ਕਾਮੇ ਦੀ ਹੱਤਿਆ ਦੇ ਦੋਸ਼ ਹੇਠ ਬਿਹਾਰ ਤੋਂ ਠੇਕੇਦਾਰ ਗ੍ਰਿਫ਼ਤਾਰ
ਨਵੀਂ ਦਿੱਲੀ, 5 ਅਪਰੈਲ
ਪੂਰਬੀ ਦਿੱਲੀ ਦੇ ਮੰਡਾਵਲੀ ਖੇਤਰ ਵਿੱਚ ਲੰਬੇ ਸਮੇਂ ਤੋਂ ਆਪਣੀ ਤਨਖ਼ਾਹ ਮੰਗ ਰਹੇ ਕਰਮਚਾਰੀ ਦੀ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ 40 ਸਾਲਾ ਠੇਕੇਦਾਰ ਨੂੰ ਬਿਹਾਰ ਦੇ ਗਿਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਪੁਲੀਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਦੀ ਪਛਾਣ ਰਾਮ ਪ੍ਰਵੇਸ਼ ਵਜੋਂ ਹੋਈ ਹੈ, ਜੋ ਮੁਲਜ਼ਮ ਕੋਲ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਠੇਕੇਦਾਰ ਪ੍ਰਵੇਸ਼ ਵੱਲੋਂ ਵਾਰ-ਵਾਰ ਬਕਾਇਆ ਮੰਗਣ ਕਾਰਨ ਸ਼ਰਮ ਮਹਿਸੂਸ ਕਰ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਲਛਮਣ ਪ੍ਰਸਾਦ ਵਜੋਂ ਹੋਈ ਹੈ ਅਤੇ ਉਹ ਘਟਨਾ ਦੇ ਬਾਅਦ 2018 ਤੋਂ ਫ਼ਰਾਰ ਸੀ। ਉਨ੍ਹਾਂ ਦੱਸਿਆ ਕਿ ਪ੍ਰਸਾਦ ਮੂਲ ਰੂਪ ਵਿੱਚ ਬਿਹਾਰ ਦੇ ਨਵਾਦਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ 2019 ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਬਿਹਾਰ ਦੇ ਗਿਆ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਪਲਾਸਟਰ ਆਫ਼ ਪੇੈਰਿਸ (ਪੀਓਪੀ) ਠੇਕੇਦਾਰ ਵਜੋਂ ਕੰਮ ਕਰਨ ਵਾਲੇ ਠੇਕੇਦਾਰ ਪ੍ਰਸਾਦ ਨੇ ਕਥਿਤ ਤੌਰ ’ਤੇ ਆਪਣੇ ਭਤੀਜੇ ਮੁਰਾਰੀ ਨਾਲ ਮਿਲ ਕੇ ਪ੍ਰਵੇਸ਼ ’ਤੇ ਹਮਲਾ ਕੀਤਾ। ਉਨ੍ਹਾਂ ਦਾ ਤਨਖ਼ਾਹ ਦੇ ਮਾਮਲੇ ਵਿੱਚ ਆਪਸ ਵਿੱਚ ਤਕਰਾਰ ਹੁੰਦਾ ਰਹਿੰਦਾ ਸੀ। ਮਾਮਲਾ ਨਿਪਟਾਉਣ ਦੇ ਬਹਾਨੇ ਉਨ੍ਹਾਂ ਮੁਲਜ਼ਮ ਨੂੰ ਇੱਕ ਗੁਪਤ ਸਥਾਨ ’ਤੇ ਬੁਲਾਇਆ ਅਤੇ ਮਗਰੋਂ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਰਾਮ ਪ੍ਰਵੇਸ਼ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਫ਼ੀ ਯਤਨਾਂ ਦੇ ਬਾਵਜੂਦ ਪ੍ਰਸਾਦ ਕਈ ਸਾਲ ਗ੍ਰਿਫ਼ਤਾਰੀ ਤੋਂ ਬਚਦਾ ਰਿਹਾ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣਾ ਠਿਕਾਣਾ ਬਦਲ ਕੇ ਰਹਿੰਦਾ ਰਿਹਾ। ਇਸ ਦੌਰਾਨ ਉਸ ਨੇ ਆਪਣੇ ਠੇਕੇ ਦੇ ਕੰਮ ਨੂੰ ਜਾਰੀ ਰੱਖਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਵਾਰ-ਵਾਰ ਤਨਖਾਹ ਮੰਗਣ ਕਾਰਨ ਸ਼ਰਮ ਮਹਿਸੂਸ ਕਰ ਰਿਹਾ ਸੀ ਅਤੇ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰ ਰਿਹਾ ਸੀ। ਇਸ ਕਾਰਨ ਮਗਰੋਂ ਉਸ ਨੇ ਆਪਣੇ ਭਤੀਜੇ ਨਾਲ ਮਿਲ ਕੇ ਉਸ ਦੀ ਹੱਤਿਆ ਦੀ ਯੋਜਨਾ ਬਣਾਈ । ਦੋਵਾਂ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। -ਪੀਟੀਆਈ