ਕਾਂਗਰਸ ਦਾ ਮੇਅਰ ਬਣਾਉਣ ਦਾ ਦਾਅਵਾ ਹੋਇਆ ਹਵਾ
ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਵੱਲੋਂ ਲਗਾਤਾਰ ਮੇਅਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਹੁਣ ਇਹ ਦਾਅਵਾ ਪੂਰਾ ਹੁੰਦਾ ਦਿਖਾਈ ਨਹੀਂ ਦਿੰਦਾ। ਚੋਣਾਂ ਜਿੱਤਣ ਤੋਂ ਬਾਅਦ ਹੁਣ ਤੱਕ ਕਾਂਗਰਸ ਦੇ ਜੇਤੂ ਕੌਂਸਲਰ ਇੱਕ ਥਾਂ ਇਕੱਠੇ ਨਹੀਂ ਹੋ ਸਕੇ ਹਨ, ਜਦਕਿ 30 ਵਿੱਚੋਂ ਇੱਕ ਕੌਂਸਲਰ ਪਾਰਟੀ ਛੱਡ ਕੇ ਪਹਿਲਾਂ ਹੀ ‘ਆਪ’ ਵਿੱਚ ਵੀ ਚਲਾ ਗਿਆ ਹੈ।
ਬੀਤੇ ਦਿਨੀਂ ਲੁਧਿਆਣਾ ਵਿੱਚ ਪੰਜਾਬ ਦੇ ਸੂਬਾ ਪ੍ਰਧਾਨ ਤੇ ਲੋਕਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੱਜੇ ਸਨ। ਪੰਜਾਬ ਪ੍ਰਧਾਨ ਦੀ ਮੀਟਿੰਗ ਵਿੱਚ ਵੀ ਸਾਰੇ ਜੇਤੂ ਕੌਂਸਲਰ ਨਹੀਂ ਪੁੱਜੇ ਜਿਸ ਤੋਂ ਬਾਅਦ ਸਿਆਸੀ ਚਰਚਾ ਹੈ ਕਿ ਜੇਕਰ 29 ਕੌਂਸਲਰ ਹੀ ਇਕੱਠੇ ਨਹੀਂ ਹੋਏ ਤਾਂ ਕਾਂਗਰਸ 48 ਕੌਂਸਲਰਾਂ ਦਾ ਬਹੁਮਤ ਕਿਵੇਂ ਇਕੱਠਾ ਕਰ ਲਵੇਗੀ। ਨਗਰ ਨਿਗਮ ਚੋਣਾਂ ’ਚ ਸਪੱਸ਼ਟ ਬਹੁਮਤ ਨਾ ਮਿਲਣ ਤੋਂ ਬਾਅਦ ‘ਆਪ’ ਤੇ ਕਾਂਗਰਸ ਵੱਲੋਂ ਲਗਾਤਾਰ ਮੇਅਰ ਦੀ ਕੁਰਸੀ ’ਤੇ ਕਬਜ਼ਾ ਕਰਨ ਲਈ ਜ਼ੋਰ-ਸ਼ੋਰ ਨਾਲ ਯਤਨ ਕਰ ਰਹੇ ਹਨ। ਸਭ ਤੋਂ ਪਹਿਲਾਂ ‘ਆਪ’ ਨੇ ਜਿੱਤੇ ਕੌਂਸਲਰਾਂ ਨੂੰ ਆਪਣੇ ਵੱਲ ਕਰਨ ਦਾ ਸਿਲਸਿਲਾ ਆਰੰਭਿਆ ਤੇ ਵਾਰਡ 11 ਤੋਂ ਆਜ਼ਾਦ ਕੌਂਸਲਰ ਦੀਪਾ ਚੌਧਰੀ ਨੂੰ ਪਾਰਟੀ ’ਚ ਸ਼ਾਮਲ ਕੀਤਾ। ਇਸ ਮਗਰੋਂ ਅਕਾਲੀ ਕੌਂਸਲਰ ਚਤਰਵੀਰ ਸਿੰਘ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋਇਆ ਤੇ ਮਗਰੋਂ ਅਕਾਲੀ ਦਲ ਵਿੱਚ ਮੁੜ ਗਿਆ। ਇਸ ਤੋਂ ਬਾਅਦ ਕਾਂਗਰਸੀ ਕੌਂਸਲਰ ਜਗਦੀਸ਼ ਕੁਮਾਰ ਦੀਸ਼ਾ ‘ਆਪ’ ਵਿੱਚ ਸ਼ਾਮਲ ਹੋ ਗਏ।
ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੈ ਤਲਵਾੜ ਲਗਾਤਾਰ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਆਪਣੀ ਪਾਰਟੀ ਦਾ ਮੇਅਰ ਬਣਾਉਣ ਦਾ ਦਾਅਵਾ ਕਰਦੇ ਪੋਸਟਾਂ ਪਾ ਰਹੇ ਹਨ। 31 ਦਸੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਨਾ ਪਹੁੰਚਣ ਵਾਲੇ ਕੌਂਸਲਰਾਂ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ‘ਆਪ’ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਦੂਜੇ ਪਾਸੇ ‘ਆਪ’ ਆਗੂ ਵੀ ਦਾਅਵਾ ਕਰ ਰਹੇ ਹਨ ਕਿ 10 ਕਾਂਗਰਸੀ ਕੌਂਸਲਰ ਪਾਰਟੀ ਦੇ ਸੰਪਰਕ ਵਿੱਚ ਹਨ ਤੇ ਇਨ੍ਹਾਂ ’ਚੋਂ 6 ਕਿਸੇ ਵੀ ਵੇਲੇ ‘ਆਪ’ ’ਚ ਸ਼ਾਮਲ ਹੋ ਸਕਦੇ ਹਨ।
ਕਾਰਜਕਾਰੀ ਪ੍ਰਧਾਨ ਤੇ ਸਾਬਕਾ ਮੰਤਰੀ ਆਸ਼ੂ ਦੀ ਗ਼ੈਰਹਾਜ਼ਰੀ ਨੇ ਮੁੜ ਛੇੜੀ ਚਰਚਾ
\Bਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦਾ ਆਪਸੀ ਰਿਸ਼ਤਾ ਲੋਕਾਂ ਤੋਂ ਲੁਕਿਆ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਦੋਵੇਂ ਆਗੂਆਂ ਸਬੰਧਾਂ ਵਿੱਚ ਖਟਾਸ ਆ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਲੁਧਿਆਣਾ ਦੇ ਸੰਸਦ ਮੈਂਬਰ ਬਣੇ ਤਾਂ ਉਹ ਸਾਰੇ ਆਗੂਆਂ ਨੂੰ ਮਿਲਣ ਗਏ, ਪਰ ਆਸ਼ੂ ਨੂੰ ਮਿਲਣ ਨਹੀਂ ਗਏ। ਜਦੋਂ ਆਸ਼ੂ ਅਤੇ ਰਾਜਾ ਵੜਿੰਗ ਦਿੱਲੀ ਵਿੱਚ ਮਿਲੇ ਸਨ ਤਾਂ ਉੱਥੇ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਪਰ ਇਸ ਤੋਂ ਬਾਅਦ ਦੋਵੇਂ ਇੱਕ ਥਾਂ ’ਤੇ ਇਕੱਠੇ ਨਜ਼ਰ ਨਹੀਂ ਆਏ। ਰਾਜਾ ਵੜਿੰਗ ਨੇ ਆਸ਼ੂ ਦੇ ਇਲਾਕੇ ਵਿੱਚ ਪੈਂਦੇ ਵਾਰਡਾਂ ਵਿੱਚ ਚੋਣ ਪ੍ਰਚਾਰ ਵੀ ਕੀਤਾ। ਪਰ ਆਸ਼ੂ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਕਈ ਆਗੂ ਉਨ੍ਹਾਂ ਨੂੰ ਮਿਲਣ ਆਏ, ਪਰ ਰਾਜਾ ਵੜਿੰਗ ਦੀ ਦੂਰੀ ਹਾਲੇ ਵੀ ਬਰਕਰਾਰ ਹੈ।