For the best experience, open
https://m.punjabitribuneonline.com
on your mobile browser.
Advertisement

ਕਿਤਾਬਾਂ ਦੇ ਆਰ-ਪਾਰ

03:31 PM Jan 29, 2023 IST
ਕਿਤਾਬਾਂ ਦੇ ਆਰ ਪਾਰ
Advertisement

ਸੁਰਿੰਦਰ ਸਿੰਘ ਤੇਜ

Advertisement

ਗੱਲ 1976 ਦੀ ਹੈ। ਕਾਠਮੰਡੂ (ਨੇਪਾਲ) ਵਿੱਚ ਪਾਕਿਸਤਾਨੀ ਦੂਤਾਵਾਸ ਬੜਾ ਛੋਟਾ ਜਿਹਾ ਸੀ। ਇਕ ਸਫ਼ੀਰ ਸਮੇਤ ਕੁਲ ਤਿੰਨ ਸਫ਼ਾਰਤੀ ਅਧਿਕਾਰੀਆਂ ਵਾਲਾ। ਭਾਰਤੀ ਸਫ਼ਾਰਤੀ ਅਮਲਾ, ਪਾਕਿਸਤਾਨੀ ਦੂਤਾਵਾਸ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ‘ਚ ਵੀ ਆਪਣੀ ਹੱਤਕ ਸਮਝਦਾ ਸੀ। ਪਾਕਿਸਤਾਨੀ ਤਾਂ ਕੀ, ਨੇਪਾਲੀ ਹਕੂਮਤ ਪ੍ਰਤੀ ਵੀ ਭਾਰਤੀ ਅਧਿਕਾਰੀਆਂ ਦਾ ਰੁਖ਼, ਹਿਕਾਰਤ ਵਾਲਾ ਸੀ। ਇਹ ਸੋਚ ਆਮ ਸੀ ਕਿ ਨੇਪਾਲ, ਭਾਰਤ ਦੇ ਖ਼ਿਲਾਫ਼ ਨਹੀਂ ਜਾ ਸਕਦਾ; ਭਾਰਤੀ ਮਿਹਰਬਾਨੀਆਂ ਤੋਂ ਬਿਨਾਂ ਉਸ ਮੁਲਕ ਦਾ ਗੁਜ਼ਾਰਾ ਹੀ ਨਹੀਂ। ਪਾਕਿਸਤਾਨੀ ਨੀਅਤ ਜਾਂ ਉਸ ਮੁਲਕ ਪ੍ਰਤੀ ਨੇਪਾਲ ਦੇ ਰਵੱਈਏ ਨੂੰ ਜੇਕਰ ਉਸ ਸਮੇਂ ਸੰਜੀਦਗੀ ਨਾਲ ਲਿਆ ਜਾਂਦਾ ਤਾਂ ਕਾਠਮੰਡੂ ਆਈ.ਐੱਸ.ਆਈ. ਦਾ ਅੱਡਾ ਨਹੀਂ ਸੀ ਬਣਨਾ ਅਤੇ 1999 ਵਿਚ ਇੰਡੀਅਨ ਏਅਰਲਾਈਨਜ਼ ਦੀ ਆਈ.ਸੀ.-814 ਉਡਾਨ ਨੂੰ ਪਾਕਿਸਤਾਨੀ ਦਹਿਸ਼ਤੀਆਂ ਵੱਲੋਂ ਅਗਵਾ ਕੀਤੇ ਜਾਣ ਵਰਗੀ ਘਟਨਾ ਨਹੀਂ ਸੀ ਵਾਪਰਨੀ। ਨਾ ਹੀ ਅਗਵਾ ਜਹਾਜ਼ ਦੇ ਮੁਸਾਫ਼ਰਾਂ ਤੇ ਅਮਲੇ ਨੂੰ ਸੁਰੱਖਿਅਤ ਛੁਡਾਉਣ ਬਦਲੇ ਭਾਰਤ ਨੂੰ ਕਾਬੁਲ ਵਿੱਚ ਤਾਲਿਬਾਨ ਅੱਗੇ ਨੱਕ ਰਗੜਨ ਵਰਗੀ ਨਮੋਸ਼ੀ ਬਰਦਾਸ਼ਤ ਕਰਨੀ ਪੈਂਦੀ।

Advertisement

ਇਹ ਰਾਇ ਅਮਰਜੀਤ ਸਿੰਘ ਦੁਲੱਟ ਦੀ ਨਵੀਂ ਕਿਤਾਬ ‘ਏ ਲਾਈਫ਼ ਇਨ ਦਿ ਸ਼ੈਡੋਜ਼’ (ਪਰਛਾਵਿਆਂ ਵਿੱਚ ਗੁਜ਼ਰੀ ਜ਼ਿੰਦਗੀ; ਹਾਰਪਰ ਕੌਲਿਨਜ਼; 256 ਪੰਨੇ; 699 ਰੁਪਏ) ਦਾ ਹਿੱਸਾ ਹੈ। ਸ੍ਰੀ ਦੁਲੱਟ ਭਾਰਤੀ ਖ਼ੁਫੀਆ ਏਜੰਸੀ ‘ਰਿਸਰਚ ਐਂਡ ਐਨੇਲਾਈਸਿਜ਼ ਵਿੰਗ’ (ਰਾਅ) ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਫਿਰ ਪ੍ਰਧਾਨ ਮੰਤਰੀ ਵਾਜਪਾਈ ਦੇ ਕਸ਼ਮੀਰ ਮਾਮਲਿਆਂ ਬਾਰੇ ਵਿਸ਼ੇਸ਼ ਸਲਾਹਕਾਰ ਦੇ ਅਹੁਦਿਆਂ ‘ਤੇ ਰਹੇ। ਇਹ ਉਨ੍ਹਾਂ ਦੀ ਤੀਜੀ ਕਿਤਾਬ ਹੈ। ਪਹਿਲੀਆਂ ਦੋ ‘ਦਿ ਵਾਜਪਾਈ ਯੀਅਰਜ਼’ ਅਤੇ ‘ਸਪਾਈ ਕਰੌਨੀਕਲਜ਼’ ਕ੍ਰਮਵਾਰ 2015 ਤੇ 2018 ਵਿੱਚ ਛਪੀਆਂ ਸਨ। ਦੂਜੀ ਕਿਤਾਬ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਸਾਬਕਾ ਮੁਖੀ ਜਨਰਲ ਅਸਦ ਦੁਰਾਨੀ ਤੇ ਪੱਤਰਕਾਰ ਆਦਿੱਤਿਆ ਸਿਨਹਾ ਨਾਲ ਮਿਲ ਕੇ ਲਿਖੀ ਗਈ ਸੀ।

ਸ੍ਰੀ ਦੁਲੱਟ ਨੇ ‘ਸ਼ੈਡੋਜ਼’ ਨੂੰ ਆਪਬੀਤੀ ਕਰਾਰ ਦਿੱਤਾ ਹੈ, ਪਰ ਇਹ ਰਵਾਇਤੀ ਆਪਬੀਤੀ ਨਹੀਂ, ਯਾਦਾਂ ਦਾ ਗੁਲਦਸਤਾ ਹੈ। ਰਾਜ਼ਦਾਰੀ, ਜਾਸੂਸਾਂ ਦੀ ਜੀਵਨ ਜਾਚ ਬਣ ਜਾਂਦੀ ਹੈ। ਸੇਵਾਮੁਕਤੀ ਮਗਰੋਂ ਆਪਣੀਆਂ ਯਾਦਾਂ ਸਾਂਝੀਆਂ ਕਰਨ ਸਮੇਂ ਵੀ ਉਹ ਛੁਪਾਉਂਦੇ ਜ਼ਿਆਦਾ ਹਨ, ਦੱਸਦੇ ਘੱਟ ਹਨ। ਸਰਕਾਰੀ ਅਫ਼ਸਰਾਂ ਉੱਤੇ ਤਾਂ ਬੰਦਸ਼ਾਂ ਵੀ ਬਹੁਤ ਸਾਰੀਆਂ ਹਨ। ਗੁਪਤ ਦਸਤਾਵੇਜ਼ ਵੀ ਦਹਾਕਿਆਂ ਤਕ ਗੁਪਤ ਹੀ ਰਹਿੰਦੇ ਹਨ। ਉਨ੍ਹਾਂ ਦਾ ਹਵਾਲਾ ਦੇਣਾ ਕੌਮੀ ਰਾਜ਼ਦਾਰੀ ਕਾਨੂੰਨਾਂ ਦੀ ਉਲੰਘਣਾ ਤੇ ਫ਼ੌਜਦਾਰੀ ਅਪਰਾਧ ਮੰਨਿਆ ਜਾਂਦਾ ਹੈ। ਅਜਿਹੇ ਕਾਰਨਾਂ ਕਰਕੇ ਹੀ ਬਹੁਤੇ ਉੱਚ ਅਫ਼ਸਰਾਂ ਦੀਆਂ ਸਵੈ-ਜੀਵਨੀਆਂ ਪੜ੍ਹਨਯੋਗ ਨਹੀਂ ਜਾਪਦੀਆਂ। ਸ੍ਰੀ ਦੁਲੱਟ ਇਸ ਸਾਂਚੇ ਵਿੱਚ ਨਹੀਂ ਢਲੇ ਹੋਏ। ਉਨ੍ਹਾਂ ਅੰਦਰ ਸੰਕੋਚੀ ਸ਼ਬਦਾਵਲੀ ਰਾਹੀਂ ਵੀ ਬਹੁਤ ਕੁਝ ਰੌਚਿਕ ਕਹਿ ਦੇਣ ਦਾ ਹੁਨਰ ਮੌਜੂਦ ਹੈ। ‘ਸ਼ੈਡੋਜ਼’ ਇਸੇ ਹੁਨਰ ਦੀ ਸ਼ਾਨਦਾਰ ਮਿਸਾਲ ਹੈ।

ਅੰਤਿਕਾ ਤੋਂ ਇਲਾਵਾ ਨੌਂ ਅਧਿਆਇ ਹਨ ਇਸ ਕਿਤਾਬ ਦੇ। ਸ਼ੁਰੂਆਤ ਪਰਿਵਾਰਕ ਪਿਛੋਕੜ, ਬਚਪਨ, ਜਵਾਨੀ ਤੇ ਵਿਆਹ ਵਰਗੇ ਪ੍ਰਸੰਗਾਂ ਨਾਲ ਹੁੰਦੀ ਹੈ। ਬੀਕਾਨੇਰੀ ਰਾਜਪੂਤਾਂ ਦੇ ਬੀਜ ਤੋਂ ਉਪਜੇ ਸਨ ਪੰਜਾਬ ਦੇ ਦੁਲੱਟ ਜੱਟ। ਅਮਰਜੀਤ ਸਿੰਘ ਦੁਲੱਟ ਦੇ ਪਿਤਾ ਸ਼ਮਸ਼ੇਰ ਸਿੰਘ ਦੁਲੱਟ ਆਈ.ਸੀ.ਐੱਸ. ਨਾਮਜ਼ਦ ਹੋਣ ਮਗਰੋਂ ਜ਼ਿਲ੍ਹਾ ਤੇ ਸੈਸ਼ਨ ਜੱਜ, ਫਿਰ ਹਾਈ ਕੋਰਟ ਦੇ ਜੱਜ ਅਤੇ ਫਿਰ ਭਾਰਤੀ ਕਾਨੂੰਨ ਕਮਿਸ਼ਨ ਦੇ ਮੈਂਬਰ ਰਹੇ। ਦਾਦਾ ਗੁਰਦਿਆਲ ਸਿੰਘ ਦੁਲੱਟ ਦਾ ਦੂਰਲਾ ਨਾਤਾ ਰਿਆਸਤ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸੀ, ਪਰ ਉਹ ਰਿਆਸਤ ਨਾਭਾ ਵਿੱਚ ਉੱਚ ਅਹਿਲਕਾਰ ਰਹੇ। ਅਮਰਜੀਤ ਦਾ ਜਨਮ 1940 ‘ਚ ਸਿਆਲਕੋਟ ਵਿੱਚ ਹੋਇਆ। ਭਾਰਤ ਦੀ ਵੰਡ ਵੇਲੇ ਦੁਲੱਟ ਪਰਿਵਾਰ ਰਾਵਲਪਿੰਡੀ ਵਿੱਚ ਸੀ। ਵੰਡ ਮਗਰੋਂ ਇਹ ਪਹਿਲਾਂ ਦਿੱਲੀ ਰਿਹਾ ਅਤੇ ਫਿਰ ਬਰਾਸਤਾ ਸ਼ਿਮਲਾ, ਚੰਡੀਗੜ੍ਹ ਜਾ ਵਸਿਆ। ਅਮਰਜੀਤ ਦਾ ਇਕ ਵੱਡਾ ਭਰਾ ਸੀ ਜਗਜੀਤ। ਦੋ ਵਰ੍ਹੇ ਵੱਡਾ। ਦੋਵਾਂ ਦੀਆਂ ਮਾਵਾਂ ਵੱਖਰੀਆਂ ਸਨ। ਜਗਜੀਤ ਦੀ ਮਾਂ ਇਲੀਨ ਮਾਰਗ੍ਰੈਟ ਲਾਰੈਂਸ ਬਾਰਨੈਬੀ ਬ੍ਰਿਟਿਸ਼ ਸੀ ਜੋ ਜਣੇਪੇ ਸਮੇਂ ਪ੍ਰਾਣ ਤਿਆਗ ਗਈ। ਉਸ ਨੂੰ ਨਾਨੀ ਨੇ ਬ੍ਰਿਟੇਨ ਵਿਚ ਪਾਲਿਆ। ਨਾਨੀ ਦੇ ਬਿਰਧ ਹੋਣ ‘ਤੇ ਉਹ ਭਾਰਤ ਆਇਆ ਅਤੇ ਉਸ ਦੀ ਆਮਦ ਮਗਰੋਂ ਹੀ ਪਿਤਾ ਸ਼ਮਸ਼ੇਰ ਸਿੰਘ ਦੁਲੱਟ ਨੇ ਦੂਜਾ ਵਿਆਹ ਕਰਵਾਉਣਾ ਵਾਜਬ ਸਮਝਿਆ। ਇਹ ਵੀ ਅਜਬ ਵਰਤਾਰਾ ਸੀ ਕਿ ਭਾਰਤ ਆਉਣ ਮਗਰੋਂ ਜਗਜੀਤ ਆਪਣੇ ਸਿੱਖ ਵਿਰਸੇ ਤੇ ਵਜੂਦ ਵੱਲ ਵੱਧ ਆਕਰਸ਼ਿਤ ਹੋਇਆ ਅਤੇ Jugjeet Barnaby ਤੋਂ Jagjit (ਸਿੰਘ ਦੁਲੱਟ) ਬਣ ਗਿਆ। ਦਸਵੀਂ ਪਾਸ ਕਰਨ ਮਗਰੋਂ ਅਮਰਜੀਤ ਨੂੰ ਪਿਤਾ ਨੇ ਦਿੱਲੀ ਯੂਨੀਵਰਸਿਟੀ ਦੀ ਬਜਾਏ ਪੰਜਾਬ ਯੂਨੀਵਰਸਿਟੀ ,ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ। ਇਸ ਯੂਨੀਵਰਸਿਟੀ ਨੇ ਪੰਜਾਬੀ, ਪੰਜਾਬ ਤੇ ਪੰਜਾਬੀਅਤ ਨੂੰ ਉਸ ਦੀ ਸ਼ਖ਼ਸੀਅਤ ਦਾ ਸਥਾਈ ਹਿੱਸਾ ਬਣਾਇਆ। ਪੰਜਾਬੀ ਉਸ ਦੀ ਬੋਲਚਾਲ ਦਾ ਮੁੱਖ ਮਾਧਿਅਮ ਬਣ ਗਈ। ਮਾਂ ਹਿੰਦੂ ਖਤਰੀ (ਸਾਹਨੀ) ਹੋਣ ਅਤੇ ਸਕੂਲ ਵਿਚ ਚਰਚ ਦੀ ਹਾਜ਼ਰੀ ਰੋਜ਼ਾਨਾ ਲਾਾਜ਼ਮੀ ਹੋਣ ਸਦਕਾ ਉਪਜੀ ਧਾਰਮਿਕ ਸੁਲ੍ਹਾਕੁਲਤਾ ਦੇ ਬਾਵਜੂਦ ਸਿੱਖੀ ਸ੍ਰੀ ਦੁਲੱਟ ਦੇ ਅਕੀਦਿਆਂ ਦਾ ਹਿੱਸਾ ਬਣੀ ਰਹੀ। ਉਨ੍ਹਾਂ ਦੇ ਲਿਖਣ ਮੁਤਾਬਿਕ ਉਹ ਤੇ ਉਨ੍ਹਾਂ ਦੀ ਪਤਨੀ ਪਰਨ ਗਰੇਵਾਲ ਚਾਹੇ ਕਿਤੇ ਵੀ ਹੋਣ, ਹਰ ਐਤਵਾਰ ਗੁਰਦੁਆਰੇ ਜ਼ਰੂਰ ਜਾਂਦੇ ਹਨ। ਸ੍ਰੀ ਦੁਲੱਟ ਨੇ ਸਿਵਿਲ ਸੇਵਾਵਾਂ ਪ੍ਰੀਖਿਆ 1964 ਵਿੱਚ ਪਾਸ ਕੀਤੀ। ਟੀਚਾ ਤਾਂ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਵਿੱਚ ਜਾਣ ਦਾ ਸੀ, ਪਰ ਰੈਂਕ ਜ਼ਿਆਦਾ ਉਪਰਲਾ ਨਾ ਹੋਣ ਕਾਰਨ ਮਿਲੀ ਆਈ.ਪੀ.ਐੱਸ। ਪਹਿਲਾਂ ਪੁਲੀਸ ਤੇ ਫਿਰ 30 ਵਰ੍ਹੇ ਆਈ.ਬੀ. ਵਿੱਚ ਰਹਿਣ ਮਗਰੋਂ ਉਹ ‘ਰਾਅ’ ਵਿੱਚ ਪਹੁੰਚੇ। ਇਹੋ ਏਜੰਸੀ ਉਨ੍ਹਾਂ ਦੇ ਪੇਸ਼ੇਵਾਰਾਨਾ ਜੀਵਨ ਦਾ ਸਿਖਰਲਾ ਮੁਕਾਮ ਸਾਬਤ ਹੋਈ।

ਖ਼ੁਫ਼ੀਆ ਨਿਜ਼ਾਮ ਤੇ ਉਸ ਨਾਲ ਜੁੜੀ ਸੰਗਦਿਲੀ ਦਾ ਹਿੱਸਾ ਰਹਿਣ ਦੇ ਬਾਵਜੂਦ ਸ੍ਰੀ ਦੁਲੱਟ ”ਗੋਲੀ ਨਹੀਂ, ਗੱਲ” ਦੇ ਸਿਧਾਂਤ ਦੇ ਪੈਰੋਕਾਰ ਰਹੇ ਹਨ ਅਤੇ ਹੁਣ ਵੀ ਹਨ। ਉਨ੍ਹਾਂ ਦਾ ਮੱਤ ਹੈ ਕਿ ਦੁਸ਼ਮਣਾਂ ਦੇ ਮਨ ਸਿਰਫ਼ ਇਮਾਨਦਾਰੀ ਤੇ ਨੇਕਨੀਅਤੀ ਨਾਲ ਜਿੱਤੇ ਜਾ ਸਕਦੇ ਹਨ, ਲੋਭ-ਲਾਲਚ ਜਾਂ ਦਬਾਅ ਰਾਹੀਂ ਨਹੀਂ। ਇਸੇ ਪ੍ਰਸੰਗ ਵਿੱਚ ਉਹ ਕਸ਼ਮੀਰੀ ਸਮਾਜ ਤੇ ਸਿਆਸਤ, ਖ਼ਾਸ ਕਰਕੇ ਇੰਤਹਾਪਸੰਦ ਆਗੂਆਂ ਨਾਲ ਆਪਣੇ ਸੰਬੰਧਾਂ ਦੀਆਂ ਮਿਸਾਲਾਂ ਦਿੰਦੇ ਹਨ। 1990ਵਿਆਂ ਵਿੱਚ ਆਈ.ਬੀ. ਦੇ ਕਸ਼ਮੀਰ ਖੇਤਰੀ ਮੁਖੀ ਵਜੋਂ ਉਨ੍ਹਾਂ ਨੇ ਸ਼ੱਬੀਰ ਸ਼ਾਹ ਜਾਂ ਅਬਦੁਲ ਗ਼ਨੀ ਲੋਨ ਵਰਗੇ ਇੰਤਹਾਪਸੰਦ ਆਗੂਆਂ ਨਾਲ ਜੋ ਸਬੰਧ ਬਣਾਏ, ਉਨ੍ਹਾਂ ਦਾ ਆਧਾਰ ਨੇਕਨੀਅਤੀ ਤੇ ਵਾਅਦਾਪਸੰਦਗੀ ਹੀ ਸੀ।

ਜਾਸੂਸੀ ਦੀ ਦੁਨੀਆਂ ਦੇ ਭਾਰਤੀ ਸਿਤਾਰਿਆਂ ਤੇ ਸਿਆਸੀ-ਸਮਾਜਿਕ ਹਸਤੀਆਂ ਬਾਰੇ ਸ੍ਰੀ ਦੁਲੱਟ ਦੇ ਵਿਚਾਰ ਵੀ ਜ਼ਿਕਰਯੋਗ ਹਨ। ਨਹਿਰੂ ਯੁੱਗ ਦੇ ਆਈ.ਬੀ. ਮੁਖੀ ਬੀ.ਐੱਨ. ਮਲਿਕ ਨੂੰ ਉਹ ‘ਆਪਣੇ’ ਵੇਲੇ ਦੇ ‘ਬਿਹਤਰੀਨ ਜਾਸੂਸ’ ਦੱਸਦੇ ਹਨ। ‘ਰਾਅ’ ਦੇ ਸਾਬਕਾ ਮੁਖੀ ਤੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਐਮ.ਕੇ. ਨਾਰਾਇਣਨ ਨੂੰ ਵੀ ਉਹ ‘ਸਿਰਮੌਰ ਸੂਹੀਆ’ ਬਿਆਨਦੇ ਹਨ। ਇਕ ਥਾਂ ਉਹ ‘ਰਾਅ’ ਨੂੰ ਪਾਕਿਸਤਾਨੀ ਆਈ.ਐੱਸ.ਆਈ. ਤੋਂ ਬਿਹਤਰ ਖ਼ੁਫ਼ੀਆ ਏਜੰਸੀ ਕਰਾਰ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਇਹ ਰਾਇ ਉਨ੍ਹਾਂ ਦੀ ਹੀ ਨਹੀਂ, ਅਸਦ ਦੁਰਾਨੀ ਦੀ ਵੀ ਹੈ।

ਕਿਤਾਬ ਦਾ ਨੌਵਾਂ ਤੇ ਆਖ਼ਰੀ ਅਧਿਆਇ ਮੌਜੂਦਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਬਾਰੇ ਹੈ ਜਿਸ ਨੂੰ ਸ੍ਰੀ ਦੁਲੱਟ ”ਮੇਰੇ ਨਾਲੋਂ ਬਿਹਤਰ ਸੂਹੀਆ” ਮੰਨਦੇ ਹਨ। ਇਸ ਅਧਿਆਇ ਵਿੱਚ ਡੋਵਾਲ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਹੈ ਅਤੇ ਅਸਿੱਧੀ ਨੁਕਤਾਚੀਨੀ ਵੀ ਮੌਜੂਦ ਹੈ। ਸ੍ਰੀ ਦੁਲੱਟ ਕਸ਼ਮੀਰ ਬਾਰੇ ਮੋਦੀ ਸਰਕਾਰ ਵੱਲੋਂ ਅਪਣਾਈ ਰਣਨੀਤੀ, ਖ਼ਾਸ ਕਰਕੇ ਧਾਰਾ 370 ਦੇ ਖ਼ਾਤਮੇ ਨਾਲ ਸਹਿਮਤ ਨਹੀਂ ਕਿਉਂਕਿ ਇਹੋ ਜਿਹੇ ਕਦਮ ”ਕਸ਼ਮੀਰੀਆਂ ਅੰਦਰ ਇਸ ਅਹਿਸਾਸ ਨੂੰ ਪਕੇਰਾ ਕਰਦੇ ਹਨ ਕਿ ਭਾਰਤ ਸਿਰਫ਼ ਕਸ਼ਮੀਰੀ ਧਰਤੀ ਚਾਹੁੰਦਾ ਹੈ, ਕਸ਼ਮੀਰੀਆਂ ਨੂੰ ਨਹੀਂ।” ਕਿਤਾਬ ਪੜ੍ਹਨਯੋਗ ਵੀ ਹੈ ਅਤੇ ਸਾਂਭਣਯੋਗ ਵੀ।

* * *

ਜਸਿੰਡਾ ਆਰਡਰਨ ਹਾਲ ਹੀ ਵਿਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਰੁਖ਼ਸਤ ਹੋਈ ਹੈ। ਇਹ ਅਹੁਦਾ ਉਸ ਨੇ ਖ਼ੁਦ ਛੱਡਿਆ। ਉਸ ਦਾ ਕਾਰਜਕਾਲ ਅਗਲੇ ਵਰ੍ਹੇ ਸਮਾਪਤ ਹੋਣਾ ਸੀ ਪਰ ਉਸ ਨੇ ਮਹਿਸੂਸ ਕੀਤਾ ਕਿ ”ਮੇਰੇ ਕੋਲ ਹੋਰ ਜੂਝਣ ਦੀ ਤਾਕਤ ਨਹੀਂ ਰਹੀ।” ਕੌਮਾਂਤਰੀ ਪੱਧਰ ‘ਤੇ ਉਸ ਦਾ ਅਕਸ ਨਿਹਾਇਤ ਕਾਬਲ ਮੰਤਰੀ ਵਾਲਾ ਸੀ। ਸਿਰਫ਼ 43 ਵਰ੍ਹਿਆਂ ਦੀ ਹੈ ਉਹ। ਅਕਤੂਬਰ 2017 ਵਿੱਚ ਜਦੋਂ ਪ੍ਰਧਾਨ ਮੰਤਰੀ ਬਣੀ ਸੀ ਤਾਂ ਉਸ ਸਮੇਂ ਦੁਨੀਆ ਦੀ ਸਭ ਤੋਂ ਛੋਟੀ ਰਾਸ਼ਟਰ-ਪ੍ਰਮੁਖ ਸੀ। 2020 ਵਿੱਚ ਕੋਵਿਡ ਮਹਾਂਮਾਰੀ ਅਤੇ ਇੱਕ ਅਤਿਅੰਤ ਹੌਲਨਾਕ ਦਹਿਸ਼ਤੀ ਘਟਨਾ ਵਰਗੇ ਗਹਿਰੇ ਸੰਕਟਾਂ ਦੇ ਸੁਚੱਜੇ ਨਿਪਟਾਰੇ ਸਕਦਾ ਉਸ ਨੇ ਦੇਸ਼-ਵਿਦੇਸ਼ ਵਿੱਚ ਬਹੁਤ ਸਰਾਹਨਾ ਖੱਟੀ। ਪਰ ਪਿਛਲੇ ਛੇ ਮਹੀਨਿਆਂ ਤੋਂ ਮਹਿੰਗਾਈ ਤੇ ਬੇਰੁਜ਼ਗਾਰੀ ‘ਚ ਇਜ਼ਾਫੇ ਅਤੇ ਸਮਾਜਿਕ ਸੁਰੱਖਿਆ ਪ੍ਰਬੰਧ ਦੀਆਂ ਕਮਜ਼ੋਰੀਆਂ ਕਾਰਨ ਉਸ ਦੀ ਮਕਬੂਲੀਅਤ ਲਗਾਤਾਰ ਖੁਰਦੀ ਜਾ ਰਹੀ ਸੀ। ਇਹ ਚਰਚਾ ਉਭਰਨ ਲੱਗੀ ਸੀ ਕਿ ਉਸ ਦੀ ਲੇਬਰ ਪਾਰਟੀ ਅਗਲੀਆਂ ਚੋਣਾਂ ਨਹੀਂ ਜਿੱਤ ਸਕੇਗੀ। ਰਾਜਨੇਤਾਈ ਤੇ ਢੀਠਤਾਈ ਇੱਕ-ਦੂਜੇ ਪੂਰਕ ਮੰਨੇ ਜਾਂਦੇ ਹਨ, ਪਰ ਜਸਿੰਡਾ ਸ਼ਾਇਦ ਵੱਖਰੀ ਮਿੱਟੀ ਦੀ ਬਣੀ ਹੋਈ ਹੈ। ਉਸ ਨੇ ਰਾਜ-ਗੱਦੀ ਨਾਲ ਚਿਪਕੇ ਰਹਿਣ ਦੀ ਥਾਂ ਇਸ ਦਾ ਤਿਆਗ ਕਰਨਾ ਵਾਜਬ ਸਮਝਿਆ।

ਅੱਧਵਾਟੇ ਹੀ ਆਪਣੀ ਮਰਜ਼ੀ ਨਾਲ ਅਹੁਦਾ ਤਿਆਗਣਾ ਕੀ ਦਲੇਰੀ ਦੀ ਨਿਸ਼ਾਨੀ ਹੈ ਜਾਂ ਬੁਜ਼ਦਿਲੀ ਦੀ? ਕੀ ਮਜਬੂਰੀਆਂ ਦੇ ਬਾਵਜੂਦ ਡਟੇ ਰਹਿਣਾ ਚਾਹੀਦਾ ਹੈ? ਟੀਚਾ ਪ੍ਰਾਪਤ ਕੀਤੇ ਬਿਨਾਂ ਪੈਰ ਪਿਛਾਂਹ ਖਿੱਚਣਾ ਕੀ ਇਖ਼ਲਾਕੀ ਤੇ ਹਕੀਕੀ ਤੌਰ ‘ਤੇ ਜਾਇਜ਼ ਹੈ? ਰੁਖ਼ਸਤਗੀ ਕਿਹੜੇ ਪੜਾਅ ‘ਤੇ ਹੋਣੀ ਚਾਹੀਦੀ ਹੈ? ਅਜਿਹੇ ਦਰਜਨਾਂ ਸਵਾਲਾਂ ਦੀ ਪੁਣ-ਛਾਣ ਕਰਦੀ ਹੈ ਐਨੀ ਡਿਊਕ ਦੀ ਕਿਤਾਬ ‘ਕੁਇੱਟ’ (ਈ.ਬਰੀ ਐੱਜ, 306 ਪੰਨੇ; 799 ਰੁਪਏ)। ਪੇਸ਼ੇ ਵਜੋਂ ਮਨੋਵਿਗਿਆਨਕ ਅਤੇ ਕਮਾਈ ਪੱਖੋਂ ਪੇਸ਼ੇਵਰ ਪੋਕਰ ਖਿਡਾਰਨ ਹੈ ਐਨੀ ਡਿਊਕ (ਇਸ ਖੇਡ ਤੋਂ ਉਹ 40 ਲੱਖ ਡਾਲਰ ਕਮਾ ਚੁੱਕੀ ਹੈ)। ਕਿਤਾਬ ਤਿਆਗ ਕਰਨ ਜਾਂ ਰੁਖ਼ਸਤ ਹੋਣ ਦੀ ਪ੍ਰਕਿਰਿਆ ਦਾ ਅਧਿਐਨ ਵੀ ਹੈ ਅਤੇ ਰੁਖ਼ਸਤਗੀ ਦਾ ਸਮਾਂ ਪਛਾਣਨ ਦੀ ਕਲਾ ਦਾ ਆਈਨਾ ਵੀ। ਆਗਾਜ਼ ਉਹ ਨਾਮਵਰ ਤੇ ਮਹਾਨਤਮ ਮੁੱਕੇਬਾਜ਼ ਮੁਹੰਮਦ ਅਲੀ ਤੋਂ ਕਰਦੀ ਹੈ। 1974 ਵਿੱਚ ਵਿਆਪਕ ਮੁਸ਼ਕਲਾਂ ਦੇ ਬਾਵਜੂਦ ਅਲੀ ਨੇ ਜੌਰਜ ਫੌਰਮੈਨ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਚੈਂਪੀਅਨ ਦਾ ਖ਼ਿਤਾਬ ਮੁੜ-ਹਾਸਿਲ ਕੀਤਾ। 32 ਵਰ੍ਹਿਆਂ ਦਾ ਸੀ ਉਹ ਉਸ ਵੇਲੇ। ਕੁਝ ਸ਼ੁਭਚਿੰਤਕਾਂ ਨੇ ਪੇਸ਼ੇਵਾਰਾਨਾ ਮੁੱਕੇਬਾਜ਼ੀ ਤੋਂ ਰਿਟਾਇਰ ਹੋਣ ਦੀ ਸਲਾਹ ਦਿੱਤੀ। ਨੇਕ ਸੀ ਇਹ ਸਲਾਹ। ਸਿਖ਼ਰ ‘ਤੇ ਪੁੱਜ ਕੇ ਰੁਖ਼ਸਤਗੀ- ਇਸ ਤੋਂ ਬਿਹਤਰ ਮੌਕਾ ਹੋਰ ਕੀ ਹੋ ਸਕਦਾ ਸੀ। ਪਰ ਅਲੀ ਨੇ ਸਲਾਹ ਨਹੀਂ ਮੰਨੀ। ਪਹਿਲਾਂ ਕੁਝ ਨਾਮੀ ਮੁੱਕੇਬਾਜ਼ਾਂ ਤੋਂ ਹਾਰਿਆ, ਫਿਰ ਸਾਧਾਰਨ ਤੋਂ ਵੀ। ਸੱਟਾਂ-ਫੇਟਾਂ ਨੇ ਉਸ ਨੂੰ 40ਵਿਆਂ ਵਿੱਚ ਪੁੱਜਣ ਤਕ ਪਾਰਕਿਨਸਨ ਦਾ ਮਰੀਜ਼ ਬਣਾ ਦਿੱਤਾ। ਸਾਖ਼ ਤਾਂ ਗਈ ਹੀ, ਸਰੀਰ ਵੀ ਗਿਆ। ‘ਅਲੀ ਦਿ ਗ੍ਰੇਟੈਸਟ’ ਦਾ ਲਕਬ ਅਤੀਤ ਦਾ ਪਰਛਾਵਾਂ ਬਣ ਗਿਆ।

ਅਲੀ ਵਰਗਾ ਹੀ ਹਸ਼ਰ ਐਵਰੈਸਟ ਤੇ ਕਈ ਹੋਰ ਉੱਚ ਚੋਟੀਆਂ ‘ਤੇ ਚੜ੍ਹਨ ਵਾਲੇ ਪਰਬਤਾਰੋਹੀਆਂ ਦਾ ਹੋਇਆ। ਐਵਰੈਸਟ ‘ਤੇ ਚੜ੍ਹਨ ਲਈ ਆਖ਼ਰੀ ਬੇਸ ਕੈਂਪ (ਤਕਰੀਬਨ 26 ਹਜ਼ਾਰ ਫੁੱਟ) ਤੋਂ ਅੱਧੀ ਰਾਤ ਵੇਲੇ ਚੜ੍ਹਾਈ ਸ਼ੁਰੂ ਕਰਨੀ ਜ਼ਰੂਰੀ ਹੈ (ਉੱਥੇ ਸੂਰਜ ਛੇਤੀ ਉੱਗ ਪੈਂਦਾ ਹੈ)। ਸਰਬਉੱਚ ਚੋਟੀ ਤੋਂ ਵਾਪਸੀ ਦਾ ਸਮਾਂ ਦਿਨੇ ਇਕ ਵਜੇ ਆਦਰਸ਼ ਮੰਨਿਆ ਜਾਂਦਾ ਹੈ। ਚਾਰ ਵਜੇ ਤਕ ਤਾਂ ਹਨੇਰਾ ਪਸਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਹਨੇਰੇ ਵਿੱਚ ਉਤਰਾਈ ਖ਼ਤਰਨਾਕ ਸਮਝੀ ਜਾਂਦੀ ਹੈ। ਬਹੁਤੇ ਪਰਬਤਾਰੋਹੀ ਚੜ੍ਹਾਈ ਸਮੇਂ ਨਹੀਂ, ਉਤਰਾਈ ਵੇਲੇ ਮਰਦੇ ਹਨ। 1996 ਵਿੱਚ ਅਜਿਹਾ ਕੁਝ ਵਾਪਰਿਆ। ਇਕ ਕੌਮਾਂਤਰੀ ਮੁਹਿੰਮ ਦੌਰਾਨ ਤਿੰਨ ਪਰਬਤਾਰੋਹੀ ਦਿਨੇ 11.30 ਵਜੇ ਐਵਰੈਸਟ ਤੋਂ 400 ਮੀਟਰ ਸਨ, ਪਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ 1.00 ਵਜੇ ਤੋਂ ਪਹਿਲਾਂ ਚੋਟੀ ‘ਤੇ ਨਹੀਂ ਪਹੁੰਚ ਸਕਣਗੇ। ਮੌਸਮ ਵੀ ਨਾਖ਼ੁਸ਼ਗਵਾਰ ਸੀ। ਮੰਜ਼ਿਲ ਦੇ ਐਨ ਨੇੜੇ ਪੁੱਜ ਕੇ ਵੀ ਉਨ੍ਹਾਂ ਨੇ ਬੇਸ ਕੈਂਪ ਪਰਤਣਾ ਵਾਜਬ ਸਮਝਿਆ। ਉਸੇ ਮੁਹਿੰਮ ਦੇ ਆਗੂ ਰੌਬਰਟ ਹਾਲ ਨੇ ਚੜ੍ਹਾਈ ਜਾਰੀ ਰੱਖੀ। ਉਹਦੇ ਵਜੋਂ ਸਿਖ਼ਰ ‘ਤੇ ਪਹੁੰਚ ਗਿਆ। ਉੱਥੇ ਪਹੁੰਚ ਕੇ ਫ਼ੌਰੀ ਵਾਪਸੀ ਦੀ ਥਾਂ ਉਸ ਨੇ ਇਕ ਹੋਰ ਸਾਥੀ (ਜੋ ਕਿ ਚੋਖਾ ਧਨਾਢ ਯੂਰੋਪੀਅਨ ਸੀ) ਦੀ ਉਡੀਕ ਜਾਰੀ ਰੱਖੀ। ਉਹ ਸਾਥੀ ਚਾਰ ਵਜੇ ਸਿਖਰ ਤਕ ਪੁੱਜ ਸਕਿਆ। ਵਾਪਸੀ ਦੌਰਾਨ ਦੋਵੇਂ ਹਨੇਰੇ ਦੇ ਬਰਫ਼ੀਲੇ ਤੂਫ਼ਾਨ ਕਾਰਨ ਆਪਣੀਆਂ ਜਾਨਾਂ ਗੁਆ ਬੈਠੇ। ਦੂਜੇ ਪਾਸੇ ਸੁਰੱਖਿਆ ਨੂੰ ਤਰਜੀਹ ਦੇਣ ਵਾਲੇ ਤਿੰਨ ਸਾਥੀ ਅਗਲੇ ਸਾਲ ਫਿਰ ਹਿਮਾਲੀਆ ‘ਤੇ ਪਰਤੇ ਅਤੇ ਇਸ ਵਾਰ ਐਵਰੈਸਟ ਸਰ ਕਰਨ ਵਿੱਚ ਕਾਮਯਾਬ ਰਹੇ।

ਐਨੀ ਡਿਊਕ ਦਾ ਕਹਿਣਾ ਹੈ ਕਿ ‘ਬਚਾਓ ਵਿੱਚ ਹੀ ਦਲੇਰੀ ਹੈ’ ਵਾਲੇ ਅਖਾਣ ਦਾ ਮਹੱਤਵ ਬਹੁਤੇ ਲੋਕ ਪਛਾਣਦੇ ਹੀ ਨਹੀਂ। ਜਾਂਬਾਜ਼ੀ ਦੀ ਇਨਸਾਨੀ ਜੀਵਨ ਵਿੱਚ ਬਹੁਤ ਅਹਿਮੀਅਤ ਹੈ, ਪਰ ਜਾਂਬਾਜ਼ੀ ਹਰ ਮੁਸ਼ਕਿਲ ਦਾ ਹੱਲ ਨਹੀਂ। ਜਾਂਬਾਜ਼ੀ ਵੀ ਅਕਲਮੰਦੀ ਨਾਲ ਦਿਖਾਈ ਜਾਣੀ ਚਾਹੀਦੀ ਹੈ। ਉਂਜ ਇਸ ਮਾਮਲੇ ਵਿਚ ਵਿਰੋਧਾਭਾਸ ਇਹ ਹੈ ਕਿ ਦਲੇਰੀ ਦੇ ਨਾਂਅ ‘ਤੇ ਮੂਰਖਤਾਈ ਵਿੱਚ ਮਰਨ ਵਾਲਿਆਂ ਨੂੰ ਦੁਨੀਆਂ ਨਾਇਕ ਮੰਨਦੀ ਹੈ, ਪਰ ਅਕਲਮੰਦੀ ਨਾਲ ਜਾਨ ਬਚਾਉਣ ਵਾਲੇ ਨੂੰ ਕਾਇਰ ਕਰਾਰ ਦਿੰਦੀ ਹੈ। ਅਜਿਹੇ ਮਾਪਦੰਡਾਂ ਕਾਰਨ ਹੀ ਲੋਕ, ਦੁਸ਼ਵਾਰ ਹਾਲਾਤ ਵਿੱਚ ਸਹੀ ਫ਼ੈਸਲਾ ਲੈਣ ‘ਚ ਨਾਕਾਮ ਰਹਿੰਦੇ ਹਨ। ਕਿਤਾਬ, ਹਾਲਾਤ ਦੀ ਕਠੋਰਤਾ ਭਾਂਪਣ ਅਤੇ ਉਸ ਮੁਤਾਬਿਕ ਸਹੀ ਫ਼ੈਸਲਾ ਲੈਣ ਵਾਸਤੇ ਲੋੜੀਂਦੇ ਕੁਝ ਵਿਧੀ-ਵਿਧਾਨ ਨੂੰ ਸਮਝਾਉਂਦੀ ਹੈ। ਮਨੋਵਿਗਿਆਨ ਤੇ ਸਾਧਾਰਨ ਗਿਆਨ ਦਾ ਸੁਮੇਲ ਹੈ ਇਹ ਕਿਤਾਬ, ਉਹ ਵੀ ਆਮ ਆਦਮੀ ਦੀ ਭਾਸ਼ਾ ‘ਚ।

* * *

ਪੰਜਾਬੀ ਪਾਠਕ ਅਜੀਤ ਸਿੰਘ ਚੰਦਨ ਹੁਰਾਂ ਦੀਆਂ ਲੇਖਣੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਉਨ੍ਹਾਂ ਦੇ ਨਿਬੰਧ ਅਖ਼ਬਾਰਾਂ-ਰਸਾਲਿਆਂ ਦਾ ਸ਼ਿੰਗਾਰ ਬਣਦੇ ਆਏ ਹਨ। ਵਾਰਤਕ ਕਲਾ ਉੱਤੇ ਉਨ੍ਹਾਂ ਦੀ ਪਕੜ ਅਤੇ ਭਾਸ਼ਾਈ ਪ੍ਰਬੀਨਤਾ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਪੱਖ ਹਨ। ਇਨ੍ਹਾਂ ਖ਼ੂਬੀਆਂ ਦਾ ਪ੍ਰਮਾਣ ਹੈ ਉਨ੍ਹਾਂ ਦਾ ਨਿਬੰਧ ਸੰਗ੍ਰਹਿ ‘ਸੁਹਣੀ ਤੇ ਸੁਖਾਵੀਂ ਜ਼ਿੰਦਗੀ’ (ਲੋਕਗੀਤ ਪ੍ਰਕਾਸ਼ਨ; 133 ਪੰਨੇ; 200 ਰੁਪਏ)। ਇਸ ਵਿੱਚ 49 ਨਿਬੰਧ ਸ਼ਾਮਲ ਹਨ: ਇਨਸਾਨੀ ਜੀਵਨ ਦੇ ਵੱਖ ਵੱਖ ਪਹਿਲੂਆਂ ਦੀ ਚਰਚਾ ਕਰਨ ਵਾਲੇ, ਉਨ੍ਹਾਂ ਦੀਆਂ ਪੇਚੀਦਗੀਆਂ ਨੂੰ ਸੁਹਜਮਈ ਨਜ਼ਰੀਏ ਨਾਲ ਪਰਿਭਾਸ਼ਿਤ ਕਰਨ ਵਾਲੇ, ਦੁਸ਼ਵਾਰੀਆਂ ਵਿੱਚੋਂ ਵੀ ਆਸਵੰਦੀ ਦੀਆਂ ਚਿਣਗਾਂ ਲੱਭਣ ਵਾਲੇ। ਨਿਬੰਧਾਂ ਦੇ ਸਿਰਲੇਖ, ਜਿਵੇਂ ਕਿ ‘ਜ਼ਿੰਦਗੀ ਦੇ ਦੁੱਖ ਸੁਖ’, ‘ਮੰਦੜੇ ਬੋਲ ਨਾ ਬੋਲ’, ‘ਮਾਣੋ ਜ਼ਿੰਦਗੀ ਦੇ ਰੰਗ’, ‘ਰੀਝਾਂ ਤੇ ਸੁਪਨੇ’ ਆਦਿ ਉਨ੍ਹਾਂ ਅੰਦਰਲੇ ਵਿਸ਼ਾ-ਵਸਤੂ ਦਾ ਆਈਨਾ ਹਨ। ਵਿਸ਼ਿਆਂ ਦਾ ਨਿਭਾਅ ਵੀ ਸੁਚੱਜਾ ਹੈ ਅਤੇ ਸ਼ਬਦਾਂ ਤੇ ਮਿਸਾਲਾਂ ਦੀ ਚੋਣ ਵੀ ਬਿਹਤਰੀਨ ਹੈ। ਅਜਿਹੇ ਗੁਣਾਂ ਦੇ ਬਾਵਜੂਦ ਕਿਤੇ ਕਿਤੇ ਸਾਵਧਾਨੀ ਦੀ ਘਾਟ ਹੈ। ਸ਼ੁਨਰਯੂ ਸੁਜ਼ੂਕੀ ਨੂੰ ਚੀਨੀ ਫਿਲਾਸਫ਼ਰ (ਪੰਨਾ 129) ਦੱਸਿਆ ਗਿਆ ਹੈ। ਉਹ ਜਾਪਾਨੀ ਮੂਲ ਦਾ (ਜ਼ੈੱਨ) ਬੋਧੀ ਭਿਖਸ਼ੂ ਤੇ ਕਥਾਵਾਚਕ ਸੀ। ਅੰਮ੍ਰਤਿਆ ਸੇਨ (ਪੰਨਾ 120) ਦਾ ਸਹੀ ਨਾਮ ਅਮਰਤਿਆ ਸੇਨ ਹੈ। ਉਹ ਮੰਨਿਆ ਪ੍ਰਮੰਨਿਆ ਵਿਦਵਾਨ ਜ਼ਰੂਰ ਹੈ, ਪਰ ਉਸ ਦੀ ਅਸਲ ਸਾਖ਼ ਅਰਥ-ਸ਼ਾਸਤਰੀ ਹੋਣ ਕਰਕੇ ਹੈ। ਉਸ ਨੂੰ ਨੋਬੇਲ ਵੀ ਇਸੇ ਵਿਸ਼ਾ-ਖੇਤਰ ‘ਚ ਉਸ ਦੀ ਮੁਹਾਰਤ ਕਾਰਨ ਮਿਲਿਆ।

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement