ਕਿਸਾਨਾਂ ਦੀ ਲੁੱਟ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਫਿਲੌਰ, 20 ਦਸੰਬਰ
ਜਮਹੂਰੀ ਕਿਸਾਨ ਸਭਾ ਨੇ ਪੰਜਾਬ ਸਰਕਾਰ ਦੀ ਕਥਿਤ ਅਣਗਹਿਲੀ ਤੇ ਝੋਨੇ ਦੀ ਖਰੀਦ ਦੇ ਸਮੇਂ ਸਿਰ ਪ੍ਰਬੰਧ ਨਾ ਕਰਨ ਕਰਕੇ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੰਡੀਕਰਨ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਦੀ ਨੀਤੀ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਖਰੀਦ ਏਜੰਸੀਆਂ ਵੱਲੋਂ ਕੀਤੀ ਕਥਿਤ ਲੁੱਟ ’ਤੇ ਰੋਸ ਜਤਾਇਆ ਹੈ। ਸਭਾ ਨੇ ਨੁਕਸਾਨ ਦੀ ਭਰਪਾਈ ਦੀ ਮੰਗ ਮੁੱਖ ਮੰਤਰੀ, ਖੇਤੀ ਮੰਤਰੀ ਅਤੇ ਫੂਡ ਸਪਲਾਈ ਮੰਤਰੀ ਦੇ ਨਾਮ ਐੱਸਡੀਐੱਮ ਫਿਲੌਰ ਦਫ਼ਤਰ ਦੇ ਸਟਾਫ਼ ਨੂੰ ਮੰਗ ਪੱਤਰ ਵੀ ਦਿੱਤਾ। ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਦੇਸ਼ ਦੇ ਮੰਡੀਕਰਨ ਪ੍ਰਬੰਧ ਨੂੰ ਤਬਾਹ ਕਰਨ ਵਾਲੀ ਤੇ ਕਿਸਾਨ, ਮਜ਼ਦੂਰ ਅਤੇ ਆਮ ਲੋਕ ਵਿਰੋਧੀ ‘ਕੌਮੀ ਖੇਤੀਬਾੜੀ ਮਾਰਕੀਟਿੰਗ ਨੀਤੀ’ ਤੁਰੰਤ ਵਾਪਸ ਲਈ ਜਾਵੇ। ਸਭਾ ਦੇ ਆਗੂਆਂ ਨੇ 23 ਦਸੰਬਰ ਨੂੰ ਐੱਸਕੇਐੱਮ ਵਲੋਂ ਦਿੱਤੇ ਸੱਦੇ ਨੂੰ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜਮਹੂਰੀ ਕਿਸਾਨ ਸਭਾ ਦੀ ਜ਼ਿਲ੍ਹਾ ਇਕਾਈ ਦਾ ਵਫ਼ਦ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਨੂੰ ਮਿਲਿਆ ਤੇ ਮੰਗ ਪੱਤਰ ਸੌਂਪਿਆ। ਵਫ਼ਦ ਨੇ ਮੰਗ ਕੀਤੀ ਕਿ ਝੋਨੇ ਦੀ ਖਰੀਦ ਮੌਕੇ ਕਿਸਾਨਾਂ ਦੀ ਕੀਤੀ ਗਈ ਲੁੱਟ ਖਸੁੱਟ ਦੀ ਭਰਪਾਈ ਕਰਵਾਈ ਜਾਵੇ। ਤੇ ਸਤਲੁਜ ਤੇ ਹੋਰਨਾਂ ਦਰਿਆਵਾਂ ’ਚ ਪੈਂਦਾ ਦੂਸ਼ਿਤ ਪਾਣੀ ਬੰਦ ਕਰਵਾਇਆ ਜਾਵੇ।