ਕਾਰੋਬਾਰੀਆਂ ਦੇ ਮਸਲੇ ਫੌਰੀ ਹੱਲ ਕਰਾਂਗੇ: ਵਿਨੀਤ ਵਰਮਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 30 ਅਪਰੈਲ
ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਅਤੇ ‘ਆਪ’ ਆਗੂ ਵਿਨੀਤ ਵਰਮਾ ਨੇ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਦੀ ਮੌਜੂਦਗੀ ਵਿੱਚ ਨਗਰ ਭਵਨ ਮੁਹਾਲੀ ਦੀਆਂ ਵੱਖ-ਵੱਖ ਮਾਰਕੀਟਾਂ ਦੇ ਪ੍ਰਧਾਨਾਂ, ਵਪਾਰ ਮੰਡਲ, ਇੰਡਸਟਰੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ। ਨਗਰ ਨਿਗਮ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ। ਵਪਾਰੀਆਂ ਨੇ ਕਿਹਾ ਕਿ ਮਾਰਕੀਟਾਂ ਦੀ ਸਫ਼ਾਈ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ। ਦੁਕਾਨਦਾਰਾਂ ਨੇ ਮਾਰਕੀਟਾਂ ਵਿੱਚ ਵਾਹਨ ਪਾਰਕਿੰਗ ਦਾ ਮੁੱਦਾ ਵੀ ਚੁੱਕਿਆ। ਕਮਿਸ਼ਨ ਦੇ ਮੈਂਬਰ ਅਤੇ ਕਮਿਸ਼ਨਰ ਨੇ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਕਿ ਮਾਰਕੀਟਾਂ ਵਿੱਚ ਸਵੇਰੇ ਜਲਦੀ ਸਫ਼ਾਈ ਕੀਤੀ ਜਾਵੇ।
ਮਾਰਕੀਟਾਂ ਦੇ ਨੇੜੇ ਬਣੇ ਆਰਐੱਮਸੀ ਪੁਆਇੰਟਾਂ ਤੋਂ ਬਦਬੂ ਕਾਰਨ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਗੈਰ-ਕਾਨੂੰਨੀ ਰੇਹੜੀ-ਫੜੀ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਵੱਖ-ਵੱਖ ਐਸੋਸੀਏਸ਼ਨਾਂ ਨੇ ਗਮਾਡਾ ਅਤੇ ਪੁਲੀਸ ਨਾਲ ਸਬੰਧਤ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤੇ।
ਇਸ ਮੌਕੇ ਵਿਨੀਤ ਵਰਮਾ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਵਪਾਰੀਆਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ। ਇਸ ਮੌਕੇ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਨਿਤੀਸ਼ ਵਿੱਜ, ਸਤਨਾਮ ਸਿੰਘ, ਹਰੀਸ਼ ਸਿੰਗਲਾ, ਅਨਿਲ ਕੁਮਾਰ, ਜਸਵਿੰਦਰ ਸਿੰਘ, ਰਤਨ ਸਿੰਘ, ਸੁਰੇਸ਼ ਵਰਮਾ ਤੇ ਸਰਬਜੀਤ ਸਿੰਘ ਪ੍ਰਿੰਸ, ਮਨੋਜ ਕੁਮਾਰ, ਰਿੱਕੀ ਸ਼ਰਮਾ ਤੇ ਵਿਕਾਸ ਕੁਮਾਰ, ਗੁਰਬਚਨ ਸਿੰਘ, ਪੰਕਜ ਸ਼ਰਮਾ, ਅਸ਼ੋਕ ਅਗਰਵਾਲ, ਫੌਜਾ ਸਿੰਘ, ਵਪਾਰ ਮੰਡਲ ਦੇ ਚੇਅਰਮੈਨ ਸੀਤਲ ਸਿੰਘ, ਸੁਰੇਸ਼ ਗੋਇਲ, ਇੰਡਸਟਰੀ ਐਸੋਸੀਏਸ਼ਨ ਫੇਜ਼-9 ਦੇ ਨੁਮਾਇੰਦੇ ਦਵਿੰਦਰ ਸਿੰਘ ਲੌਂਗੀਆਂ ਆਦਿ ਹਾਜ਼ਰ ਸਨ।