For the best experience, open
https://m.punjabitribuneonline.com
on your mobile browser.
Advertisement

ਕਹਾਣੀਆਂ

06:25 AM Oct 31, 2024 IST
ਕਹਾਣੀਆਂ
Advertisement

ਰੋਸ਼ਨੀ

ਕਮਲਜੀਤ ਕੌਰ ਗੁੰਮਟੀ
ਦੀਵਾਲੀ ਨੇੜੇ ਹੋਣ ਕਰਕੇ ਕੁਝ ਦਿਨ ਪਹਿਲਾਂ ਬੱਚਿਆਂ ਦੇ ਕਹਿਣ ’ਤੇ ਕੁਝ ਸਾਮਾਨ ਖਰੀਦਣ ਸ਼ਹਿਰ ਗਏ। ਸ਼ਹਿਰ ਤੋਂ ਵਾਪਸ ਆਉਂਦਿਆਂ ਰਸਤੇ ਵਿੱਚ ਖਾਣਾ ਖਾਣ ਲਈ ਰੁਕੇ ਤਾਂ ਮੇਰੀ ਮੁਲਾਕਾਤ ਇੱਕ ਅਜਿਹੇ ਪਰਿਵਾਰ ਨਾਲ ਹੋਈ ਜਿਨ੍ਹਾਂ ਨੂੰ ਮਿਲ ਕੇ ਮੇਰੀ ਰੂਹ ਨੂੰ ਬੜਾ ਸਕੂਨ ਅਤੇ ਦਿਮਾਗ਼ ਨੂੰ ਸੋਝੀ ਮਿਲੀ।
ਸਾਡੇ ਖਾਣੇ ਵਾਲੇ ਮੇਜ਼ ਦੇ ਨੇੜੇ ਹੀ ਦੂਸਰੇ ਮੇਜ਼ ’ਤੇ ਇੱਕ ਬੱਚਾ ਆਪਣੇ ਮੰਮੀ-ਪਾਪਾ ਨਾਲ ਬੈਠਾ ਖਾਣਾ ਖਾ ਰਿਹਾ ਸੀ। ਉਸ ਬੱਚੇ ਨੂੰ ਦੇਖਦਿਆਂ ਹੀ ਮੈਨੂੰ ਅੰਦਾਜ਼ਾ ਹੋ ਗਿਆ ਕਿ ਇਸ ਬੱਚੇ ਦੀ ਅੱਖ ਦਾ ਆਪਰੇਸ਼ਨ ਹੋਇਆ ਲੱਗਦਾ ਹੈ। ਮੇਰੇ ਤੋਂ ਇਹ ਸਭ ਕੁਝ ਦੇਖ ਕੇ ਰਿਹਾ ਨਾ ਗਿਆ, ਮੈਂ ਆਪਣੇ ਖਾਣੇ ਵਾਲੇ ਮੇਜ਼ ਤੋਂ ਉੱਠ ਕੇ ਉਨ੍ਹਾਂ ਕੋਲ ਚਲੀ ਗਈ। ਮੇਰੇ ਪੁੱਛਣ ’ਤੇ ਬੱਚੇ ਦੀ ਮੰਮੀ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਅੱਖਾਂ ਪੂੰਝਦਿਆਂ ਕਿਹਾ, ‘‘ਕੀ ਦੱਸਾਂ ਦੀਦੀ, ਸਾਡਾ ਰੌਸ਼ਨਪ੍ਰੀਤ ਤਿੰਨ ਕੁ ਸਾਲ ਦਾ ਸੀ। ਦੀਵਾਲੀ ਵਾਲੀ ਰਾਤ ਅਸੀਂ ਘਰ ਦੀ ਛੱਤ ’ਤੇ ਦੀਵੇ ਲਗਾ ਰਹੇ ਸੀ। ਇਹ ਸਾਡੇ ਕੋਲ ਹੀ ਖੇਡ ਰਿਹਾ ਸੀ, ਅਚਾਨਕ ਇੱਕ ਪਟਾਕਾ ਤੇਜ਼ੀ ਨਾਲ ਆ ਕੇ ਇਸ ਦੀ ਅੱਖ ਵਿੱਚ ਵੱਜਾ। ਇਹ ਤੜਫਦਾ ਹੋਇਆ ਥੱਲੇ ਡਿੱਗ ਪਿਆ। ਮੇਰੇ ਹੱਥੋਂ ਦੀਵਿਆਂ ਵਾਲਾ ਥਾਲ ਛੁੱਟ ਗਿਆ ਤੇ ਮੇਰਾ ਤ੍ਰਾਹ ਨਿਕਲਣ ਵਾਲਾ ਹੋ ਗਿਆ। ਮੈਂ ਭੱਜ ਕੇ ਆਪਣੇ ਪੁੱਤ ਕੋਲ ਗਈ। ਰੌਸ਼ਨ ਇੱਕੋ ਸਾਹ ‘ਮੰਮੀ ਮੇਰੀ ਅੱਖ, ਮੇਰੀ ਅੱਖ’ ਕਹਿੰਦਾ ਚੀਕਾਂ ਮਾਰ ਰਿਹਾ ਸੀ। ਮੈਂ ਅਤੇ ਇਸ ਦੇ ਪਾਪਾ ਨੇ ਹਿੰਮਤ ਜੁਟਾਈ ਤੇ ਇਸ ਨੂੰ ਚੁੱਕ ਕੇ ਹਸਪਤਾਲ ਲੈ ਗਏ। ਇਹ ਕਈ ਦਿਨ ਹਸਪਤਾਲ ਵਿੱਚ ਰਿਹਾ। ਡਾਕਟਰ ਨੇ ਇਹ ਕਹਿ ਕੇ ਛੁੱਟੀ ਦੇ ਦਿੱਤੀ ਕਿ ਜੇਕਰ ਰੌਸ਼ਨ ਨੂੰ ਕੋਈ ਆਪਣੀ ਅੱਖ ਦਾਨ ਵਿੱਚ ਦੇ ਦੇਵੇ ਤਾਂ ਇਸ ਦੀ ਅੱਖ ਦੀ ਰੌਸ਼ਨੀ ਵਾਪਸ ਆ ਸਕਦੀ ਹੈ। ਅਸੀਂ ਨਿਰਾਸ਼ਾ ਜਿਹੀ ਨਾਲ ਘਰ ਆ ਗਏ। ਘਰ ਆ ਕੇ ਇਸ ਦੇ ਦਾਦਾ, ਦਾਦੀ ਜੀ ਅਤੇ ਪੜਦਾਦਾ ਜੀ ਨੂੰ ਇਹ ਗੱਲ ਦੱਸੀ। ਇਸ ਦੇ ਪੜਦਾਦਾ ਜੀ ਕਾਫ਼ੀ ਦੁਖੀ ਹੋਏ। ਇਹ ਕਹਿੰਦੇ ਹੋਏ ਉਹ ਰੋਣ ਲੱਗ ਪਏ ਕਿ ਪੜੋਤੇ ਦਾ ਦੁੱਖ ਮੈਥੋਂ ਦੇਖਿਆ ਨਹੀਂ ਜਾਂਦਾ, ਮੇਰੀ ਅੱਖ ਜਿਉਂਦੇ ਜੀ ਕੱਢ ਕੇ ਰੌਸ਼ਨ ਦੇ ਪਵਾ ਦੇਵੋ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਜਿਉਂਦੇ ਜੀ ਆਪਣੀਆਂ ਅੱਖਾਂ ਦਾਨ ਨਹੀਂ ਦੇ ਸਕਦੇ। ਅਸੀਂ ਅੱਖ ਦਾਨ ਵਿੱਚ ਲੈਣ ਲਈ ਥਾਂ ਥਾਂ ਪਹੁੰਚ ਕੀਤੀ। ਇੱਕ ਦਿਨ ਰੌਸ਼ਨ ਦੇ ਪੜਦਾਦਾ ਜੀ ਨੇ ਨੇਤਰ ਦਾਨ ਦਿਹਾੜੇ ’ਤੇ ਕਿਸੇ ਮਾਹਿਰ ਦੀ ਇੰਟਰਵਿਊ ਸੁਣੀ। ਘਰ ਵਿੱਚ ਫਾਰਮ ਮੰਗਵਾ ਕੇ ਭਰ ਦਿੱਤਾ। ਸਾਨੂੰ ਇੱਕ ਸਾਲ ਹੋ ਗਿਆ ਸੀ ਰੌਸ਼ਨਪ੍ਰੀਤ ਲਈ ਅੱਖ ਦਾ ਪ੍ਰਬੰਧ ਨਾ ਹੋ ਸਕਿਆ। ਡੇਢ ਕੁ ਮਹੀਨਾ ਪਹਿਲਾਂ ਇਸ ਦੇ ਪੜਦਾਦਾ ਜੀ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਦਾਨ ਕੀਤੀਆਂ ਅੱਖਾਂ ਦੋ ਬੱਚਿਆਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਲੈ ਆਈਆਂ। ਇੱਕ ਅੱਖ ਆਪਣੇ ਰੌਸ਼ਨਪ੍ਰੀਤ ਦੇ ਪਾ ਦਿੱਤੀ ਤੇ ਦੂਜੀ ਕਿਸੇ ਹੋਰ ਬੱਚੇ ਦੇ ਪਾ ਦਿੱਤੀ।’’
ਰੌਸ਼ਨਪ੍ਰੀਤ ਦੀ ਮਾਂ ਨਾਲ ਮੇਰੀਆਂ ਕਾਫ਼ੀ ਗੱਲਾਂ ਹੋਈਆਂ। ਉਸ ਨੇ ਬੜੇ ਉਤਸ਼ਾਹ ਨਾਲ ਦੱਸਿਆ, ‘‘ਰੌਸ਼ਨ ਦੇ ਪੜਦਾਦਾ ਜੀ ਦੀਆਂ ਪਾਈਆਂ ਲੀਹਾਂ ’ਤੇ ਚਲਦਿਆਂ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰ ਦਿੱਤੇ।’’ ਰੌਸ਼ਨ ਦੀ ਮਾਂ ਨੇ ਬੜੇ ਹੀ ਜਜ਼ਬੇ ਨਾਲ ਕਿਹਾ, ‘‘ਮੈਨੂੰ ਮਾਣ ਹੈ ਰੌਸ਼ਨ ਦੇ ਪੜਦਾਦਾ ਜੀ ’ਤੇ। ਲੋਕ ਆਪਣੇ ਬੱਚਿਆਂ ਲਈ ਜ਼ਮੀਨ-ਜਾਇਦਾਦ ਛੱਡ ਕੇ ਜਾਂਦੇ ਹਨ, ਪੜ੍ਹਾ ਲਿਖਾ ਕੇ ਉਨ੍ਹਾਂ ਨੂੰ ਕਾਬਲ ਬਣਾ ਜਾਂਦੇ ਹਨ, ਪਰ ਰੌਸ਼ਨ ਦੇ ਪੜਦਾਦਾ ਜੀ ਨੇ ਆਪਣੇ ਖਾਨਦਾਨ ਦੇ ਵਾਰਸ ਦੀ ਜ਼ਿੰਦਗੀ ਨੂੰ ਰੋਸ਼ਨੀ ਨਾਲ ਭਰ ਦਿੱਤਾ ਹੈ।’’
ਇੰਨੇ ਨੂੰ ਮੇਰੀ ਧੀ ਨੇ ਮੈਨੂੰ ਆਵਾਜ਼ ਮਾਰ ਕੇ ਬੁਲਾਇਆ, ‘‘ਮੰਮੀ, ਪਾਪਾ ਤੁਹਾਡਾ ਜਾਣ ਲਈ ਇੰਤਜ਼ਾਰ ਕਰ ਰਹੇ ਹਨ।’’ ਮੈਂ ਰੌਸ਼ਨ ਦੇ ਸਿਰ ’ਤੇ ਪਿਆਰ ਨਾਲ ਹੱਥ ਫੇਰਦਿਆਂ ਉੱਥੋਂ ਤੁਰ ਪਈ।
ਘਰ ਪਹੁੰਚਣ ਤੱਕ ਮੇਰੀਆਂ ਸੋਚਾਂ ਵਿੱਚ ਇਹੀ ਘੁੰਮਦਾ ਰਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਤਿਉਹਾਰਾਂ ਸਮੇਂ ਸਾਨੂੰ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਕਸਰ ਹੀ ਮਾਂ-ਬਾਪ ਆਪਣੇ ਬੱਚਿਆਂ ਨੂੰ ਆਪਣੇ ਹੱਥੀ ਪਟਾਕੇ ਲਿਆ ਕੇ ਦਿੰਦੇ ਹਨ ਤੇ ਅਣਜਾਣਪੁਣੇ ’ਚ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਖੋਹ ਲੈਂਦੇ ਹਨ। ਅੱਖਾਂ ਦੇ ਨਾਲ ਨਾਲ ਪਟਾਕੇ ਕੰਨਾਂ ਅਤੇ ਦਿਮਾਗ਼ ’ਤੇ ਵੀ ਅਸਰ ਕਰਦੇ ਹਨ। ਕਈ ਵਾਰ ਸਿਆਣਿਆਂ ਦੇ ਵੀ ਹੱਥ ਪੈਰ ਸੜ ਜਾਂਦੇ ਹਨ। ਕਈ ਲੋਕ ਪਟਾਕਿਆਂ ਨਾਲ ਮਨੋਰੰਜਨ ਕਰਦੇ ਕਰਦੇ ਜ਼ਿੰਦਗੀ ਭਰ ਲਈ ਅਪਾਹਜ ਹੋ ਜਾਂਦੇ ਹਨ ਜਾਂ ਦੂਸਰਿਆਂ ਨੂੰ ਅਪਾਹਜ ਕਰ ਦਿੰਦੇ ਹਨ। ਇਹੋ ਜਿਹੇ ਦਰਦਨਾਕ ਹਾਦਸੇ ਅਕਸਰ ਹੀ ਵਾਪਰਦੇ ਰਹਿੰਦੇ ਹਨ। ਹਰ ਕੋਈ ਰੌਸ਼ਨਪ੍ਰੀਤ ਦੀ ਤਰ੍ਹਾਂ ਕਿਸਮਤ ਵਾਲਾ ਨਹੀਂ ਹੁੰਦਾ ਜਿਸ ਨੂੰ ਰੱਬੀ ਰੂਪ ਪੜਦਾਦਾ ਜੀ ਮਿਲੇ।
ਸੰਪਰਕ: 98769-26873
* * *

Advertisement

ਮੈਂ ਰੋਬਿਟ ਬੋਲਦਾ ਹਾਂ...

ਕੰਵਲ ਹਿਰਦੇਪਾਲ ਕੌਰ ਛੀਨਾ
ਦੀਵਾਲੀ ਨੇੜੇ ਹੋਣ ਕਰਕੇ ਆਲੇ-ਦੁਆਲੇ ਰੰਗ-ਬਿਰੰਗੀਆਂ ਰੋਸ਼ਨੀਆਂ ਨਜ਼ਰ ਆ ਰਹੀਆਂ ਸਨ, ਪਰ ਅਚਾਨਕ ਹਨੇਰੀ-ਝੱਖੜ ਕਰਕੇ ਬਿਜਲੀ ਗੁੱਲ ਹੋ ਗਈ ਸੀ। ਮੈਂ ਪਿਛਲੇ ਵਿਹੜੇ ਵਿੱਚ ਘੁੰਮ ਰਿਹਾ ਸੀ ਆਲੇ-ਦੁਆਲੇ ਦੀ ਬਿੜਕ ਲੈਣ ਖਾਤਰ। ਮੇਰੀ ਇੱਕ ਆਵਾਜ਼ ਨਾਲ ਹੀ ਆਲਾ-ਦੁਆਲਾ ਠਠੰਬਰ ਜਾਂਦਾ ਸੀ ਤੇ ਫਿਰ ਮੈਂ ਸ਼ਾਂਤ-ਚਿੱਤ ਹੋ ਕੇ ਬੈਠ ਜਾਂਦਾ, ਪਰ ਮੈਨੂੰ ਸਾਰੀ ਰਾਤ ਨੀਂਦ ਨਾ ਆਉਂਦੀ। ਮੈਂ ਘੁੰਮਦਾ ਰਹਿੰਦਾ, ਕਦੀ ਇਧਰ ਤੇ ਕਦੀ ਉਧਰ। ਹੁਣ ਬਿਜਲੀ ਆ ਗਈ ਤੇ ਘਰ ਵਿੱਚ ਫਿਰ ਚਾਨਣ ਹੋ ਗਿਆ। ਪਰ ਕਾਹਦਾ ਚਾਨਣ, ਮੈਨੂੰ ਤਾਂ ਸਿਖਰ ਦੁਪਹਿਰੇ ਵੀ ਇੱਥੇ ਹਨੇਰਾ ਹੀ ਵਿਖਾਈ ਦਿੰਦਾ ਸੀ ਕਿਉਂ ਜੁ ਮੈਨੂੰ ਇੱਥੇ ਕੋਈ ਵੀ ਆਪਣਾ ਵਿਖਾਈ ਨਹੀਂ ਸੀ ਦਿੰਦਾ।
ਇਹ ਉਹੀ ਘਰ ਸੀ ਜਿਸ ਵਿੱਚ ਮੈਨੂੰ ਨਿੱਕੇ ਜਿਹੇ ਨੂੰ ਲੈ ਕੇ ਆਏ ਸਨ। ਉਹ ਦੋਵੇਂ ਜੀਅ ਬੜੇ ਖ਼ੁਸ਼ ਸਨ ਤੇ ਉਨ੍ਹਾਂ ਨੇ ਮੈਨੂੰ ਬੜੇ ਲਾਡ ਨਾਲ ਪਾਲਿਆ ਸੀ।ਮੈਂ ਅੰਦਰ-ਬਾਹਰ ਘੁੰਮਦਾ ਰਹਿੰਦਾ ਤੇ ਕਿਸੇ ਦੇ ਆਉਣ ’ਤੇ ਮੈਨੂੰ ਮੇਰੇ ਛੋਟੇ ਜਿਹੇ ਘਰ ਵਿੱਚ ਭੇਜ ਦਿੱਤਾ ਜਾਂਦਾ। ਜਦੋਂ ਆਪਣੇ ਮਾਲਕ ਨਾਲ ਘਰੋਂ ਨਿਕਲ ਕੇ ਸੜਕ ਤੱਕ ਸੈਰ ਕਰਨ ਜਾਂਦਾ ਤਾਂ ਮੈਂ ਬਹੁਤ ਖ਼ੁਸ਼ ਹੁੰਦਾ। ਕਈ ਵਾਰ ਤਾਂ ਮੈਂ ਸੰਗਲੀ ਛੁਡਾ ਕੇ ਦੂਰ ਦੌੜ ਜਾਂਦਾ ਤੇ ਉਨ੍ਹਾਂ ਦੇ ਆਵਾਜ਼ਾਂ ਮਾਰਨ ’ਤੇ ਥੋੜ੍ਹੀ ਮਸਤੀ ਕਰਕੇ ਵਾਪਸ ਆ ਜਾਂਦਾ।
ਸਮਾਂ ਬੀਤਦਾ ਗਿਆ ਤੇ ਹੁਣ ਮੈਂ ਵੱਡਾ ਹੋ ਗਿਆ ਸੀ। ਹੁਣ ਮੈਨੂੰ ਸਮਝ ਆ ਗਈ ਸੀ ਕਿ ਇਸ ਪਰਿਵਾਰ ਦੇ ਹੋਰ ਵੀ ਮੈਂਬਰ ਹਨ ਜੋ ਬਾਹਰਲੇ ਦੇਸ਼ ਵਿੱਚ ਹਨ ਕਿਉਂਕਿ ਮੈਂ ਉਨ੍ਹਾਂ ਨੂੰ ਕਈ ਵਾਰ ਵੀਡੀਓ-ਕਾਲ ਵਿੱਚ ਵੇਖ ਲੈਂਦਾ ਸੀ।ਜਦੋਂ ਜਲੰਧਰ ਵਾਲੇ ਆਉਂਦੇ ਸਨ ਤਾਂ ਮੈਂ ਜਿਵੇਂ ਭੂਤਰ ਹੀ ਜਾਂਦਾ ਸੀ। ਮੈਂ ਪੂਛ ਹਿਲਾ ਕੇ ਬੱਚਿਆਂ ਦੇ ਅੱਗੇ-ਪਿੱਛੇ ਭੱਜਦਾ ਸੀ। ਬੱਚੇ ਕਈ ਵਾਰ ਤਾਂ ਮੇਰੇ ਤੋਂ ਡਰ ਜਾਂਦੇ, ਪਰ ਹੌਲੀ-ਹੌਲੀ ਉਹ ਜਦੋਂ ਮੇਰੇ ਲਾਡ ਨੂੰ ਸਮਝ ਕੇ ਮੇਰੇ ’ਤੇ ਪਿਆਰ ਨਾਲ ਹੱਥ ਫੇਰਦੇ ਤਾਂ ਮੈਂ ਬਾਗੋ-ਬਾਗ ਹੋ ਜਾਂਦਾ ਸੀ। ਉਹ ਕਈ ਵਾਰ ਮੈਨੂੰ ‘ਬਾਦਸ਼ਾਹ’ ਕਹਿ ਕੇ ਆਵਾਜ਼ ਮਾਰਦੇ ਤਾਂ ਮੈਂ ਹੈਰਾਨ ਹੁੰਦਾ, ਪਰ ਫਿਰ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਵਾਂਗ ਪਹਿਲਾਂ ਬਾਦਸ਼ਾਹ ਵੀ ਇਸ ਘਰ ਦਾ ਮੈਂਬਰ ਸੀ। ਮੈਨੂੰ ਕਦੇ ਵੀ ਉਸ ਦੇ ਨਾਂ ਤੋਂ ਈਰਖਾ ਨਹੀਂ ਸੀ ਹੋਈ ਸਗੋਂ ਇਹ ਨਾਂ ਵੀ ਮੈਨੂੰ ਪਿਆਰਾ ਲੱਗਦਾ ਸੀ।
ਮੈਂ ਉਦੋਂ ਬੜਾ ਦੁਖੀ ਹੁੰਦਾ ਸੀ ਜਦੋਂ ਆਪਣੇ ਮਾਲਕ ਨੂੰ ਬਿਮਾਰ ਵੇਖਦਾ ਸਾਂ।ਉਹ ਅੰਦਰ-ਬਾਹਰ ਆਉਂਦੇ-ਜਾਂਦੇ ਮੈਨੂੰ ਪੁਚਕਾਰਦੇ ਸਨ। ਮੈਂ ਮਨ ਹੀ ਮਨ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਅਰਦਾਸ ਕਰਦਾ ਸੀ।
ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਜਦੋਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਉਨ੍ਹਾਂ ਦੇ ਸਸਕਾਰ ਸਮੇਂ ਬੜਾ ਰੋਇਆ ਸੀ ਮੈਂ। ਮੈਂ ਲੱਖ ਯਤਨ ਕਰਨ ਦੇ ਬਾਵਜੂਦ ਆਪਣੇ ਅੱਥਰੂ ਰੋਕ ਨਹੀਂ ਸੀ ਸਕਿਆ।
ਕੁਝ ਦਿਨਾਂ ਪਿਛੋਂ ਤਾਂ ਘਰ ਖਾਲੀ ਜਿਹਾ ਹੀ ਹੋ ਗਿਆ ਸੀ। ਹੁਣ ਮੈਂ ਘਰ ਵਿੱਚ ਬਿਲਕੁਲ ਓਪਰਿਆਂ ਦੇ ਆਸਰੇ ਰਹਿ ਗਿਆਂ ਸਾਂ। ਬੇਸ਼ੱਕ ਮੇਰੀ ਖੁਰਾਕ ਵਿੱਚ ਕੋਈ ਕਮੀ ਨਹੀਂ ਸੀ ਆਈ, ਪਰ ਸ਼ਾਇਦ ਮੈਨੂੰ ਮੇਰੇ ਮਾਲਕ ਦੀ ਜੁਦਾਈ ਨੇ ਵਧੇਰੇ ਕਮਜ਼ੋਰ ਕਰ ਦਿੱਤਾ ਸੀ। ਹੁਣ ਉਨ੍ਹਾਂ ਦੀ ਇੱਥੇ ਰਹਿੰਦੀ ਧੀ ਵੀ ਕਦੇ-ਕਦਾਈਂ ਹੀ ਗੇੜਾ ਮਾਰਦੀ ਸੀ। ਮੈਂ ਕਈ ਵਾਰ ਉਨ੍ਹਾਂ ਨੂੰ ਉਡੀਕਦਾ ਰਹਿੰਦਾ। ਇੱਕ ਦਿਨ ਜਦੋਂ ਉਹ ਕਈ ਮਹੀਨਿਆਂ ਬਾਅਦ ਇੱਥੇ ਆਏ ਤਾਂ ਮੈਂ ਅੰਦਰੋਂ ਦੁਖੀ ਸੀ। ਮੈਂ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਖ਼ਾਤਰ ਪਹਿਲਾਂ ਤਾਂ ਉਨ੍ਹਾਂ ਨਾਲ ਸਿੱਧੇ ਮੂੰਹ ਬੋਲਿਆ ਨਹੀਂ ਸਾਂ, ਪਰ ਥੋੜ੍ਹੇ ਚਿਰ ਪਿੱਛੋਂ ਹੀ ਸਾਰਾ ਗੁੱਸਾ ਥੁੱਕ ਕੇ ਉਨ੍ਹਾਂ ਦੇ ਮਗਰ-ਮਗਰ ਤੁਰ ਪਿਆ ਸਾਂ।
ਪਰ ਸੱਚ ਤਾਂ ਇਹੀ ਸੀ ਕਿ ਮੈਂ ਹੁਣ ਪਹਿਲਾਂ ਵਾਂਗ ਤੰਦਰੁਸਤ ਮਹਿਸੂਸ ਨਹੀਂ ਸੀ ਕਰਦਾ। ਮੈਂ ਅਕਸਰ ਆਪਣੇ ਮਾਲਕ ਦੇ ਸਸਕਾਰ ਵਾਲੀ ਥਾਂ ’ਤੇ ਬੈਠ ਕੇ ਉਨ੍ਹਾਂ ਨੂੰ ਬਹੁਤ ਯਾਦ ਕਰਦਾ ਸੀ। ਉਨ੍ਹਾਂ ਤੋਂ ਬਿਨਾਂ ਮੈਨੂੰ ਇਹ ਆਲਾ-ਦੁਆਲਾ ਵੱਢ ਖਾਣ ਨੂੰ ਪੈਂਦਾ ਸੀ। ਹੁਣ ਮੈਂ ਮਨ ਹੀ ਮਨ ਇਸ ਦੁਨੀਆ ਨੂੰ ਅਲਵਿਦਾ ਆਖਣ ਦੀ ਉਡੀਕ ਕਰਨ ਲੱਗ ਪਿਆ ਸੀ।
ਸੰਪਰਕ: 97790-52732
* * *

Advertisement

ਘਰ ਵਾਪਸੀ

ਡਾ. ਗੁਰਤੇਜ ਸਿੰਘ
ਰਾਤੀਂ ਪਟਾਕਿਆਂ ਦੀ ਕੰਨ ਪਾੜਵੀਂ ਆਵਾਜ਼ ਅਤੇ ਜ਼ਹਿਰੀਲੇ ਧੂੰਏਂ ਦੀ ਚਾਦਰ ਨੇ ਸੂਹੀ ਸਵੇਰ ਨੂੰ ਗੰਧਲਾ ਕੀਤਾ ਹੋਇਆ ਸੀ। ਅੱਖਾਂ ਮਲ਼ਦਾ ਹੋਇਆ ਡਾਕਟਰ ਕੁਲਦੀਪ ਸਿੰਘ ਬਾਲਕੋਨੀ ’ਚ ਆਣ ਖਲੋਇਆ ਤੇ ਕੁਦਰਤ ਨੂੰ ਨਿਹਾਰਨ ਦੀ ਨਾਕਾਮ ਕੋਸ਼ਿਸ਼ ਕਰਨ ਲੱਗਾ। ਇੰਨੇ ਨੂੰ ਇੱਕ ਕਬੂਤਰ ਸਹਿਜ ਸੁਭਾਅ ਉਸ ਵਿੱਚ ਜ਼ੋਰ ਦੀ ਆਣ ਵੱਜਿਆ ਤਾਂ ਉਹ ਤ੍ਰਭਕ ਗਿਆ। ਕਬੂਤਰ ਨੇ ਮੁਆਫ਼ੀ ਮੰਗਦਿਆਂ ਕਿਹਾ, ‘‘ਕੀ ਕਰੀਏ ਸਾਬ੍ਹ! ਅਸੀਂ ਸਾਰੇ ਤਾਂ ਪਟਾਕਿਆਂ ਦੇ ਰੌਲੇ ਕਾਰਨ ਬੇਘਰ ਹੋਏ ਪਏ ਹਾਂ ਤੇ ਘਰ ਵਾਪਸੀ ਦਾ ਅਜੇ ਵੀ ਕੋਈ ਹੀਲਾ ਨਹੀਂ ਬਣ ਰਿਹਾ। ਆਹ ਮਨੋਰੰਜਨੀ ਆਤਿਸ਼ਬਾਜ਼ੀ ਸਦਾ ਹੀ ਸਾਡੇ ਵਰਗਿਆਂ ਨੂੰ ਵਖ਼ਤ ਪਾ ਦਿੰਦੀ ਹੈ। ਚਿੜਾ ਤਾਂ ਕਹਿੰਦਾ ਸੀ ਕਿ ਹਰ ਤਬਕੇ ਦੇ ਲੋਕਾਂ ਦੇ ਆਪੋ-ਆਪਣੇ ਇਸ਼ਟ ਰਾਤੀਂ ਘਰ ਵਾਪਸ ਪੁੱਜ ਗਏ ਹਨ।’’ ਕਬੂਤਰ ਦੀ ਇਸ ਵਿਥਿਆ ਨੇ ਡਾਕਟਰ ਕੁਲਦੀਪ ਨੂੰ ਸੋਚੀਂ ਪਾ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਉਹ ਕੋਈ ਜਵਾਬ ਦਿੰਦਾ, ਕਬੂਤਰ ਉਡਾਰੀ ਮਾਰ ਗਿਆ ਸੀ।
ਸੰਪਰਕ: 95173-96001
* * *

ਟੂਣੇ ਦਾ ਹਲੂਣਾ

ਜਸਵਿੰਦਰ ਪੰਜਾਬੀ ਭੁਨਰਹੇੜੀ
ਢਾਈ ਦਹਾਕੇ ਪੁਰਾਣੀ ਗੱਲ ਹੈ। ਡੀਸੀਡਬਲਯੂ ਵਿੱਚ ਇੱਕ ਮੁਲਾਜ਼ਮ ਸੀ। ਬਿਮਾਰ-ਠਮਾਰ ਜਿਹਾ ਰਹਿੰਦਾ ਸੀ। ਕਿਸੇ ਦੇ ਕਹਿਣ ’ਤੇ ਉਹ ਇੱਕ ‘ਸਿਆਣੇ’ ਦੇ ਧੱਕੇ ਚੜ੍ਹ ਗਿਆ। ਸਿਆਣੇ ਨੇ ਇੱਕ ਤਵੀਤ ਦੇ ਦਿੱਤਾ ਤੇ ਇੱਕ ਪਰਚੀ ਉੱਤੇ ਮੰਤਰ ਲਿਖ ਕੇ ਦੇ ਦਿੱਤਾ। ਤਰੀਕਾ ਜਿਹਾ ਸਮਝਾ ਦਿੱਤਾ। ਬੰਦੇ ਨੇ ਤਵੀਤ ਚੁੱਕਿਆ ਅਤੇ ਸਾਈਕਲ ਲੈ ਕੇ ਰੇਲਵੇ ਲਾਈਨ ਦੀ ਪਟੜੀਓ-ਪਟੜੀ ਸ਼ੂਟ ਵੱਟ ਦਿੱਤੀ। ਇੱਕ ਪੁਲ਼ ਤੋਂ ਲੰਘਦੀ ਲਾਈਨ ਦੇ ਹੇਠਾਂ ਤਵੀਤ ਰੱਖ ਕੇ ਤੇ ਕਾਗਜ਼ ਕੱਢ ਕੇ ਲੱਗ ਪਿਆ ਮੰਤਰ ਪੜ੍ਹਨ। ਰਾਜਪੁਰੇ ਵਾਲੇ ਪਾਸਿਓਂ ਸਵੈ-ਚਾਲਕ ਗੱਡੀ ਰੇਹੜਾ ਜਿਹਾ ਆ ਰਿਹਾ ਸੀ। ਆਵਾਜ਼ ਤਾਂ ਉਹਦੀ ਹੁੰਦੀ ਨ੍ਹੀਂ। ਬੰਦੇ ਨੇ ਧਿਆਨ ਵੀ ਨਹੀਂ ਦਿੱਤਾ, ਪਰ ਰੇਹੜੇ ਵਾਲੇ ਰੇਲਵੇ ਮੁਲਾਜ਼ਮਾਂ ਦੀ ਨਿਗ੍ਹਾ ਇਹਦੇ ਉੱਤੇ ਪੈ ਗਈ। ਉਨ੍ਹਾਂ ਉਸ ਦੇ ਨੇੜੇ ਆ ਕੇ ਰੇਹੜਾ ਰੋਕਿਆ। ਅਫਸਰ ਸਿੱਧਾ ਹੀ ਕਹਿੰਦਾ, ‘‘ਬੰਬ ਰੱਖਦਾ ਸੀ ਓਏ ਲਾਈਨ ’ਤੇ?’’
ਘਬਰਾਇਆ ਬੰਦਾ ‘‘ਮੈਂ ਤਾਂ ਜੀ, ਮੈਂ ਤਾਂ ਜੀ’’ ਕਰੇ।
ਉਨ੍ਹਾਂ ਨੇ ਹੋਰ ਕੁਝ ਨਹੀਂ ਪੁੱਛਿਆ। ਸਣੇ ਸਾਈਕਲ ਉਸ ਨੂੰ ਰੇਹੜੇ ’ਤੇ ਬਿਠਾ ਲਿਆ। ਬਥੇਰੀਆਂ ਸਫ਼ਾਈਆਂ ਦੇਵੇ। ਉਹ ਕਾਹਨੂੰ ਸੁਣਨ! ਵਾਇਰਲੈੱਸ ਉੱਤੇ ਰੇਲਵੇ ਪੁਲੀਸ ਨੂੰ ਇਤਲਾਹ ਦੇ ਦਿੱਤੀ। ਸਟੇਸ਼ਨ ’ਤੇ ਰੇਲਵੇ ਪੁਲੀਸ ਮੁਲਾਜ਼ਮ ਲੈ ਗਏ ਚੌਂਕੀ। ਪੁੱਛ-ਗਿੱਛ ਕੀਤੀ। ਸੱਚ ਦੱਸਣਾ ਪੈ ਗਿਆ। ਹੋਰ ਪਾਸਿਓਂ ਤਾਂ ਬਚਾਅ ਰਹਿ ਗਿਆ, ਪਰ ਰੇਲਵੇ ਲਾਈਨ ਉੱਤੇ ਸਾਈਕਲ ਚਲਾਉਣ ਦਾ ਦੋ ਸੌ ਜੁਰਮਾਨਾ ਠੋਕ ਦਿੱਤਾ ਜਿਹੜਾ ਅੰਬਾਲੇ ਜਾ ਕੇ ਭਰਨਾ ਪਿਆ। ਟੂਣੇ ਨੇ ਇਹੋ ਜਿਹਾ ਘਾਤਕ ਹਲੂਣਾ ਦਿੱਤਾ।
ਸੰਪਰਕ: 97814-14118
* * *

ਇੱਕੋ ਸਮੇਂ

ਰਾਜ ਕੌਰ ਕਮਾਲਪੁਰ
ਵੋਟਾਂ ਵਿੱਚ ਦੋਵੇਂ ਪਤੀ-ਪਤਨੀ ਦੀ ਡਿਊਟੀ ਆ ਗਈ। ਸਾਮਾਨ ਚੁੱਕਣ ਦਾ ਦਿਨ ਸੀ। ਦੂਜੇ ਦਿਨ ਵੋਟਾਂ ਪੈਣੀਆਂ ਸਨ। ਪਹਿਲਾਂ ਤਾਂ ਸਾਮਾਨ ਚੁੱਕਣ ਲਈ ਉਹ ਆਪਣੀ ਪਾਰਟੀ ਦਾ ਨੰਬਰ ਉਡੀਕਦੀ ਰਹੀ। ਜਦੋਂ ਦੋ ਕੁ ਵਜੇ ਤੱਕ ਉਸ ਦੀ ਪਾਰਟੀ ਦਾ ਨੰਬਰ ਨਾ ਬੋਲਿਆ ਗਿਆ ਤਾਂ ਉਸ ਨੇ ਸੋਚ ਲਿਆ ਕਿ ਸ਼ੁਕਰ ਹੈ ਉਸ ਦੀ ਡਿਊਟੀ ਰਿਜ਼ਰਵ ’ਚ ਲੱਗ ਗਈ ਏ, ਪਰ ਅਜੇ ਉਨ੍ਹਾਂ ਨੂੰ ਸ਼ਾਮ ਤੱਕ ਬੈਠਣਾ ਪੈਣਾ ਸੀ। ਕਿਉਂਕਿ ਜਦੋਂ ਤੱਕ ਸਾਰੀਆਂ ਪਾਰਟੀਆਂ ਆਪਣਾ ਸਾਮਾਨ ਚੁੱਕ ਕੇ ਬੱਸਾਂ ’ਚ ਬੈਠ ਕੇ ਤੁਰ ਨਾ ਜਾਣ... ਉਦੋਂ ਤੱਕ ਡਿਊਟੀ ਦੇਣ ਦਾ ਖ਼ਤਰਾ ਸਿਰ ’ਤੇ ਮੰਡਰਾ ਰਿਹਾ ਸੀ। ਬਹੁਤ ਸਾਰੇ ਮੁਲਾਜ਼ਮ, ਖ਼ਾਸ ਕਰਕੇ ਮਰਦ ਕਰਮਚਾਰੀ ਡਿਊਟੀ ਤੋਂ ਡਰਦੇ ਲੁਕ ਰਹੇ ਸਨ। ਐੱਸ.ਡੀ.ਐਮ. ਦੇ ਵਾਰੀ-ਵਾਰੀ ਐਲਾਨ ਕਰਨ ਦੇ ਬਾਵਜੂਦ ਉਹ ਪਰ੍ਹੇ-ਪਰ੍ਹੇ ਭੱਜ ਰਹੇ ਸਨ।
ਸ਼ਾਮ ਦੇ ਸੱਤ-ਅੱਠ ਵੱਜ ਚੁੱਕੇ ਸਨ। ਅਜੇ ਵੀ ਡਿਊਟੀ ਵਾਲੀਆਂ ਥਾਵਾਂ ’ਤੇ ਕਰਮਚਾਰੀ ਭੇਜੇ ਜਾ ਰਹੇ ਸਨ। ਉਹ ਵੀ ਅੰਦਰੋ-ਅੰਦਰੀ ਬਹੁਤ ਡਰ ਰਹੀ ਸੀ ਕਿ ਜੇ ਹੁਣ ਡਿਊਟੀ ਲੱਗ ਗਈ ਤਾਂ... ਰਾਤ ਨੂੰ ਕਿੱਥੇ ਜਾਵੇਗੀ। ਉਹ ਦੂਜੀਆਂ ਔਰਤਾਂ ਨਾਲ ਬੈਠੀ ਗੱਲਾਂ ਕਰ ਰਹੀ ਸੀ, ‘‘ਭਲਾ! ਇਹ ਆਦਮੀ ਕਿਉਂ ਲੁਕ ਰਹੇ ਨੇ? ਇਨ੍ਹਾਂ ਨੂੰ ਡਿਊਟੀ ਦੇਣੀ ਕੀ ਔਖੀ ਐ? ਰਾਤ-ਬਰਾਤੇ ਜਿੱਥੇ ਮਰਜ਼ੀ ਚਲੇ ਜਾਣ। ਇੱਕ ਦਿਨ ਦੀ ਤਾਂ ਸਾਰੀ ਗੱਲ ਐ।”
ਇੰਨੇ ਨੂੰ ਉਸ ਦੇ ਪਤੀ ਦਾ ਫੋਨ ਆ ਗਿਆ। ਉਹ ਆਪਣੇ ਪਤੀ ਨੂੰ ਕਹਿ ਰਹੀ ਸੀ, ‘‘ਹੁਣ ਤਾਂ ਥੋੜ੍ਹੇ ਸਮੇਂ ਦੀ ਗੱਲ ਐ। ਪਰ ਤੁਸੀਂ ਪਰ੍ਹੇ ਲੁਕ ਕੇ ਹੀ ਰਹਿਣਾ। ਹੁਣ ਤਾਂ ਸਮਝੋ ਪਾਰਟੀਆਂ ਪੂਰੀਆਂ ਹੋਣ ਵਾਲੀਆਂ ਨੇ। ਕਿੱਥੇ ਰਾਤਾਂ ਨੂੰ ਰੁਲਦੇ ਫਿਰੋਗੇ... ਜੇ ਡਿਊਟੀ ਲੱਗ ਗਈ ਤਾਂ...।”
ਸੰਪਰਕ: 94642-24314

Advertisement
Author Image

Advertisement