ਕਾਲਜ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 6 ਫਰਵਰੀ
ਅਧਿਆਪਕਾਂ ਦੀ ਜਥੇਬੰਦੀ ਪੀਸੀਸੀਟੀਯੂ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਦੇ ਸਮੂਹ ਕਾਲਜਾਂ ਦੇ ਕਰਮਚਾਰੀਆਂ ਵੱਲੋਂ ਦੋ ਘੰਟੇ ਲਈ ਹੜਤਾਲ ਅਤੇ ਕਾਲਜਾਂ ਦੇ ਗੇਟ ਅਗੇ ਧਰਨਾ ਦਿੱਤਾ ਗਿਆ। ਇਸ ਹੜਤਾਲ ਨੂੰ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨਜ਼ , ਮੈਨੇਜਮੈਂਟ ਐਸੋਸੀਏਸ਼ਨਾਂ ਅਤੇ ਪ੍ਰਿੰਸੀਪਲਜ਼ ਐਸੋਸੀਏਸ਼ਨ ਨੇ ਵੀ ਸਮਰਥਨ ਦਿੱਤਾ। ਪੀਸੀਸੀਟੀਯੂ ਦੇ ਜਨਰਲ ਸਕੱਤਰ ਡਾ. ਗੁਰਦਾਸ ਸਿੰਘ ਸੇਖੋਂ ਨੇ ਡੀਏਵੀ ਕਾਲਜ ਵਿੱਚ ਦਿਤੇ ਧਰਨੇ ਸਮੇਂ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਧਾਨ ਡਾ. ਯਾਦਵ, ਡਾ.ਅਜੇ ਕੁਮਾਰ ਸੰਯੁਕਤ ਸਕੱਤਰ ਨੇ ਵੀ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਫੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ ਅਤੇ ਪੰਜਾਬੀ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ‘ਤੇ ਪੰਜਾਬ ਸਰਕਾਰ ਦੀਆਂ ਉੱਚ ਸਿੱਖਿਆ ਪ੍ਰਤੀ ਕਥਿਤ ਗਲਤ ਨੀਤੀਆਂ ਖ਼ਿਲਾਫ਼ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਅਧਿਆਪਕਾਂ ਵੱਲੋਂ ਕਾਲਜ ਦੇ ਮੁੱਖ ਗੇਟ ‘ਤੇ ਦੋ ਘੰਟੇ ਦਾ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪੀਸੀਸੀਟੀਯੂ ਯੂਨਿਟ ਦੇ ਪ੍ਰਧਾਨ ਡਾ. ਜੇਬੀ ਸੇਖੋਂ, ਸਕੱਤਰ ਡਾ. ਵਰਿੰਦਰ ਕੁਮਾਰ, ਪ੍ਰੋ. ਜਸਵਿੰਦਰ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਪੱਖਪਾਤੀ ਤੇ ਮਨਮਾਨੇ ਫੈਸਲੇ ਤਹਿਤ ਕਾਲਜਾਂ ਵਿੱਚ ਕੇਂਦਰੀਕ੍ਰਿਤ ਦਾਖਲਾ ਪੋਰਟਲ ਲਾਗੂ ਕਰਨ, ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ, ਸਰਕਾਰੀ ਸਹਾਇਤਾ ਰਾਸ਼ੀ ਨੂੰ 95 ਤੋਂ 75 ਫੀਸਦੀ ਕਰਨ ਸਮੇਤ ਅਧਿਆਪਕਾਂ ਦੇ ਸੇਵਾ ਨਿਯਮਾਂ ਨਾਲ ਛੇੜਛਾੜ ਕਰਕੇ ਆਪਣਾ ਉਚੇਰੀ ਸਿੱਖਿਆ ਵਿਰੋਧੀ ਚਿਹਰਾ ਦਿਖਾਉਣਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ 10 ਫਰਵਰੀ ਨੂੰ ਪੂਰੇ ਸੂਬੇ ਵਿੱਚ ਕਾਲਜਾਂ ਨੂੰ ਮੁਕੰਮਲ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਕਾਦੀਆਂ (ਪੱਤਰ ਪ੍ਰੇਰਕ): ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਜਥੇਬੰਦੀ ਨਾਲ ਜੁੜੇ ਪ੍ਰੋਫ਼ੈਸਰਾਂ ਵੱਲੋਂ ਯੂਨਿਟ ਪ੍ਰਧਾਨ ਪ੍ਰੋਫ਼ੈਸਰ ਕੁਲਵਿੰਦਰ ਸਿੰਘ ਤੇ ਸਕੱਤਰ ਪ੍ਰੋਫ਼ੈਸਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਦੋ ਘੰਟੇ ਦੀ ਹੜਤਾਲ ਕਰ ਕੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ।