ਕਸ਼ਮੀਰ ਪਾਕਿਸਤਾਨ ਦੀ ਸ਼ਾਹ ਰਗ: ਜਨਰਲ ਮੁਨੀਰ
ਇਸਲਾਮਾਬਾਦ, 17 ਅਪਰੈਲ
ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਪਰਵਾਸੀ ਭਾਈਚਾਰੇ ਦੇ ਇੱਕ ਪ੍ਰੋਗਰਾਮ ਦੌਰਾਨ ਕਸ਼ਮੀਰ ਨੂੰ ਪਾਕਿਸਤਾਨ ਦੀ ‘ਸ਼ਾਹ ਰਗ’ ਦੱਸਿਆ ਤੇ ਵਿਦੇਸ਼ਾਂ ’ਚ ਰਹਿ ਰਹੇ ਪਾਕਿਸਤਾਨੀਆਂ ਨੂੰ ਦੇਸ਼ ਦੀਆਂ ਕਹਾਣੀਆਂ ਆਪਣੇ ਬੱਚਿਆਂ ਨੂੰ ਸੁਣਾਉਣ ਦੀ ਅਪੀਲ ਵੀ ਕੀਤੀ। ਮੁਨੀਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਪੁਰਖੇ ਮੰਨਦੇ ਸਨ ਕਿ ਹਿੰਦੂ ਤੇ ਮੁਸਲਮਾਨ ਜ਼ਿੰਦਗੀ ਦੇ ਹਰ ਪੱਖ ’ਚ ਇੱਕ ਦੂਜੇ ਤੋਂ ਵੱਖ ਹਨ।
ਜਨਰਲ ਮੁਨੀਰ ਨੇ ਇਸਲਾਮਾਬਾਦ ’ਚ ਪਹਿਲੇ ਪਰਵਾਸੀ ਪਾਕਿਸਤਾਨੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡਾ ਰੁਖ਼ ਬਿਲਕੁਲ ਸਪੱਸ਼ਟ ਹੈ, ਇਹ (ਕਸ਼ਮੀਰ) ਸਾਡੀ ਸ਼ਾਹ ਰਗ ਸੀ, ਇਹ ਸਾਡੀ ਸ਼ਾਹ ਰਗ ਰਹੇਗੀ ਅਤੇ ਅਸੀਂ ਇਸ ਨੂੰ ਨਹੀਂ ਭੁੱਲਾਂਗੇ। ਅਸੀਂ ਆਪਣੇ ਕਸ਼ਮੀਰੀ ਭਰਾਵਾਂ ਨੂੰ ਉਨ੍ਹਾਂ ਦੇ ਸੰਘਰਸ਼ ’ਚ ਇਕੱਲਾ ਨਹੀਂ ਛੱਡਾਂਗੇ।’ ਇਸ ਪ੍ਰੋਗਰਾਮ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਸੀਨੀਅਰ ਮੰਤਰੀ ਤੇ ਵਿਦੇਸ਼ ’ਚ ਰਹਿਣ ਵਾਲੇ ਪਾਕਿਸਤਾਨੀ ਸ਼ਾਮਲ ਹੋਏ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁਨੀਰ ਨੇ ਪਰਵਾਸੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਕਦਰਾਂ-ਕੀਮਤਾਂ ਤੇ ਨਜ਼ਰੀਏ ਨੂੰ ਸੰਭਾਲ ਕੇ ਰੱਖਣ ਜਿਨ੍ਹਾਂ ਲਈ ਪਾਕਿਸਤਾਨ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਦੀਆਂ ਕਹਾਣੀਆਂ ਆਪਣੇ ਬੱਚਿਆਂ ਨਾਲ ਸਾਂਝੀਆਂ ਕਰਨ। ਉਨ੍ਹਾਂ ਪਾਕਿਸਤਾਨ ਦੇ ਬਾਨੀ ਐੱਮਏ ਜਿਨਾਹ ਦੇ ਦੋ-ਕੌਮਾਂ ਸਿਧਾਂਤ ਦਾ ਹਵਾਲਾ ਦਿੰਦਿਆਂ ਕਿਹਾ, ‘ਤੁਹਾਨੂੰ ਆਪਣੇ ਬੱਚਿਆਂ ਨੂੰ ਪਾਕਿਸਤਾਨ ਦੀ ਕਹਾਣੀ ਦੱਸਣੀ ਪਵੇਗੀ ਤਾਂ ਜੋ ਉਹ ਇਹ ਨਾ ਭੁੱਲਣ ਕਿ ਸਾਡੇ ਪੁਰਖੇ ਸੋਚਦੇ ਸਨ ਕਿ ਅਸੀਂ ਜ਼ਿੰਦਗੀ ਦੇ ਹਰ ਸੰਭਵ ਪੱਖ ’ਚ ਹਿੰਦੂਆਂ ਤੋਂ ਵੱਖ ਹਾਂ।’ ਮੁਨੀਰ ਨੇ ਕਿਹਾ, ‘ਸਾਡੇ ਧਰਮ ਵੱਖ ਹਨ, ਸਾਡੇ ਰੀਤੀ-ਰਿਵਾਜ਼ ਵੱਖ ਹਨ, ਸਾਡੀਆਂ ਰਵਾਇਤਾਂ ਵੱਖ ਹਨ, ਸਾਡੇ ਵਿਚਾਰ ਵੱਖ ਹਨ, ਸਾਡੀਆਂ ਖਾਹਿਸ਼ਾਂ ਵੱਖ ਹਨ। ਇੱਥੋਂ ਦੋ-ਕੌਮਾਂ ਦੇ ਸਿਧਾਂਤ ਦੀ ਨੀਂਹ ਰੱਖੀ ਗਈ। ਅਸੀਂ ਦੋ ਵੱਖ ਵੱਖ ਕੌਮਾਂ ਹਾਂ। ਅਸੀਂ ਇੱਕ ਕੌਮ ਨਹੀਂ ਹਾਂ।’ -ਪੀਟੀਆਈ
ਪਾਕਿਸਤਾਨ ਕਸ਼ਮੀਰ ਦਾ ਗ਼ੈਰਕਾਨੂੰਨੀ ਕਬਜ਼ੇ ਹੇਠਲਾ ਖੇਤਰ ਖਾਲੀ ਕਰੇ: ਭਾਰਤ
ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਦਾ ਪਾਕਿਸਤਾਨ ਨਾਲ ਇੱਕੋ-ਇੱਕ ਸਬੰਧ ਇਹ ਹੈ ਕਿ ਇਸਲਾਮਾਬਾਦ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਗ਼ੈਰਕਾਨੂੰਨੀ ਕਬਜ਼ੇ ਵਾਲਾ ਹਿੱਸਾ ਖਾਲੀ ਕਰ ਦੇਵੇ। ਇਸ ਦੇ ਨਾਲ ਹੀ ਭਾਰਤ ਨੇ ਕਸ਼ਮੀਰ ਬਾਰੇ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ, ‘ਕੋਈ ਵੀ ਵਿਦੇਸ਼ੀ ਚੀਜ਼ ‘ਸ਼ਾਹਰਗ’ ਕਿਸ ਤਰ੍ਹਾਂ ਹੋ ਸਕਦੀ ਹੈ? ਇਹ ਭਾਰਤ ਦਾ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ। ਪਾਕਿਸਤਾਨ ਨਾਲ ਕਸ਼ਮੀਰ ਦਾ ਇੱਕੋ-ਇੱਕ ਸਬੰਧ ਉਸ ਦੇਸ਼ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਕਬਜ਼ੇ ਹੇਠ ਕੀਤੇ ਗਏ ਖੇਤਰਾਂ ਨੂੰ ਖਾਲੀ ਕਰਾਉਣਾ ਹੈ।’ ਸਾਲ 2008 ’ਚ 26 ਨਵੰਬਰ ਨੂੰ ਹੋਏ ਅਤਿਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਤੋਂ ਆਪਣਾ ਪੱਲਾ ਝਾੜਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਬਾਰੇ ਜਾਇਸਵਾਲ ਨੇ ਕਿਹਾ, ‘ਪਾਕਿਸਤਾਨ ਲੱਖ ਕੋਸ਼ਿਸ਼ਾਂ ਕਰ ਲਵੇ ਪਰ ਆਲਮੀ ਅਤਿਵਾਦੀ ਕੇਂਦਰ ਦੇ ਰੂਪ ’ਚ ਉਸ ਦਾ ਅਕਸ ਕਦੀ ਨਹੀਂ ਬਦਲੇਗਾ।’ ਉਨ੍ਹਾਂ ਕਿਹਾ, ‘ਰਾਣਾ ਦੀ ਹਵਾਲਗੀ ਪਾਕਿਸਤਾਨ ਲਈ ਇੱਕ ਚਿਤਾਵਨੀ ਹੈ ਕਿ ਉਸ ਨੂੰ ਮੁੰਬਈ ਹਮਲਿਆਂ ਦੇ ਹੋਰ ਦੋਸ਼ੀਆਂ ਨੂੰ ਵੀ ਨਿਆਂ ਦੇ ਕਟਹਿਰੇ ’ਚ ਲਿਆਉਣਾ ਪਵੇਗਾ ਜਿਨ੍ਹਾਂ ਨੂੰ ਉਹ ਹੁਣ ਵੀ ਬਚਾ ਰਿਹਾ ਹੈ।’ ਬੈਲਜੀਅਮ ’ਚ ਗ੍ਰਿਫ਼ਤਾਰ ਕੀਤੇ ਗਏ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਹਵਾਲਵੀ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਬੈਲਜੀਅਮ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਕੈਲਾਸ਼ ਮਾਨਸਰੋਵਰ ਯਾਤਰਾ ਜਲਦੀ ਹੀ ਮੁੜ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਬਾਰੇ ਜਨਤਕ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ। -ਪੀਟੀਆਈ