For the best experience, open
https://m.punjabitribuneonline.com
on your mobile browser.
Advertisement

ਕਹਾਣੀਆਂ

04:26 AM Jan 09, 2025 IST
ਕਹਾਣੀਆਂ
Advertisement

ਗ਼ੁਰਬਤ ਦੇ ਓਹਲੇ

ਮਾਸਟਰ ਸੁਖਵਿੰਦਰ ਦਾਨਗੜ੍ਹ

Advertisement

ਹਰਬੰਸ ਕੌਰ ਆਪਣੀ ਗੁਆਂਢਣ ਸਿੰਦਰ ਨੂੰ ਨਾਲ ਲੈ ਕੇ ਆਪਣੇ ਪੁੱਤਰ ਨੂੰ ਦਵਾਈ ਦਿਵਾਉਣ ਲਈ ਸ਼ਹਿਰ ਲੈ ਗਈ ਕਿਉਂ ਜੋ ਉਸ ਨੂੰ ਠੰਢ ਲੱਗਣ ਕਰਕੇ ਕਈ ਦਿਨਾਂ ਤੋਂ ਲਗਾਤਾਰ ਤੇਜ਼ ਬੁਖਾਰ ਚੜ੍ਹ ਰਿਹਾ ਸੀ।
ਜਦੋਂ ਉਹ ਮੰਡੀ ਦੇ ਕੋਲ ਦੀ ਹਸਪਤਾਲ ਵੱਲ ਜਾ ਰਹੀਆਂ ਸਨ ਤਾਂ ਮੰਡੀ ਦੇ ਦੋਵੇਂ ਪਾਸੇ ਕੂੜੇ ਦੇ ਵੱਡੇ-ਵੱਡੇ ਢੇਰ ਅਤੇ ਝੁੱਗੀਆਂ-ਝੌਪੜੀਆਂ ਦੇ ਨਾਲ-ਨਾਲ ਉਸ ਦੀ ਨਜ਼ਰ ਉੱਥੇ ਖੇਡ ਰਹੇ ਕੁਝ ਬੱਚਿਆਂ ’ਤੇ ਪਈ। ਉਹ ਨੰਗੇ ਪੈਰੀਂ ਅਤੇ ਪਾਟੇ-ਪੁਰਾਣੇ ਕੱਪੜੇ ਪਾਈ ਆਪਣੀ ਮਸਤੀ ’ਚ ਮਗਨ ਸਨ। ਦੂਜੇ ਪਾਸੇ ਕੁਝ ਔਰਤਾਂ ਕਮੇਟੀ ਦੀਆਂ ਟੂਟੀਆਂ ਹੇਠਾਂ ਕੱਪੜੇ ਧੋ ਰਹੀਆਂ ਸਨ ਅਤੇ ਕੁਝ ਕੱਪੜਿਆਂ ਸਮੇਤ ਨਹਾ ਵੀ ਰਹੀਆਂ ਸਨ।
ਇਹ ਸਭ ਦੇਖ ਕੇ ਹਰਬੰਸ ਕੌਰ ਰੁਕ ਗਈ ਅਤੇ ਸਿੰਦਰ ਨੂੰ ਕਹਿਣ ਲੱਗੀ, ‘‘ਆਹ ਦੇਖ ਲੈ ਭੈਣੇ! ਐਨੀ ਠੰਢ ’ਚ ਵੀ ਇਨ੍ਹਾਂ ਦੇ ਜਵਾਕ ਕਿਵੇਂ ਸਿਰ-ਪੈਰੋਂ ਨੰਗੇ-ਧੜੰਗੇ ਭੱਜੇ ਫਿਰਦੇ ਨੇ, ਮਜ਼ਾਲ ਐ ਕੋਈ ਬਮਾਰ ਹੋ ਜੇ। ਏਧਰ ਆਪਣੇ ਆਲ਼ੇ ਮਾੜ੍ਹੀ ਜੀ ਗਰਮੀ-ਸਰਦੀ ਨ੍ਹੀਂ ਝੱਲਦੇ।’’
‘‘ਹਾਂ ਭੈਣੇ ਹਰਬੰਸ, ਇਹ ਤਾਂ ਪਤਾ ਨਹੀਂ ਜੈ ਵੱਢੇ ਕਿਹੜੀ ਮਿੱਟੀ ਦੇ ਬਣੇ ਨੇ, ਨਾਲੇ ਕਦੇ ਕੋਈ ਇਨ੍ਹਾਂ ਦਾ ਬਮਾਰ ਹੁੰਦਾ ਨ੍ਹੀਂ ਵੇਖਿਆ, ਪਏ ਵੀ ਵੱਟਿਆਂ ਵਰਗੇ ਨੇ,’’ ਸਿੰਦਰ ਨੇ ਹਾਂ ’ਚ ਹਾਂ ਮਿਲਾਈ।
ਇਹ ਸਭ ਸੁਣ ਕੇ ਪਿੱਛੇ ਹੀ ਕੱਪੜੇ ਧੋ ਰਹੀ ਇੱਕ ਔਰਤ ਉਨ੍ਹਾਂ ਦੇ ਕੋਲ ਆ ਕੇ ਕਹਿਣ ਲੱਗੀ, ‘‘ਬੀਬੀ ਜੀ! ਸਾਰੇ ਆਪ ਜੈਸੇ ਹੀ ਗੱਲਾਂ ਕਰਦੇ ਨੇ, ਪਰ ਸਾਡੇ ਦੁੱਖ-ਦਰਦ ਕੋਈ ਵੀ ਨਾ ਸਮਝੇ! ਬਮਾਰ ਅਸੀਂ ਵੀ ਹੁੰਨੇ ਆਂ, ਬੀਮਾਰੀ ਸਾਨੂੰ ਵੀ ਲੱਗੇ, ਮਰਦੇ ਸਾਡੇ ਵੀ ਐ,’’ ਇਹ ਕਹਿ ਕੇ ਉਸ ਔਰਤ ਨੇ ਅੱਖਾਂ ਭਰ ਲਈਆਂ।
ਹਰਬੰਸ ਤੇ ਸਿੰਦਰ ਇਕੱਠੀਆਂ ਬੋਲੀਆਂ, ‘‘ਭੈਣੇ! ਅਸੀਂ ਤਾਂ ਸੁਭਾਇਕੀ ਗੱਲਾਂ ਕਰਦੀਆਂ ਸੀ, ਜਿਵੇਂ ਲੋਕ ਆਖ ਦਿੰਦੇ ਐ।’’
‘‘ਹਾਂ ਬੀਬੀ ਜੀ!! ਪਰ ਉਹ ਸਾਨੂੰ ਸਮਝੇ ਕਹਾਂ, ਆਹ ਝੋਂਪੜੀ ਆਲਿਆਂ ਦਾ ਬੱਚਾ ਅਜੇ ਕੱਲ੍ਹ ਹੀ ਪੂਰਾ ਹੋਇਐ! ਔਹ ਕੂੜੇ ਦੇ ਢੇਰ ਕੋਲ ਕਬਰ ਐ ਉਹਦੀ!!’’
ਇਹ ਆਖਦਿਆਂ ਉਸ ਦੀਆਂ ਅੱਖਾਂ ’ਚੋਂ ਤ੍ਰਿਪ-ਤ੍ਰਿਪ ਹੰਝੂ ਵਗਣ ਲੱਗੇ।
ਸੰਪਰਕ: 94171-80205
* * *

Advertisement

ਉਪਕਾਰ

ਡਾ. ਗੁਰਤੇਜ ਸਿੰਘ
ਪਿੰਡ ਦੇ ਨੇੜਿਉਂ ਲੰਘਦੇ ਰਜਵਾਹੇ ਵਿੱਚ ਕੜਾਕੇ ਦੀ ਸਰਦੀ ਵਾਲੀ ਰਾਤ ਨੂੰ ਇੱਕ ਬਿਰਧ ਤੇ ਬਿਮਾਰ ਗਊ ਡਿੱਗ ਪਈ ਸੀ। ਦਿਨ ਚੜ੍ਹੇ ਧੁੰਦ ਦੀ ਚਾਦਰ ਹਟੀ ਤਾਂ ਲੋਕਾਂ ਨੂੰ ਗਊ ਬਾਰੇ ਪਤਾ ਲੱਗਿਆ। ਪਿੰਡ ਦੇ ਨੌਜਵਾਨ ਤੇ ਹੋਰ ਲੋਕ ਰਜਵਾਹੇ ਕੰਢੇ ਇਕੱਠੇ ਹੋ ਗਏ ਸਨ। ਸਾਰੇ ਇੱਕ ਦੂਜੇ ਨੂੰ ਪੁੱਛ ਰਹੇ ਸਨ, ‘‘ਪੱਤਰਕਾਰ ਬਾਈ ਕਦੋਂ ਆਵੇਗਾ।’’ ਇਸੇ ਤਰ੍ਹਾਂ ਕਾਫ਼ੀ ਸਮਾਂ ਬੀਤ ਗਿਆ। ਸਾਰੇ ਸਾਧਨ ਮੌਜੂਦ ਹੋਣ ਦੇ ਬਾਵਜੂਦ ਗਊ ਨੂੰ ਬਾਹਰ ਨਾ ਕੱਢਿਆ ਗਿਆ। ਦਰਅਸਲ, ਲੋਕ ਉਸ ਗਊ ਨੂੰ ਪਾਣੀ ’ਚੋਂ ਬਾਹਰ ਕੱਢਦੇ ਹੋਏ ਫੋਟੋ ਖਿਚਵਾਉਣਾ ਚਾਹੁੰਦੇ ਸਨ ਤਾਂ ਜੋ ਅਖ਼ਬਾਰ ਵਿੱਚ ਇਹ ਫੋਟੋ ਤੇ ਖ਼ਬਰ ਛਪ ਸਕੇ ਜੋ ਉਨ੍ਹਾਂ ਦੇ ਉਪਕਾਰ ਨੂੰ ਦੁਨੀਆ ਸਾਹਮਣੇ ਜ਼ਾਹਰ ਕਰ ਸਕੇ। ਤਿੰਨ ਘੰਟਿਆਂ ਬਾਅਦ ਪੱਤਰਕਾਰ ਪੁੱਜਾ ਤੇ ਗਊ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋਇਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਗਊ ਨੂੰ ਬਾਹਰ ਕੱਢਿਆ ਗਿਆ। ਕੜਾਕੇ ਦੀ ਠੰਢ, ਬਿਮਾਰ ਹਾਲਤ ਅਤੇ ਕੱਢਣ ’ਚ ਦੇਰੀ ਕਾਰਨ ਕੁਝ ਸਮੇਂ ਬਾਅਦ ਹੀ ਗਊ ਦੀ ਜਾਨ ਨਿਕਲ ਗਈ ਸੀ। ਭੀੜ ਵਿੱਚੋਂ ਹੀ ਕੁਝ ਲੋਕ ਕਹਿ ਰਹੇ ਸਨ ਕਿ ‘ਅਗਰ ਇਸ ਨੂੰ ਤਿੰਨ ਘੰਟੇ ਪਹਿਲਾਂ ਕੱਢਿਆ ਜਾਂਦਾ ਤਾਂ...।’
ਸੰਪਰਕ: 95173-96001
* * *

ਅਧੂਰੇ ਸੁਪਨੇ

ਗੁਰਦੀਪ ਸਿੰਘ

ਕਿਸੇ ਨੇ ਸਾਰੇ ਪਿੰਡ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਸਰਕਾਰ ਨੇ ਸਾਰੇ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਦੇ ਖਾਤਿਆਂ ਵਿੱਚ ਇੱਕ ਯੋਜਨਾ ਤਹਿਤ ਪੰਜ ਪੰਜ ਹਜ਼ਾਰ ਰੁਪਏ ਪਾ ਦਿੱਤੇ ਹਨ। ਇਹ ਗੱਲ ਜੰਗਲ ਦੀ ਅੱਗ ਵਾਂਗੂੰ ਸਾਰੇ ਪਿੰਡ ਵਿੱਚ ਫੈਲ ਗਈ। ਜਦੋਂ ਬਾਹਰੋਂ ਇਹ ਗੱਲ ਸ਼ਾਮੇ ਨੂੰ ਪਤਾ ਲੱਗੀ ਤਾਂ ਉਹ ਜਲਦੀ ਜਲਦੀ ਘਰ ਆਇਆ। ਉਸ ਨੇ ਆਪਣੀ ਪਤਨੀ ਨੂੰ ਕਿਹਾ, ‘‘ਭਾਗਵਾਨੇ, ਛੇਤੀ ਛੇਤੀ ਤਿਆਰ ਹੋ ਜਾ, ਅੱਜ ਆਪਾਂ ਬੈਂਕ ਜਾਣਾ ਏ।’’ ਉਸ ਨੇ ਪੁੱਛਿਆ, ‘‘ਅੱਜ ਆਪਾਂ ਬੈਂਕ ਕੀ ਲੈਣ ਜਾਣਾ ਏ?’’ ‘‘ਭਲੀਏ ਲੋਕੇ, ਖ਼ਬਰ ਹੀ ਖ਼ੁਸ਼ੀ ਵਾਲੀ ਏ।’’ ਉਸ ਨੇ ਕਿਹਾ, ‘‘ਅਜਿਹੀ ਕਿਹੜੀ ਖ਼ਬਰ ਐ ਜਿਸ ਕਰਕੇ ਤੂੰ ਉੱਡਿਆ ਫਿਰਦਾ ਏਂ?’’ ‘‘ਹੁਣੇ ਹੁਣੇ ਮੈਂ ਸੱਥ ’ਚ ਇਹ ਗੱਲ ਸੁਣ ਕੇ ਆਇਆ ਹਾਂ ਕਿ ਅੱਜ ਸਰਕਾਰ ਨੇ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਦੇ ਖਾਤਿਆਂ ਵਿੱਚ ਪੰਜ ਪੰਜ ਹਜ਼ਾਰ ਰੁਪਏ ਪਾ ਦਿੱਤੇ ਹਨ।’’ ਇਹ ਸੁਣ ਕੇ ਸ਼ਾਮੇ ਦੀ ਪਤਨੀ ਬਹੁਤ ਖ਼ੁਸ਼ ਹੋਈ। ਉਹ ਰੱਬ ਦਾ ਸ਼ੁਕਰ ਕਰਦਿਆਂ ਕਹਿਣ ਲੱਗੀ, ‘‘ਸ਼ੁਕਰ ਉਸ ਰੱਬ ਦਾ ਜਿਸ ਨੇ ਸਾਡੇ ਵਰਗੇ ਗ਼ਰੀਬਾਂ ਦੀ ਵੀ ਸੁਣੀ। ਦੱਸੋ ਭਲਾ ਅੱਜ ਦੇ ਮਹਿੰਗਾਈ ਦੇ ਸਮੇਂ ’ਚ ਸੱਤ ਅੱਠ ਸੌ ਨਾਲ ਭਲਾ ਕਿੱਥੋਂ ਗੁਜ਼ਾਰੇ ਹੁੰਦੇ ਨੇ। ਚੜ੍ਹਦੀ ਕਲਾ ’ਚ ਰਹੇ ਸਾਡੀ ਪੰਜਾਬ ਸਰਕਾਰ ਜੋ ਸਾਡੇ ਵਰਗੇ ਗ਼ਰੀਬਾਂ ਦੀ ਵੀ ਸੁਣਨ ਲੱਗੀ ਏ।’’ ਸ਼ਾਮੇ ਨੇ ਹੱਸਦਿਆਂ ਕਿਹਾ, ‘‘ਭਾਗਵਾਨੇ, ਐਤਕੀਂ ਇਨ੍ਹਾਂ ਪੈਸਿਆਂ ਨਾਲ ਸਾਰੇ ਧੋਣੇ ਧੋਤੇ ਜਾਣਗੇ। ਦੁੱਧ ਵਾਲਿਆਂ ਦੇ ਪੈਸੇ ਦਿੱਤੇ ਜਾਣਗੇ, ਸੌਦੇ ਪੱਤੇ ਵਾਲਿਆਂ ਦੇ ਸਿਰ ਚੜ੍ਹੇ ਪੈਸੇ ਵੀ ਲਹਿ ਜਾਣਗੇ, ਦੋ ਮਹੀਨਿਆਂ ਤੋਂ ਕੱਟੀ ਬਿਜਲੀ ਦੀ ਤਾਰ ਵੀ ਲੱਗ ਜਾਵੇਗੀ। ਡਾਕਟਰ ਤੋਂ ਵੀ ਕਿੰਨੇ ਚਿਰ ਤੋਂ ਉਧਾਰ ਹੀ ਦਵਾਈ ਖਾ ਰਹੇ ਆਂ, ਉਸ ਨਾਲ ਵੀ ਆਪਣਾ ਹਿਸਾਬ ਹੋ ਜਾਵੇਗਾ। ਚੱਲ ਐਤਕੀਂ ਆਪਾਂ ਦੋਵੇਂ ਨਵੇਂ ਕੱਪੜੇ ਵੀ ਬਣਾ ਲਵਾਂਗੇ। ਐਤਕੀਂ ਸਿੰਦੋ ਧੀ ਨੂੰ ਵੀ ਕੁਝ ਦੇ ਆਵਾਂਗੇ।’’ ਆਪਣੇ ਮਨ ਅੰਦਰ ਪਤਾ ਨਹੀਂ ਕਿੰਨੇ ਕੁ ਸੁਪਨੇ ਸਜਾਉਂਦੇ ਹੋਏ ਉਹ ਦੋਵੇਂ ਪਿੰਡ ’ਚ ਬਣੀ ਬੈਂਕ ਵੱਲ ਤੁਰ ਪਏ। ਬੈਂਕ ਉਸ ਦੇ ਘਰ ਤੋਂ ਬਹੁਤ ਦੂਰ ਸੀ, ਪਰ ਪੈਸਿਆਂ ਦੇ ਚਾਅ ’ਚ ਉਨ੍ਹਾਂ ਨੂੰ ਬੈਂਕ ਕੋਈ ਦੂਰ ਨਹੀਂ ਸੀ ਲੱਗ ਰਹੀ। ਜਦ ਉਹ ਬੈਂਕ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਬੈਂਕ ਦੇ ਗੇਟ ਸਾਹਮਣੇ ਉਨ੍ਹਾਂ ਵਰਗੇ ਬਹੁਤ ਸਾਰੇ ਲੋਕ ਖੜ੍ਹੇ ਸਨ। ਉਸ ਨੇ ਜਾ ਕੇ ਵੇਖਿਆ ਕਿ ਲੋਕ ਬੈਂਕ ਵਾਲੇ ਮੁਲਾਜ਼ਮ ਨਾਲ ਬਹਿਸ ਰਹੇ ਸਨ। ਮੁਲਾਜ਼ਮ ਦਾ ਕਹਿਣਾ ਸੀ, ‘‘ਕਿਹੜੇ ਪੰਜ ਹਜ਼ਾਰ ਰੁਪਏ? ਕਿਸੇ ਵੀ ਸਰਕਾਰ ਨੇ ਕਿਸੇ ਦੇ ਵੀ ਖਾਤਿਆਂ ਵਿੱਚ ਕਿਸੇ ਵੀ ਯੋਜਨਾ ਤਹਿਤ ਪੰਜ ਪੰਜ ਹਜ਼ਾਰ ਰੁਪਏ ਨਹੀਂ ਪਾਏ। ਇਹ ਤੁਹਾਨੂੰ ਕਿਸੇ ਨੇ ਗ਼ਲਤਫ਼ਹਿਮੀ ਵਿੱਚ ਪਾ ਦਿੱਤਾ ਏ। ਜ਼ਰਾ ਗੌਰ ਕਰੋ, ਸਰਕਾਰਾਂ ਤਾਂ ਪਹਿਲਾਂ ਹੀ ਰੌਲਾ ਪਾਈ ਜਾਂਦੀਆਂ ਨੇ ਕਿ ਖ਼ਜ਼ਾਨੇ ਖਾਲੀ ਪਏ ਨੇ। ਤਿੰਨ-ਤਿੰਨ ਮਹੀਨੇ ਤੁਹਾਡੀਆਂ ਪੈਨਸ਼ਨਾਂ ਨਹੀਂ ਪੈਂਦੀਆਂ। ਦੱਸੋ ਫਿਰ ਤੁਹਾਡੇ ਖਾਤਿਆਂ ’ਚ ਪੈਸੇ ਕਿੱਥੋਂ ਆਉਣੇ ਹਨ। ਨਾਲੇ ਤੁਸੀਂ ਕਦੇ ਵੀ ਝੂਠੀਆਂ ਅਫ਼ਵਾਹਾਂ ’ਚ ਨਾ ਆਇਆ ਕਰੋ। ਮਿਹਰਬਾਨੀ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਉ।’’ ਬੈਂਕ ਮੁਲਾਜ਼ਮ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਆਪੋ-ਆਪਣੇ ਘਰਾਂ ਨੂੰ ਤਰ ਪਏ। ਸ਼ਾਮੇ ਨੇ ਵੀ ਆਪਣੀ ਪਤਨੀ ਨੂੰ ਕਿਹਾ, ‘‘ਭਾਗਵਾਨੇ, ਆ ਆਪਾਂ ਘਰ ਚੱਲੀਏ। ਕੀ ਮਿਲਿਆ ਸ਼ਰਾਰਤੀ ਲੋਕਾਂ ਨੂੰ ਸਾਡੇ ਵਰਗੇ ਬੁੱਢਿਆਂ ਨਾਲ ਮਜ਼ਾਕ ਕਰਕੇ।’’
ਸੰਪਰਕ: 98153-47509
* * *

ਨੇਕ ਸਲਾਹ

ਸੁਖਵਿੰਦਰ ਸਿੰਘ ਹੈਪੀ
ਇੱਕ ਬਹੁਤ ਹੀ ਮਸ਼ਹੂਰ ਗੀਤਕਾਰ ਨੇ ਚੋਟੀ ਦੇ ਗਾਇਕ ਨੂੰ ਫੋਨ ਕੀਤਾ ਅਤੇ ਕਹਿੰਦਾ, ‘‘ਬੇਟੇ ਦਾ ਵਿਆਹ ਆ ਗਿਆ ਹੈ, ਤੇਰੇ ਨਾਲ ਸਲਾਹ ਕਰਨੀ ਹੈ। ਤੈਨੂੰ ਤਾਂ ਪਤਾ ਹੀ ਹੈ ਮੇਰੇ ਲਿਖੇ ਗੀਤ ਬਹੁਤ ਗਾਇਕਾਂ ਨੇ ਗਾਏ ਹਨ। ਵਿਆਹ ’ਤੇ ਸਾਰੇ ਗਾਇਕ ਬੁਲਾਏ ਤਾਂ ਇੱਕ ਗਾਇਕ ਨਾਲ ਘੱਟ ਤੋਂ ਘੱਟ ਪੰਜ ਬੰਦੇ ਤਾਂ ਆਉਣਗੇ ਹੀ, ਤੂੰ ਬੜਾ ਸਿਆਣਾ ਤੇ ਸੂਝਵਾਨ ਗਾਇਕ ਏਂ। ਮੈਨੂੰ ਇਸ ਚੱਕਰਵਿਊ ’ਚੋਂ ਕੱਢ...।’’ ਗਾਇਕ ਨੇ ਕਿਹਾ, ‘‘ਗੱਲ ਹੀ ਕੋਈ ਨਹੀਂ, ਜਿਸ ਗਾਇਕ ਨੂੰ ਤੁਸੀਂ ਬੇਟੇ ਦੇ ਵਿਆਹ ’ਤੇ ਬੁਲਾਉਣਾ ਨਹੀਂ ਚਾਹੁੰਦੇ, ਉਸ ਗਾਇਕ ਨੂੰ ਵਿਆਹ ਦਾ ਕਾਰਡ ਵੱਟਸਐਪ ਕਰ ਦਿਉ।’’ ਗਾਇਕ ਦੀ ਦਿੱਤੀ ਸਲਾਹ ਉਸ ਨੂੰ ਬਹੁਤ ਹੀ ਵਧੀਆ ਲੱਗੀ ਤੇ ਧੰਨਵਾਦ ਕਰਕੇ ਉਸ ਨੇ ਫੋਨ ਕੱਟ ਦਿੱਤਾ। ਕੁਝ ਦਿਨਾਂ ਬਾਅਦ ਫੋਨ ਦੇਖ ਕੇ ਸਲਾਹ ਦੇਣ ਵਾਲੇ ਗਾਇਕ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਕਿਉਂਕਿ ਉਸ ਗੀਤਕਾਰ ਨੇ ਉਸ ਗਾਇਕ ਨੂੰ ਹੀ ਵਿਆਹ ਦਾ ਕਾਰਡ ਵੱਟਸਐਪ ਕਰ ਦਿੱਤਾ ਸੀ।
* * *

ਦੁਸ਼ਮਣ ਮਿੱਤਰ

ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ
ਪਿੰਦਰ ਲੰਮੇ ਅਰਸੇ ਤੋਂ ਸ਼ਰਾਬ ਨੂੰ ਅਲਵਿਦਾ ਆਖ ਕੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ। ਇੱਕ ਦਿਨ ਬਾਜ਼ਾਰ ਵਿੱਚ ਖਰੀਦਦਾਰੀ ਕਰਦਿਆਂ ਅਚਾਨਕ ਪੁਰਾਣਾ ਮਿੱਤਰ ਮਿਲਿਆ ਤੇ ਉਹ ਅੱਭੜਵਾਹੇ ਬੋਲਿਆ, ‘‘ਉਏ ਪਿੰਦਰ, ਅਜੇ ਤੂੰ ਜਿਉਂਦਾ ਐਂ?’’ ਪੁਰਾਣੇ ਮਿੱਤਰ ਦੇ ਅਲਫ਼ਾਜ਼ਾਂ ਨੇ ਪਿੰਦਰ ਦੇ ਦਿਲੋ-ਦਿਮਾਗ਼ ਵਿੱਚ ਤਰਥੱਲੀ ਮਚਾ ਦਿੱਤੀ। ਉਹ ਕਾਹਲੀ ਕਾਹਲੀ ਉਸ ਤੋਂ ਪਿੱਛਾ ਛੁਡਾਉਂਦਿਆਂ ਘਰ ਵੱਲ ਹੋ ਤੁਰਿਆ। ਹੁਣ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਸ਼ਰਾਬ ਦੀ ਲੋਰ ਵਿੱਚ ਉਹ ਆਪਣੇ ਮਿੱਤਰ ਸਮਝ ਰਿਹਾ ਸੀ ਉਹ ਕਿੰਨੀ ਬੇਸਬਰੀ ਨਾਲ ਉਸ ਦੀ ਮੌਤ ਉਡੀਕ ਰਹੇ ਹਨ।
ਸੰਪਰਕ: 94646-01001
* * *

ਸੋਨੇ ਦੀ ਮੋਹਰ

ਧਰਮ ਸਿੰਘ ਰਾਈਏਵਾਲ

ਭਗਤ ਰਾਮ ਖੇਤਾਂ ਵਿੱਚ ਹਲ ਵਾਹੁਣ ਤੋਂ ਬਾਅਦ ਥਕੇਵਾਂ ਲਾਹੁਣ ਲਈ ਇੱਕ ਦੋ ਪੈੱਗ ਲਾ ਕੇ ਵਾਪਸ ਆਪਣੇ ਘਰ ਨੂੰ ਮੁੜਦਾ। ਮੁੜਨ ਤੋਂ ਪਹਿਲਾਂ ਪਿੰਡ ਦੀ ਪਰਚੂਨ ਦੁਕਾਨ ਤੋਂ ਜ਼ਰਦੇ ਦੀ ਪੁੜੀ ਲਿਆਉਣ ਲਈ ਪਿੰਡ ਵਿੱਚ ਤਾਰਾ ਸਿੰਘ ਦੀ ਦੁਕਾਨ ’ਤੇ ਜਾਂਦਾ। ਉੱਥੋਂ ਜ਼ਰਦੇ ਦੀ ਤਲਬ ਪੂਰੀ ਕਰਨ ਲਈ ਪੁੜੀ ਲਿਆ ਕੇ ਵਾਪਸ ਚਲਿਆ ਜਾਂਦਾ। ਅੱਜ ਵੀ ਹਲ ਥੰਮ ਕੇ ਭਗਤ ਰਾਮ ਫਿਰ ਉਸ ਦੁਕਾਨ ’ਤੇ ਜਾ ਕੇ ਜੇਬ ਵਿੱਚੋਂ ਪਿੱਤਲ ਦੇ 20 ਪੈਸੇ ਦੇ ਕੇ ਜ਼ਰਦੇ ਦੀ ਪੁੜੀ ਲੈਣ ਲਈ ਦੁਕਾਨਦਾਰ ਨੂੰ ਪੈਸੇ ਫੜਾਉਂਦਾ ਹੈ। ਹੁਣ ਦੁਕਾਨਦਾਰ ਵੀ ਸਮਝ ਗਿਆ ਕਿ ਅੱਜ ਭਗਤ ਰਾਮ ਥੋੜ੍ਹਾ ਟੈਟ ਲੱਗਦਾ ਹੈ ਤੇ ਉਸ ਨੇ ਕੁਝ ਵੀ ਕਹਿਣ ਤੋਂ ਬਗੈਰ ਉਸ ਦੀ ਤਲਬ ਪੂਰੀ ਕਰਨ ਲਈ ਮੋਰ ਛਾਪ ਦਾ ਜ਼ਰਦਾ ਅਤੇ ਕਲੀ ਦੇ ਦਿੱਤੀ ਤੇ ਉਹ 20 ਪੈਸੇ ਆਪਣੇ ਗੱਲੇ ਵਿੱਚ ਅਲੱਗ ਰੱਖ ਲਏ। ਸਵੇਰ ਹੋਈ ਤਾਂ ਦੁਕਾਨਦਾਰ ਨੇ ਆਪਣੀ ਦੁਕਾਨ ਖੋਲ੍ਹਣ ਤੋਂ ਬਾਅਦ ਉਹ 20 ਪੈਸੇ ਕੱਢੇ ਤੇ ਦੇਖਣ ਲੱਗਿਆ। ਦੇਖ ਕੇ ਉਹ ਹੈਰਾਨ ਹੋਇਆ ਕਿ ਕੱਲ੍ਹ ਰਾਤ ਇਹ 20 ਪੈਸੇ ਕਹਿ ਕੇ ਮੈਥੋਂ ਕਿਸੇ ਨੇ ਜ਼ਰਦੇ ਦੀ ਪੁੜੀ ਲਈ ਸੀ, ਪਰ ਇਹ 20 ਪੈਸੇ ਨਹੀਂ ਸੀ ਸਗੋਂ ਸੋਨੇ ਦੀ ਮੋਹਰ ਸੀ। ਦੁਕਾਨਦਾਰ ਤਾਰਾ ਸਿੰਘ ਨੇ ਆਪਣੀ ਇਮਾਨਦਾਰੀ ਦਿਖਾਉਂਦਿਆਂ ਉਨ੍ਹਾਂ ਦੇ ਘਰ ਨੂੰ ਚਾਲੇ ਪਾ ਦਿੱਤੇ। ਸਵੇਰ ਦਾ ਸਮਾਂ ਸੀ। ਚਾਹ-ਪਾਣੀ ਬਣ ਰਿਹਾ ਸੀ ਤਾਂ ਦੁਕਾਨਦਾਰ ਨੇ ਭਗਤ ਰਾਮ ਦੀ ਪਤਨੀ ਨੂੰ ਬੁਲਾਇਆ ਤੇ ਸਾਰੇ ਪਰਿਵਾਰ ਨੂੰ ਬੁਲਾਉਣ ਲਈ ਕਿਹਾ।
ਉਸ ਦੀ ਪਤਨੀ ਨੇ ਉਸ ਦੇ ਸਾਰੇ ਮੁੰਡੇ ਤੇ ਕੁੜੀਆਂ ਨੂੰ ਇਕੱਠੇ ਕਰਕੇ ਬੁਲਾ ਲਿਆ। ਪਤਾ ਕਿਸੇ ਨੂੰ ਵੀ ਨਾ ਲੱਗੇ ਕਿ ਅੱਜ ਦੁਕਾਨਦਾਰ ਚਾਚਾ ਜੀ ਸਵੇਰ ਵੇਲੇ ਕਿਉਂ ਆਏ ਹਨ? ਸਾਨੂੰ ਸਾਰਿਆਂ ਨੂੰ ਇਕੱਠਾ ਕਿਉਂ ਕੀਤਾ ਹੈ? ਮਨ ’ਚ ਸਵਾਲ ਉੱਠ ਰਹੇ ਸਨ। ਜਦੋਂ ਉਸ ਦੀ ਪਤਨੀ ਨੇ ਕਿਹਾ, ‘‘ਵੀਰ, ਕੀ ਗੱਲ ਹੈ? ਕੋਈ ਗੱਲ ਹੋ ਗਈ?’’ ‘‘ਨਹੀਂ ਕੋਈ ਗੱਲ ਨਹੀਂ ਹੋਈ, ਬਸ ਮੈਂ ਤਾਂ ਤੁਹਾਡੀ ਇੱਕ ਅਮਾਨਤ ਦੇਣ ਵਾਸਤੇ ਆਇਆ ਹਾਂ,’’ ਦੁਕਾਨਦਾਰ ਨੇ ਕਿਹਾ। ਉਸ ਦੀ ਪਤਨੀ ਬੋਲੀ, ‘‘ਕਿਹੜੀ ਅਮਾਨਤ?’’ ‘‘ਦੱਸਦਾ ਹਾਂ,’’ ਦੁਕਾਨਦਾਰ ਨੇ ਹੌਲੀ ਜਿਹੀ ਬੋਲਦਿਆਂ ਕਿਹਾ, ‘‘ਪਹਿਲਾਂ ਚਾਹ ਚੂਹ ਪਿਆਓ ਭਾਈ।’’ ਚਾਹ ਪਿਆਈ ਗਈ। ਫਿਰ ਉਨ੍ਹਾਂ ਨੇ ਰਾਤ ਵਾਲੀ ਕਹਾਣੀ ਦੁਹਰਾਉਣੀ ਸ਼ੁਰੂ ਕੀਤੀ, ‘‘ਜੁਆਕਾਂ ਦਾ ਬਾਪੂ ਰਾਤ ਮੇਰੇ ਕੋਲੋਂ 20 ਪੈਸੇ ਦੀ ਜਗ੍ਹਾ ਇਹ ਸੋਨੇ ਦੀ ਮੋਹਰ ਦੇ ਕੇ ਜ਼ਰਦੇ ਦੀ ਪੁੜੀ ਲੈ ਗਿਆ ਸੀ, ਲੇਕਿਨ ਉਹ ਥੋੜ੍ਹਾ ਟੱਲੀ ਹੋਣ ਕਾਰਨ ਮੈਂ ਉਸ ਨੂੰ ਜ਼ਰਦੇ ਦੀ ਪੁੜੀ ਦੇ ਕੇ ਵਾਪਸ ਮੋੜ ਦਿੱਤਾ। ਇਹ ਹੈ ਤੁਹਾਡੀ ਅਮਾਨਤ ਸੋਨੇ ਦੀ ਮੋਹਰ। ਮੈਂ ਸੋਚਿਆ ਕਿ ਸਵੇਰੇ ਘਰੇ ਵਾਪਸ ਕਰਕੇ ਆਵਾਂਗਾ।’’ ਹੁਣ ਸਾਰਾ ਟੱਬਰ ਚਾਚੇ ਦੀਆਂ ਸਿਫ਼ਤਾਂ ਕਰਨ ਲੱਗਾ ਤੇ ਚਾਚੇ ਦੀ ਇਮਾਨਦਾਰੀ ’ਤੇ ਖ਼ੁਸ਼ ਹੋਣ ਲੱਗਾ। ਹੁਣ ਚਾਹ ਦੇ ਨਾਲ ਬਿਸਕੁਟ ਵੀ ਆਉਣ ਲੱਗ ਗਏ, ਪਰ ਦੁਕਾਨਦਾਰ ਨੇ ਕਿਹਾ ਕਿ ਆਪਣੀ ਅਮਾਨਤ ਸਾਂਭੋ ਤੇ ਮੇਰੇ 20 ਪੈਸੇ ਦੇ ਦਿਓ। ਇਸ ਤਰ੍ਹਾਂ ਉਸ ਦੁਕਾਨਦਾਰ ਦੀ ਇਮਾਨਦਾਰੀ ਦੀ ਗੱਲ ਸਾਰੇ ਪਿੰਡ ਵਿੱਚ ਫੈਲ ਗਈ।
ਸੰਪਰਕ: 95010-33428
* * *

ਸੰਸਕਾਰਾਂ ਦਾ ਦਹੇਜ

ਬੀਨਾ ਬਾਵਾ
ਜਗਦੀਪ ਦੇ ਮਾਤਾ ਪਿਤਾ ਦੋਵਾਂ ਦੀ ਬਚਪਨ ਵਿੱਚ ਹੀ ਮੌਤ ਹੋ ਜਾਣ ਕਰਕੇ ਉਸ ਨੂੰ ਉਹਦੇ ਤਾਏ ਤਾਈ ਨੇ ਹੀ ਪਾਲ਼ਿਆ ਸੀ। ਉਨ੍ਹਾਂ ਦੀ ਆਪਣੀ ਇੱਕ ਹੀ ਧੀ ਸੀ ਜੱਸੀ ਤੇ ਜਗਦੀਪ ਨੂੰ ਉਹ ਆਪਣਾ ਪੁੱਤ ਹੀ ਮੰਨਦੇ ਸਨ। ਜਗਦੀਪ ਦੀ ਕਿਸਮਤ ਇਸ ਪੱਖੋਂ ਚੰਗੀ ਸੀ ਕਿ ਉਸ ਯਤੀਮ ਨੂੰ ਤਾਈ-ਤਾਏ ਨੇ ਕਦੇ ਮਾਂ-ਬਾਪ ਦੀ ਕਮੀ ਮਹਿਸੂਸ ਹੀ ਨਾ ਹੋਣ ਦਿੱਤੀ। ਤਾਈ ਜਗਦੀਪ ਨਾਲ ਤਾਏ ਦੀਆਂ ਪਹਿਲੀ ਉਮਰੇ ਕੀਤੀਆਂ ਵਧੀਕੀਆਂ ਬਾਰੇ ਵੀ ਢਿੱਡ ਫ਼ਰੋਲ ਲੈਂਦੀ ਸੀ। ਉਸ ਨੂੰ ਤਾਏ ’ਤੇ ਵੱਡਾ ਗਿਲਾ ਸੀ ਕਿ ਵਿਆਹ ਵੇਲੇ ਤਾਏ ਨੇ ਅੜ ਕੇ ਦਾਜ ਵਿੱਚ ਉਨ੍ਹਾਂ ਸਮਿਆਂ ਵਿੱਚ ਸਾਈਕਲ ਲੈਣ ਦੀ ਜ਼ਿੱਦ ਪੁਗਾਈ ਸੀ ਜਦੋਂ ਸਾਈਕਲ ਵੀ ਅੱਜ ਦੇ ਸਮੇਂ ਦੀ ਵੱਡੀ ਗੱਡੀ ਵਾਂਗ ਖਰੀਦਣਾ ਔਖਾ ਸੀ| ਤਾਏ ਨੂੰ ਆਪਣੀ ਜਾਇਦਾਦ, ਆਪਣੀ ਅਮੀਰੀ ਦਾ ਬਹੁਤ ਘੁਮੰਡ ਸੀ। ਉਸ ਨੇ ਜੱਸੀ ਨੂੰ ਵਿਆਹੁਣ ਸਮੇਂ ਕਾਰ ਦੇ ਨਾਲ ਨਾਲ ਆਹਲਾ ਦਰਜੇ ਦਾ ਘਰੇਲੂ ਸਾਮਾਨ ਦਾਜ ਵਿੱਚ ਦਿੱਤਾ। ਜੱਸੀ ਦੇ ਸਹੁਰਿਆਂ ਨੂੰ ਐਸਾ ਲਾਲਚ ਵਧਿਆ ਕਿ ਛੇ ਸਾਲਾਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਟੁੱਟੇ ਛਿੱਤਰ ਵਾਂਗੂੰ ਵਧਦੀਆਂ ਜਾ ਰਹੀਆਂ ਸਨ, ਥੋੜ੍ਹੀ ਬਹੁਤ ਢਿੱਲ-ਮੱਠ ਹੋਣ ’ਤੇ ਹੀ ਜੱਸੀ ਨੂੰ ਮਿਹਣੇ ਸੁਣਨੇ ਪੈਂਦੇ ਸਨ, ਜਿਸ ਕਰਕੇ ਉਹ ਵੀ ਤਾਈ ਜਾਂ ਜਗਦੀਪ ਨਾਲ ਹੀ ਦੁੱਖ ਸੁੱਖ ਸਾਂਝੇ ਕਰਦੀ। ਜਗਦੀਪ ਦੇ ਮਨ ਵਿੱਚ ਦਹੇਜ ਪ੍ਰਥਾ ਪ੍ਰਤੀ ਬੜੀ ਘ੍ਰਿਣਾ ਪੈਦਾ ਹੋ ਚੁੱਕੀ ਸੀ। ਉਸ ਨੇ ਸਹੁੰ ਖਾਧੀ ਕਿ ਉਹ ਆਪਣੇ ਸਹੁਰਿਆਂ ਤੋਂ ਦਾਜ ਲਏ ਬਿਨਾਂ ਆਪਣੀ ਜੀਵਨ ਸੰਗਣੀ ਨੂੰ ਵਿਆਹ ਕੇ ਲਿਆਵੇਗਾ। ਜਦੋਂ ਤਾਏ ਨੇ ਜਗਦੀਪ ਦਾ ਰਿਸ਼ਤਾ ਕਮਲਜੀਤ ਨਾਲ ਪੱਕਾ ਕੀਤਾ ਤਾਂ ਦਾਜ ਦਹੇਜ ਦੀ ਚਰਚਾ ਛਿੜੀ। ਤਾਏ ਦੇ ਬੋਲਣ ਤੋਂ ਵੀ ਪਹਿਲਾਂ ਜਗਦੀਪ ਬੋਲਿਆ, ‘‘ਜਿਹੜਾ ਬਾਪ ਆਪਣੀ ਸੰਸਕਾਰੀ ਧੀ ਪਾਲ ਪੋਸ ਕੇ, ਪੜ੍ਹਾ ਲਿਖਾ ਕੇ ਮੇਰੀ ਜੀਵਨ ਸਾਥਣ ਬਣਾਉਣ ਲੱਗਿਆ ਹੈ, ਉਸ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਆਪਣੀ ਲਾਡੋ ਨੂੰ ਸਿਰਫ਼ ਚੰਗੇ ਸੰਸਕਾਰਾਂ ਦਾ ਦਹੇਜ ਦੇ ਕੇ ਵਿਦਾ ਕਰੇ ਤਾਂ ਜੋ ਉਹ ਸਾਡੇ ਘਰੇ ਆ ਕੇ ਇਸ ਘਰ ਨੂੰ ਆਪਣਾ ਘਰ ਸਮਝੇ ਤੇ ਮੇਰੇ ਤਾਇਆ ਤਾਈ ਨੂੰ ਆਪਣੇ ਮਾਂ ਬਾਪ ਦਾ ਦਰਜਾ ਦੇਵੇ। ਨਾ ਫਰਨੀਚਰ, ਨਾ ਗੱਡੀਆਂ, ਨਾ ਗਹਿਣਾ ਗੱਟਾ ਤੇ ਨਾ ਹੀ ਕੋਈ ਨਕਦੀ ਹੀ ਚਾਹੀਦੀ ਹੈ। ਜੇ ਚੰਗੇ ਸੰਸਕਾਰਾਂ ਦੇ ਦਾਜ ਦਹੇਜ ਨਾਲ ਸਜ ਕੇ ਕਮਲਜੀਤ ਕੌਰ ਆਉਣ ਨੂੰ ਤਿਆਰ ਹੈ ਤਾਂ ਇਹ ਮੈਨੂੰ ਰਿਸ਼ਤਾ ਮਨਜ਼ੂਰ ਹੈ।’’

Advertisement
Author Image

Ravneet Kaur

View all posts

Advertisement