ਗੁਰਮੇਲ ਸਿੰਘ ਮਹੋਲੀ ਅਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਜਗਦੀਸ਼ ਸਿੰਘ ਛੰਨਾ ਦੀ ਅਗਵਾਈ ਵਿੱਚ ਲੁਧਿਆਣਾ-ਮਲੇਰਕੋਟਲਾ ਦੇ ਮੁੱਖ ਮਾਰਗ ਜਗੇੜਾ ਪੁਲ ਉੱਪਰ ਚੱਕਾ ਜਾਮ ਕੀਤਾ ਗਿਆ ਹੈ।