ਕਵਿਤਾਵਾਂ
ਲੋਹੜੀ ਦਾ ਤਿਉਹਾਰ
ਬਲਵਿੰਦਰ ਬਾਲਮ
ਧੀਆਂ ਖੁਸ਼ਬੂ ਫਸਲਾਂ ਕਿਣਮਿਣ, ਲੋਹੜੀ ਦਾ ਤਿਉਹਾਰ।
ਸ਼ੁਭਇੱਛਾਵਾਂ ਵਾਲੀ ਗੁੜ੍ਹਤੀ ਸਾਡਾ ਸੱਭਿਆਚਾਰ।
ਵਿਕਸਿਤ ਦੇਸ਼ਾਂ ਵਾਂਗੂੰ ਇੱਥੇ ਮੁੱਕੇ ਬੇਰੁਜ਼ਗਾਰੀ।
ਬਾਜ਼ਾਰੀਕਰਨ ਦੇ ਮਸਤਕ ਤੇ ਹੋਵੇ ਫਿਰ ਸਰਦਾਰੀ।
ਅਲਬੱਤਾ ਮਿਹਨਤ ਦੇ ਸਿਰ ਤੇ ਹੋਵੇਗਾ ਸਤਿਕਾਰ।
ਧੀਆਂ ਖੁਸ਼ਬੂ ਫਸਲਾਂ ਕਿਣਮਿਣ, ਲੋਹੜੀ ਦਾ ਤਿਉਹਾਰ।
ਉੱਠ ਜਵਾਨਾ, ਜਾਗ ਜਵਾਨਾ ਨਸ਼ਿਆਂ ਦਾ ਸੱਪ ਮਾਰ।
ਰਹਿਬਰ ਵਾਲੀ ਵਰਮੀ ਵਿੱਚੋਂ ਆਪਣੇ ਕੱਢ ਅਧਿਕਾਰ।
ਦੇਸ਼ ਕਦੋਂ ਦਾ ਲੱਭਦਾ ਫਿਰਦਾ ਤੇਰਾ ਸੱਚਾ ਪਿਆਰ।
ਧੀਆਂ ਖੁਸ਼ਬੂ ਫਸਲਾਂ ਕਿਣਮਿਣ ਲੋਹੜੀ ਦਾ ਤਿਉਹਾਰ।
ਸੂਹੇ ਸੁਰਖ਼ ਗੁਲਾਬੀ ਫੁੱਲਾਂ ਦਾ ਹੋਵੇ ਪ੍ਰਬੰਧ।
ਹਾਸੇ ਖ਼ੁਸ਼ੀਆਂ, ਖੇੜੇ ਵਾਲੀ ਪੈਦਾ ਕਰ ਗੁਲਕੰਦ।
ਸੂਰਜ ਬਣ ਕੇ ਦੂਰ ਕਰੀ ਜਾ ਘਰ-ਘਰ ’ਚੋਂ ਅੰਧਕਾਰ।
ਧੀਆਂ ਖੁਸ਼ਬੂ ਫਸਲਾਂ ਕਿਣਮਿਣ ਲੋਹੜੀ ਦਾ ਤਿਉਹਾਰ।
ਮੁਸਕਾਨ ਲਬਾਂ ਤੇ ਪੈਦਾ ਕਰ ਨੀਮ ਕਿਰਮਚੀ ਸੰਦਲੀ।
ਬਾਲਮ, ਵੇਖੀਂ ਮਰ ਜਾਣੀ ਏਂ ਸਾਰੀ ਨੀਤੀ ਗੰਦਲੀ।
ਖਿੜ੍ਹਨ ਸ਼ਗੂਫੇ ਮੰਗਲਕਾਰੀ ਗੁਲਸ਼ਨ ਦਾ ਵਿਓਪਾਰ।
ਧੀਆਂ ਖੁਸ਼ਬੂ ਫਸਲਾਂ ਕਿਣਮਿਣ ਲੋਹੜੀ ਦਾ ਤਿਉਹਾਰ।
ਸੰਪਰਕ: 98156-25409
* * *
ਹੱਕਾਂ ਦੀ ਲੋਹੜੀ
ਜਸਵੰਤ ਗਿੱਲ ਸਮਾਲਸਰ
ਆਓ ਰਲ਼-ਮਿਲ ਉੱਚੀ ਗਾਈਏ,
ਦੁੱਲੇ ਭੱਟੀ ਦੀ ਘੋੜੀ।
ਮੱਲੀਏ ਜਾ ਕੇ ਸਰਕਾਰ ਦੇ ਦਰ ਨੂੰ,
ਮੰਗੀਏ ਹੱਕਾਂ ਦੀ ਲੋਹੜੀ।
ਕਦ ਤੱਕ ਦਲਿੱਦਰ ਜਾਣੇ ਨੇ,
ਕਦ ਤੱਕ ਬੈਠਣਾ ਝੂਠੀ ਆਸ ’ਤੇ।
ਤਿਲ ਸੁੱਟਿਆਂ ਨਾ ਗੱਲ ਬਣਨੀ ਏ,
ਕਫ਼ਨ ਪਾਈਏ ਲਾਰਿਆਂ ਦੀ ਲਾਸ਼ ’ਤੇ।
ਇੱਥੇ ਕਿਸੇ ਨਾ ਪਾਉਣੀ ਏ,
ਖ਼ਾਲੀ ਝੋਲੀ, ਮਿੱਠੀ ਰਿਉੜੀ।
ਦਰ ’ਤੇ ਜਾ ਆਵਾਜ਼ ਨਾ ਦੇਣੀ,
ਨਾ ਹੀ ਹੋਕਾ ਲਾਉਣਾ।
ਹਿੱਕ ਵਿੱਚ ਵੱਜਣਾ ਹਾਕਮ ਦੇ,
ਮੰਗਾਂ ਦਾ ਕੁੰਢਾ ਖੜਕਾਉਣਾ।
ਆਪਣੇ ਹਿੱਸੇ ਦੀ ਈਸ਼ਰ,
ਲੈ ਕੇ ਜਾਣੀ ਬਹੁਤੀ ਜਾਂ ਥੋੜ੍ਹੀ।
ਵਾਅਦਿਆਂ ਦੀਆਂ ਪਾਥੀਆਂ ਚਿਣ,
ਤੀਲ੍ਹੀ ਲਾਉਣੀ ਇਨਕਲਾਬ ਦੀ।
‘ਗਿੱਲ’ ਸਾਰੀ ਰਾਤ ਬੈਠ ਸੇਕਣੀ ਏ,
ਧੂਣੀ ਸਿਆਸਤ ਦੇ ਨਵਾਬ ਦੀ।
ਸਦਾ ਸਲਾਮਤ ਰਹੇ ਮਿੱਤਰਾ!
ਸੰਘਰਸ਼ਾਂ ਤੇ ਅਣਖਾਂ ਦੀ ਜੋੜੀ।
ਆਓ ਰਲ਼-ਮਿਲ ਉੱਚੀ ਗਾਈਏ,
ਦੁੱਲੇ ਭੱਟੀ ਦੀ ਘੋੜੀ।
ਮੱਲੀਏ ਜਾ ਕੇ ਸਰਕਾਰ ਦੇ ਦਰ ਨੂੰ,
ਮੰਗੀਏ ਹੱਕਾਂ ਦੀ ਲੋਹੜੀ।
ਸੰਪਰਕ: 97804-51878
* * *
ਠੰਢ ਦੇ ਰੰਗ ਨਿਆਰੇ
ਕਮਲਜੀਤ ਕੌਰ ਗੁੰਮਟੀ
ਹਵਾ ਦੇ ਝੋਂਕੇ ਠੰਢੇ ਝੱਪੇ ਲਾਉਂਦੇ,
ਧਰਤੀ ਤੇ ਬਰਫ਼ ਦੇ ਰੰਗ ਚਮਕਾਉਂਦੇ।
ਕੰਬਦੀਆਂ ਨੇ ਟਾਹਣੀਆਂ, ਸਾਨੂੰ ਸੱਦਾ ਦੇਂਦੀਆਂ,
ਕੰਬਲ ਵਿੱਚ ਲੁਕ ਕੇ ਸੁਹਾਣੇ ਸੁਪਨੇ ਦੇਂਦੀਆਂ।
ਧੁੰਦ ਦੀ ਚਾਦਰ ਸਭ ਕੁਝ ਢਕ ਲੈਂਦੀ,
ਸੂਰਜ ਦੀ ਕਿਰਨ ਵੀ ਸ਼ਰਮਾਉਂਦੀ ਲੱਗਦੀ।
ਚਾਹ ਦੀ ਬਹਾਰ ਦੇ ਪਿਆਲੇ ਰੱਖ ਕੇ,
ਮਿਲਦੇ ਹਨ ਦੋਸਤ ਹਾਸੇ ਨਾਲ ਜੁੜ ਕੇ।
ਰਾਤਾਂ ਹਨ ਲੰਮੀਆਂ, ਦਿਨ ਛੋਟੇ ਲੱਗਦੇ,
ਡਿੱਗਦੇ ਹਨ ਰੁੱਖਾਂ ਤੋਂ, ਤੁਪਕੇ ਬੂੰਦਾਂ ਦੇ।
ਠੰਢ ਦਾ ਇਹ ਮੌਸਮ ਹੈ ਦਿਲ ਨੂੰ ਭਾਉਂਦਾ,
ਕੁਦਰਤ ਦਾ ਖ਼ੂਬਸੂਰਤ ਹੋਣਾ ਮਨ ਲੁਭਾਉਂਦਾ।
ਸੁਹਾਣੀ ਹੈ ਠੰਢ, ਪਰ ਗ਼ਰੀਬਾਂ ਦਾ ਵੀ ਸੋਚੀਏ,
ਕੰਬਦੇ ਹੰਝੂਆਂ ਨੂੰ ਮਮਤਾ ਨਾਲ ਪੂੰਝੀਏ।
ਠੰਢ ਰੰਗ ਨਿਆਰੇ ਧਰਤੀ ’ਤੇ ਰਚਾਵੇ,
‘ਕਮਲ’ ਇਹ ਸੁੰਦਰ ਮੌਸਮ ਸਾਨੂੰ ਵਿਖਾਵੇ।
ਸੰਪਰਕ: 98769-26873
* * *
ਦਾਰੂ ਜਿਹਾ ਜ਼ਹਿਰ ਨਾ ਕੋਈ...
ਬਹਾਦਰ ਸਿੰਘ ਗੋਸਲ
ਲੱਕੜ ਨੂੰ ਲੱਗੇ ਘੁਣ ਜਿਵੇਂ,
ਨੌਜਵਾਨਾਂ ਨੂੰ ਖਾਏ ਸ਼ਰਾਬ ਕੁੜੇ।
ਥੋੜ੍ਹੀ ਜਿਹੀ ਪੀ ਕੇ ਕਹਿਣ ਐਵੇਂ,
ਅੱਜ ਬਣ ਗਏ ਅਸੀਂ ਨਵਾਬ ਕੁੜੇ।
ਦਾਰੂ ਜਿਹਾ ਜ਼ਹਿਰ ਨਾ ਕੋਈ,
ਕਰੇ ਦਿਮਾਗ਼, ਫੇਫੜੇ ਖਰਾਬ ਕੁੜੇ।
ਇਹ ਅੰਦਰ ਸਾੜ ਕੇ ਛੱਡਦੀ ਏ,
ਜਿਵੇਂ ਕਾਗਜ਼ ਨੂੰ ਸਾੜੇ ਤੇਜ਼ਾਬ ਕੁੜੇ।
ਛੱਡਿਆ ਪਿੰਡ ਨਹੀਂ, ਕੋਈ ਖਾਲੀ,
ਇਸ ਕੀਤਾ ਬਰਬਾਦ ਪੰਜਾਬ ਕੁੜੇ।
ਧਨ ਕਿੰਨਾ ਬਰਬਾਦ ਏ ਹੋਇਆ?
ਥੁੱਕ ਗਏ ਬੈਠੇ ਲਾ ਹਿਸਾਬ ਕੁੜੇ।
ਗੱਲ ‘ਗੋਸਲ’ ਦੀ ਝੂਠ ਨਾ ਜਾਣੀਂ,
ਐਵੇਂ ਸਾੜ ਨਾ ਲਈ ਸ਼ਬਾਬ ਕੁੜੇ।
ਸੰਪਰਕ: 98764-52223
* * *
ਸੱਚ ਨੂੰ ਸੱਚ ਆਖਣ ਦੀ...
ਰੋਹਿਤ ਗੁਪਤਾ ‘ਸੰਜੂ’
ਚਲਦੇ ਚਲਦੇ ਰਾਹੀ ਮੰਜ਼ਿਲ ਲੱਭ ਲੈਂਦੇ,
ਵਹਿੰਦੇ ਵਹਿੰਦੇ ਨਾਲੇ ਦਰਿਆ ਬਣ ਜਾਂਦੇ।
ਔਖਾ, ਨਾਮੁਮਕਿਨ, ਮੁਸ਼ਕਿਲ ਕੋਈ ਕੰਮ ਨਹੀਂ,
ਹੌਸਲੇ ਅੱਗੇ ਪਰਬਤ ਬੌਣੇ ਬਣ ਜਾਂਦੇ।
ਤੂਫ਼ਾਨਾਂ ਵਿੱਚ ਵੱਡੇ ਰੁੱਖ ਡਿੱਗ ਜਾਂਦੇ ਨੇ,
ਭੁਰ ਟੁੱਟ ਪੱਥਰ, ਰੇਤਾ, ਬਜਰੀ ਬਣ ਜਾਂਦੇ।
ਅਕਲ ਕਮੀਨੀ ਅੰਬਰੋਂ ਜਦ ਲਹਿੰਦੀ ਹੇਠਾਂ,
ਸ਼ਾਤਿਰ, ਚਤਰ, ਸਿਆਣੇ ਮੂਰਖ ਬਣ ਜਾਂਦੇ।
ਵਕਤ ਹੈ ਜੋ ਹਰ ਸ਼ੈਅ ਦੀ ਕੀਮਤ ਦੱਸਦਾ ਹੈ,
ਘੋਰ ਹਨੇਰੇ, ਜੁਗਨੂੰ ਵੀ ਚੰਨ ਬਣ ਜਾਂਦੇ।
ਸੱਚ ਨੂੰ ਸੱਚ ਜੋ ਆਖਣ ਦੀ ਹਿੰਮਤ ਕਰਦੇ,
ਅਕਸਰ ਉਹ ਦੁਨੀਆ ਦੇ ਰਹਿਬਰ ਬਣ ਜਾਂਦੇ।
ਲਫ਼ਜ਼ਾਂ ਨੂੰ ਜਦ ਸੁਰ ਦੀ ਸੰਗਤ ਮਿਲ ਜਾਵੇ,
ਨਿਖਰ ਕੇ ਮਿੱਠੜੇ ਗੀਤ ਸੁਹਾਵਣੇ ਬਣ ਜਾਂਦੇ।
ਕਦੇ ਨਾ ਮਾੜਾ ਦੁਸ਼ਮਣ ਦਾ ਵੀ ਕਰ ਬੈਠੀਂ,
ਵਕਤ ਪਏ ਦੁਸ਼ਮਣ ਵੀ ਬੇਲੀ ਬਣ ਜਾਂਦੇ।
‘ਸੰਜੂ’ ਆਪਣੇ ਮਨ ਦੀ ਮੰਨਦਾ, ਤੁਰਿਆ ਚੱਲ,
ਵੇਖੀਂ! ਰਾਹ ਦੇ ਕੰਢੇ ਵੀ ਫੁੱਲ ਬਣ ਜਾਂਦੇ।
ਸੰਪਰਕ: 97811-09550
* * *
ਗ਼ਜ਼ਲ
ਰਾਕੇਸ਼ ਕੁਮਾਰ
ਇਤਬਾਰ ਦੀ ਦਹਿਲੀਜ਼ ’ਤੇ ਰਿਸ਼ਤੇ ਖੜ੍ਹੇ ਨੇ।
ਟੁੱਟੀਆਂ ਕਿਸ਼ਤੀਆਂ ਦੇ ਗ਼ਮ ਬੜੇ ਨੇ।
ਪਾਣੀਆਂ ਨੇ ਵੀ ਛੂਹਣਾ ਹੁੰਦਾ ਆਕਾਸ਼ ਨੂੰ,
ਤਾਹੀਓਂ ਰਾਤ ਦੀ ਚਾਂਦਨੀ ਵਿੱਚ ਚੜ੍ਹੇ ਨੇ।
ਮੁਮਕਿਨ ਨਹੀਂ ਹੁੰਦਾ ਹਰ ਪਲ ਯਾਦ ਕਰਨਾ,
ਇਸ ਗੱਲ ’ਤੇ ਮੇਰੇ ਜਜ਼ਬਾਤ ਤੇ ਯਾਦ ਲੜੇ ਨੇ।
ਤਿਤਲੀਆਂ ਨੂੰ ਹੱਕ ਨਹੀਂ ਮਹਿਕਦੇ ਗੁਲਾਬ ’ਤੇ,
ਭੌਰੇ ਪਤਾ ਨਹੀਂ ਇਸ ਗੱਲ ’ਤੇ ਕਿਉਂ ਅੜੇ ਨੇ।
ਤਜ਼ਰਬੇ ਨਾਲ ਕਾਬਲ ਬਣੀ ਜ਼ਿੰਦਗੀ ਹਸੀਨ,
ਕਿਤਾਬਾਂ ਨਾਲੋਂ ਵੱਧ ਇਨਸਾਨ ਪੜ੍ਹੇ ਨੇ।
ਇੱਕ ਤੇਰੇ ਕਰਕੇ ਮਿਲਿਆ ਧਰਤੀ, ਆਕਾਸ਼,
ਤੇਰੀ ਚੁੰਨੀ ’ਤੇ ਸੂਰਜ, ਚੰਨ, ਸਿਤਾਰੇ ਜੜੇ ਨੇ।
ਜੰਗਲ ਵਿੱਚੋਂ ਲੰਘਣਾ ਤਾਂ ਸ਼ੋਰ ਨਾ ਮਚਾਓ ‘ਰਾਕੇਸ਼’
ਸ਼ਿਕਾਰੀਆਂ ਦੇ ਹੱਥ ਜਾਲ, ਹਥਿਆਰ ਫੜ੍ਹੇ ਨੇ।
ਸੰਪਰਕ: 94630-24455
* * *
ਲੋਕਾਂ ਦੇ ਹੱਕ ਖਾਈ ਜਾਂਦੇ
ਓਮਕਾਰ ਸੂਦ ਬਹੋਨਾ
ਲੋਕੀਂ ਕਹਿਰ ਕਮਾਈ ਜਾਂਦੇ।
ਕੁਦਰਤ ਨੂੰ ਧਮਕਾਈ ਜਾਂਦੇ।
ਵਾਤਾਵਰਨ ਦੀ ਚਿੰਤਾ ਭੁੱਲ ਕੇ,
ਧੂੰਆਂ ਖ਼ੂਬ ਉਡਾਈ ਜਾਂਦੇ।
ਆਗੂ ਕਾਹਦੇ ਦੇਸ਼ ਮੇਰੇ ਦੇ,
ਖ਼ਲਕਤ ਤਾਈਂ ਸਤਾਈ ਜਾਂਦੇ।
ਜੋ ਸਰਕਾਰੀ ਹੋ ਜਾਂਦੇ ਨੇ,
ਉਹੀਓ ਬਣ ਕਸਾਈ ਜਾਂਦੇ।
ਵੋਟਾਂ ਦੇ ਵਿੱਚ ਜਿੱਤ ਕੇ ਲੀਡਰ,
ਲੋਕਾਂ ਦਾ ਹੱਕ ਖਾਈ ਜਾਂਦੇ।
ਖਾ ਕੇ ਲੋਕਾਂ ਦੇ ਹੱਕਾਂ ਨੂੰ,
ਮੋਟੇ ਢਿੱਡ ਵਧਾਈ ਜਾਂਦੇ।
ਤੂੰ ਤੂੰ, ਮੈਂ ਮੈਂ ਕਰਕੇ ਲੋਕੀਂ,
ਆਪੇ ਸਿੰਗ ਭਿੜਾਈ ਜਾਂਦੇ।
ਆਪਾ ਧਾਪੀ ਚਾਰੇ ਪਾਸੇ,
ਸਾਰੇ ਹੀ ਚੰਦ ਚੜ੍ਹਾਈ ਜਾਂਦੇ।
ਯਾਰ ਬਹੋਨੇ ਕੀ ਕਹੀਏ ਦੱਸ,
ਮਾਰੀ ਸਭ ਭਕਾਈ ਜਾਂਦੇ।
* * *
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਜਗਾ ਲੈ ਲਾਟ ਮੱਥੇ ਦੀ ਕਿ ਦੀਵੇ ਬਾਲ ਸਰਨਾ ਨਹੀਂ
ਇਹ ਹਾਕਮ ਹੈ ਬੜਾ ਜ਼ਾਲਮ, ਇਹਨੇ ਆਸਾਨ ਹਰਨਾ ਨਹੀਂ।
ਕਿ ਲੁੱਟਦੇ ਨੇ ਪਏ ਲੋਟੂ, ਬਣਾ ਕੇ ਸਾਂਝ ਸੱਤਾ ਨਾਲ
ਜ਼ਰਾ ਵੀ ਤੂੰ ਜੇ ਖੰਘੇਂਗਾ, ਇਨ੍ਹਾਂ ਨੇ ਉਹ ਵੀ ਜਰਨਾ ਨਹੀਂ।
ਕਰੇ ਹੈ ਤਾਬਿਆਦਾਰੀ, ਜੋ ਰਾਖਾ ਹੈ ਕਾਨੂੰਨਾਂ ਦਾ
ਤੂੰ ਮਿਟ ਜਾ ਸੱਚ ਦੀ ਖ਼ਾਤਰ, ਕਿਸੇ ਤੋਂ ਤੂੰ ਤੇ ਡਰਨਾ ਨਹੀਂ।
ਤਲੀ ’ਤੇ ਸੀਸ ਧਰ ਕੇ ਤੂੰ, ਲੜੀਂ ਸਾਹ ਆਖ਼ਰੀ ਤੀਕਰ
ਕਿ ਹੈ ਇਹ ਦਸ ਸਿਰਾ ਰਾਵਣ, ਬੜਾ ਆਸਾਨ ਮਰਨਾ ਨਹੀਂ।
ਇੱਕੋ ਹੀ ਜ਼ਿੰਦਗੀ ਮਿਲਣੀ, ਕਿ ਦੂਜਾ ਦੌਰ ਮਿਲਣਾ ਨਹੀਂ
ਜੇ ਸੁੱਤਾ ਤੂੰ ਵੀ ਰਹਿਜੇਂਗਾ, ਕਿਸੇ ਨੇ ਯਾਦ ਕਰਨਾ ਨਹੀਂ।
ਕਿ ਚੱਲ ਉੱਠ ਦਿਲਬਰਾ ਚੱਲ ਵੇ, ਹੈ ਸਾਗਰ ਕੂਕਦਾ ਮੂਹਰੇ
ਜੇ ਮੋਤੀ ਲਾਲ ਚੁਗਣੇ ਤੂੰ, ਜਾ ਟੁੱਬੀ ਮਾਰ, ਤਰਨਾ ਨਹੀਂ।
ਸੰਪਰਕ: 97816-46008
* * *
ਕਿੱਕਰ
ਮਨਜੀਤ ਸਿੰਘ ਬੱਧਣ
ਸੁਣ ਰਾਹੀਆ ਵੇ ਦੂਰ ਦਿਆ, ਝੱਲਿਆ ਓਏ ਕਿਸੇ ਸਰੂਰ ਦਿਆ।
ਦੂਰੋਂ ਤੁਰਦਾ ਆਇਓਂ ਦੂਰ ਹੈ ਜਾਣਾ, ਵਿੱਛੜਿਓਂ ਕਿਸੇ ਪੂਰ ਦਿਆ,
ਸੁਣ ਰਾਹੀਆ ਵੇ ਦੂਰ ਦਿਆ...
ਰਾਹ ਤਾਂ ਰਾਹ ਹੀ ਹੋਵਣ, ਤੁਰਦੇ ਕਦਮਾਂ ਦੇ ਭਾਰ ਪਏ ਢੋਹਵਣ।
ਮੇਰਾ ਬੱਸ ਇਹੋ ਟਿਕਾਣਾ, ਵਾਸੀਆ ਲੁਦਿਹਾਣੇ ਮਸ਼ਹੂਰ ਦਿਆ,
ਸੁਣ ਰਾਹੀਆ ਵੇ ਦੂਰ ਦਿਆ...
ਕੁਝ ਪਲ ਮੇਰੇ ਕੋਲ ਬਹਿ ਜਾ, ਕੁਝ-ਕੁਝ ਸੁਣ ਜਾ ਕੁਝ ਕਹਿ ਜਾ।
ਸਮਾਂ ਕਿਸੇ ਤੋਂ ਠੱਲ੍ਹ ਨਾ ਹੋਣਾ, ਤੁਰ ਗਏ ਪਲਾਂ ਨੂੰ ਐਵੇਂ ਝੂਰਦਿਆ,
ਸੁਣ ਰਾਹੀਆ ਵੇ ਦੂਰ ਦਿਆ...
ਮੈਨੂੰ ਕਿੱਕਰ ਕੰਡਿਆਲੀ ਹੀ ਨਾ ਜਾਣ, ਖੜ੍ਹਾਂ ਫੁੱਲਾਂ ਦਾ ਛਤਰ ਤਾਣ।
ਮੇਰੇ ’ਤੇ ਆ ਫਸੀਆਂ, ਉੱਡ-ਉੱਡ ਆਈਆਂ ਲੀਰਾਂ ਨੂੰ ਘੂਰਦਿਆ,
ਸੁਣ ਰਾਹੀਆ ਵੇ ਦੂਰ ਦਿਆ...
ਰੱਬ ਡਾਢਾ ਇਹ ਖੇਡ ਬਣਾਵੇ, ਕਿਸੇ ਨੂੰ ਖੰਭ ਕਿਸੇ ਨੂੰ ਜੜ੍ਹ ਲਗਾਵੇ|
ਬਣਾ ਆਦਮ ਉਸਨੂੰ ਉੱਤਮ ਜਾਤ ਸਜਾਵੇ, ਅੰਸ਼ਾ ਵੇ ਉਸ ਨੂਰ ਦਿਆ,
ਸੁਣ ਰਾਹੀਆ ਵੇ ਦੂਰ ਦਿਆ...
ਵਸ ਹੋਵੇ ਇਹ ਸੂਲਾਂ ਫੁੱਲ ਕਰਾਂ, ਚੱਲ ਅਸੀਸਾਂ ਹੀ ਤੇਰੇ ਸਿਰ ਧਰਾਂ।
ਰੱਬ ਭਾਗ ਲਾਵੇ, ਦੁੱਖ ਨਾ ਦਿਖਾਵੇ, ਬੰਨਿਆ ਵੇ ਬੰਨੜੀ ਹੂਰ ਦਿਆ,
ਸੁਣ ਰਾਹੀਆ ਵੇ ਦੂਰ ਦਿਆ...
* * *
ਗ਼ਜ਼ਲ
ਨਵਰਾਹੀ ਘੁਗਿਆਣਵੀ
ਰਗ ਰਗ ਵਿੱਚ ’ਹੰਕਾਰ ਬੋਲਦਾ।
ਕਿਧਰੇ ਕਿਧਰੇ ਪਿਆਰ ਬੋਲਦਾ।
ਜਿੱਦਾਂ ਤੁਸੀਂ ਬੁਲਾਉਣਾ ਚਾਹੋ,
ਓਦਾਂ ਹੀ ਸੰਸਾਰ ਬੋਲਦਾ।
ਕੀ ਬੋਲਣ ਬੇਚਾਰੇ ਪੰਛੀ,
ਸ਼ਿਕਰਾ ਤੇਜ਼ ਤਰਾਰ ਬੋਲਦਾ।
‘ਨਵਰਾਹੀ’ ਸਾਗਰ ਦਾ ਪਾਣੀ,
ਧਰਤੀ ਦੇ ਅਨੁਸਾਰ ਬੋਲਦਾ।
* * *
ਮਾਂ ਬੋਲੀ ਪੰਜਾਬੀ
ਰਣਜੀਤ ਸਿੰਘ ਆਜ਼ਾਦ ਕਾਂਝਲਾ
ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ।
ਇਹਦੇ ਜਿਹੀ ਨਾ ਹੋਰ ਕੋਈ ਰਾਜ-ਦੁਲਾਰੀ ਹੈ।
ਬੁੱਲ੍ਹੇ, ਵਾਰਿਸ, ਪੀਲੂ ਜਿਹੇ ਸ਼ਾਇਰਾਂ ਲਾਡ ਲਡਾਇਆ ਹੈ।
ਗੁਰੂਆਂ, ਭਗਤਾਂ, ਫ਼ਕੀਰਾਂ ਨੇ ਸ਼ਲੋਕਾਂ ਵਿੱਚ ਗਾਇਆ ਹੈ।
ਏਸੇ ਕਰਕੇ ਮਾਂ ਬੋਲੀ ਸਭ ਤਾਈਂ ਲੱਗਦੀ ਪਿਆਰੀ ਹੈ...।।
ਮਾਖਿਓਂ ਮਿੱਠੀ ਬੋਲੀ ਵਿੱਚ ਭੈਣਾਂ ਘੋੜੀਆਂ ਗਾਈਆਂ ਨੇ।
ਭਾਈ ਦੇ ਸਿਰ ਸਿਹਰਾ ਬੰਨ੍ਹ ਵਾਗਾਂ ਹੱਥ ਫੜਾਈਆਂ ਨੇ।
ਜੰਝ ਚੜ੍ਹਨ ’ਤੇ ਚਾਚੀ, ਤਾਈ, ਮਾਮੀ, ਭੂਆ ਨੇ ਗਿੱਧੇ ’ਚ ਉਚਾਰੀ ਹੈ...।।
ਤੋਤਲੀ ਬੋਲੀ ’ਚ ਬੱਚੇ ਬੋਲਦੇ ਪਿਆਰੇ ਲੱਗਦੇ ਨੇ।
ਰਾਜੇ ਰਾਣੀ ਦੀਆਂ ਸੁਣ ਬਾਤਾਂ ਦੇ ਹੁੰਗਾਰੇ ਭਰਦੇ ਨੇ।
ਧਾਰਮਿਕ ਗ੍ਰੰਥਾਂ, ਕਿੱਸੇ, ਲਿਖਤਾਂ ’ਚ ਇਹ ਗਈ ਸਤਿਕਾਰੀ ਹੈ...।।
ਬਾਬੇ ਨਾਨਕ ਨੇ ਮਾਂ ਬੋਲੀ ’ਚ ਸੰਵਾਦ ਰਚਾਇਆ ਹੈ।
ਜੀਵਨ ਜਾਚ ਦਾ ਜੱਗ ਨੂੰ ਅਸਲੀ ਰਾਹ ਵਿਖਾਇਆ ਹੈ।
ਮਾਖਿਓਂ ਮਿੱਠੇ ਬੋਲਾਂ ਵਿੱਚ ਗੁਰੂਆਂ ਨੇ ਬਾਣੀ ਉਚਾਰੀ ਹੈ...।।
ਠੇਠ ਪੰਜਾਬੀ ਭਾਸ਼ਾ ਦੀ ਹਰੇਕ ਗੱਲ ਨਿਆਰੀ ਹੈ।
ਹੀਰ ਰਾਂਝੇ-ਸੱਸੀ ਪੁੰਨੂੰ ਦੇ ਕਿੱਸਿਆਂ ’ਚ ਸ਼ਿੰਗਾਰੀ ਹੈ।
ਜਨਮ ਤੋਂ ਮਰਨ ਤੱਕ ਪ੍ਰਾਣੀ ਕਰਦਾ ਵਰਤੋਂ ਭਾਰੀ ਹੈ...।।
ਹੋਰ ਭਾਸ਼ਾਵਾਂ ਵੀ ਬਰਾਬਰ ਸਿਖਦੇ ਜਾਈਏ ਜੀ।
ਮਾਂ ਬੋਲੀ ਨੂੰ ਪਹਿਲ ਦੇ, ਕਦੇ ਨਾ ਮਨੋਂ ਭੁਲਾਈਏ ਜੀ।
ਲਿਖ ਲਿਖ ਪਰਾਗੇ ਮਾਂ ਬੋਲੀ ਦੇ ਵਿਹੜੇ ਵਿੱਚ ਉਤਾਰੀ ਹੈ।
ਇਨ੍ਹਾਂ ਅੱਖਰਾਂ ਸਹਾਰੇ ਹੀ ‘ਆਜ਼ਾਦ’ ਬਾਜ਼ੀ ਮਾਰ ਗਿਆ।
ਲਿਖ ਲਿਖ ਮਰਸੀਏ ਮਾਂ ਬੋਲੀ ਦਾ ਕਰਜ਼ ਉਤਾਰ ਗਿਆ।
ਮਾਂ ਬੋਲੀ ’ਚ ਕਰ ਪੜ੍ਹਾਈ ਆਪਣੀ ਜ਼ਿੰਦਗੀ ਸੰਵਾਰੀ ਹੈ...।।
ਮਾਂ ਬੋਲੀ ਪੰਜਾਬੀ ਲੱਗਦੀ ਜਾਨੋਂ ਵੱਧ ਪਿਆਰੀ ਹੈ...।।
ਸੰਪਰਕ: 94646-97781
* * *