ਕਨਵੋਕੇਸ਼ਨ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਪੱਤਰ ਪ੍ਰੇਰਕ
ਯਮੁਨਾਨਗਰ, 28 ਅਪਰੈਲ
ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਆਡੀਟੋਰੀਅਮ ਵਿੱਚ ਕਨਵੋਕੇਸ਼ਨ ਸਮਾਰੋਹ ਵਿੱਚ 241 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ । ਹਰੇਕ ਕਾਲਜ ਦੇ ਵਿਦਿਆਰਥੀਆਂ ਲਈ ਮਾਣ ਅਤੇ ਜਸ਼ਨ ਦੇ ਇਸ ਖਾਸ ਦਿਨ ਦੀ ਸ਼ੁਰੂਆਤ ਵੰਦੇ ਮਾਤਰਮ ਗੀਤ ਨਾਲ ਹੋਈ । ਸਾਲਾਨਾ ਰਿਪੋਰਟ ਪੇਸ਼ ਕਰਦੇ ਹੋਏ, ਕਾਲਜ ਪ੍ਰਿੰਸੀਪਲ ਡਾ. ਅਨਿਲ ਧਵਨ ਨੇ ਕਾਲਜ ਦੀਆਂ ਅਕਾਦਮਿਕ, ਸੱਭਿਆਚਾਰਕ, ਖੇਡਾਂ, ਐੱਨਐੱਸਐੱਸ, ਐੱਨਸੀਸੀ, ਹੋਰ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਵੇਰਵਾ ਪੇਸ਼ ਕੀਤਾ । ਮੁੱਖ ਮਹਿਮਾਨ, ਵਾਈਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ (ਜੇਸੀ ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਵਾਈਐੱਮਸੀਏ ) ਫਰੀਦਾਬਾਦ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਵਿਦਿਅਕ ਸੰਸਥਾਵਾਂ ਦਾ ਉਦੇਸ਼ ਸਮਾਜ ਨੂੰ ਹੁਨਰਮੰਦ ਮਨੁੱਖੀ ਸਰੋਤ ਪ੍ਰਦਾਨ ਕਰਨਾ ਹੈ। ਉਨ੍ਹਾਂ ਅਧਿਆਪਕਾਂ ਦੀਆਂ ਜ਼ਿੰਮੇਵਾਰੀਆਂ, ਖੋਜ ਦੀ ਮਹੱਤਤਾ, ਨਵੀਨਤਾ ਅਤੇ ਵਿਦਿਆਰਥੀਆਂ ਵਿੱਚ ਪ੍ਰਸ਼ਨ ਪੁੱਛਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਜਗਜੀਤ ਸਿੰਘ ਭੱਲਾ (ਏਅਰ ਵਾਈਸ ਮਾਰਸ਼ਲ, ਸੇਵਾਮੁਕਤ) ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦਾ ਦੇਸ਼ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਰਾਹੀਂ ਹੀ ਵਿਅਕਤੀ ਦਾ ਬੌਧਿਕ, ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਅਧਿਆਤਮਿਕ ਵਿਕਾਸ ਸੰਭਵ ਹੈ। ਇਸ ਦੌਰਾਨ ਸਾਬਕਾ ਵਿਦਿਆਰਥੀ ਬ੍ਰਿਗੇਡੀਅਰ ਜਿਗਨੇਸ਼ ਖੇੜਾ ਨੇ ਵੀ ਪ੍ਰੇਰਨਾ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਯੂਨੀਵਰਸਿਟੀ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ 31,000 ਰੁਪਏ ਅਤੇ ਮੀਨਾਕਸ਼ੀ, ਪਲਕ, ਜੈਸਮੀਨ ਕੌਰ ਜੌਲੀ, ਅੰਕੁਸ਼ ਚੌਹਾਨ, ਪ੍ਰਿਯਾਂਸ਼ੂ, ਪ੍ਰਿਆ ਅਤੇ ਅਮਨਦੀਪ ਨੂੰ 20,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ । ਚੋਟੀ ਦੇ ਦਸ ਵਿੱਚ ਵੱਖ-ਵੱਖ ਸਥਾਨ ਪ੍ਰਾਪਤ ਕਰਨ ਲਈ ਹਰੇਕ ਨੂੰ 11,000 ਰੁਪਏ ਦਿੱਤੇ ਗਏ । ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਡਾ. ਰਮੇਸ਼ ਕੁਮਾਰ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਆਰਕੇ ਗਰਗ, ਸ਼ਸ਼ੀ ਬਟਲਾ, ਡਾ. ਅਨਿਲ ਬੁੱਧੀਰਾਜਾ, ਸ੍ਰੀਮਤੀ ਰੂਬੀ ਗੁਪਤਾ, ਡਾ. ਅਜੇ ਸ਼ਰਮਾ, ਡਾ. ਐੱਸਕੇ ਗਰਗ, ਡਾ. ਵਿਵੇਕ ਸ਼ਰਮਾ, ਮਿਹਰ ਬੈਨਰਜੀ, ਸੰਜੇ ਕੰਬੋਜ, ਹਰਿੰਦਰ ਸਿੰਘ ਹਾਜ਼ਰ ਸਨ।