ਕਲਾ ਦੀ ਬੌਧਿਕ ਸੁਰ ਕਵਿਤਾ ਸਿੰਘ
ਦਲਜੀਤ ਅਮੀ
ਫਿਲਮ ਦੇ ਦ੍ਰਿਸ਼ ਵਿਚੋਂ ਚਿੱਤਰ ਦੀ ਸ਼ਨਾਖ਼ਤ ਕਰਨਾ ਅਤੇ ਚਿੱਤਰਾਂ ਦੀ ਲੜੀ ਵਿਚੋਂ ਦ੍ਰਿਸ਼ ਦੀ ਬਣਤਰ ਸਮਝਣਾ ਉਸ ਦਾ ਹੁਨਰ ਸੀ। ਇਨ੍ਹਾਂ ਚਿੱਤਰਾਂ ਵਿਚੋਂ ਕਲਾਕਾਰ ਦੀ ਕਲਾਕਾਰੀ, ਰੰਗਾਂ ਦੀ ਤਰਤੀਬ ਅਤੇ ਵਿਉਂਤ ਦੇ ਲਹਿਰੀਏ ਸਮਝਾਉਣਾ ਉਸ ਦਾ ਰੋਜ਼ਮੱਰਾ ਕੰਮ ਸੀ। ਇਨ੍ਹਾਂ ਚਿੱਤਰਾਂ ਵਿਚੋਂ ਉਹ ਇਤਿਹਾਸ ਦੀਆਂ ਗਵਾਹੀਆਂ ਲੱਭ ਲੈਂਦੀ ਸੀ, ਇਤਿਹਾਸ ਦੀਆਂ ਨਵੀਆਂ ਰਮਜ਼ਾਂ ਦੇਖ ਲੈਂਦੀ ਸੀ, ਲਿਖੇ ਇਤਿਹਾਸ ਦੇ ਖੱਪੇ ਪੂਰਨ ਦਾ ਆਹਰ ਕਰਦੀ ਸੀ। ਉਹ ਕਲਾ ਦੀ ਇਤਿਹਾਸਕਾਰੀ ਕਰਦੀ ਹੋਈ ਇਮਾਰਤਸਾਜ਼ੀ ਅਤੇ ਚਿੱਤਰਕਾਰੀ ਦੀ ਪੜਚੋਲ ਕਰਦੀ ਸੀ। ਉਹ ਸਾਜ਼ਾਂ, ਸੰਗੀਤ, ਲਬਿਾਸਾਂ ਅਤੇ ਰੀਤ-ਰਿਵਾਜ਼ਾਂ ਵਿਚ ਲੁਕੇ ਗੁੱਝੇ ਮਾਇਨੇ ਬੇਪਰਦ ਕਰਦੀ ਸੀ। ਉਸ ਦੇ ਇੱਕ ਲੇਖ ਦਾ ਸਿਰਲੇਖ ਹੈ: ‘ਮੁਗ਼ਲ ਕਰੌਨੀਕਲ: ਵਰਡਜ਼, ਇਮੇਜਿਜ਼ ਐਂਡ ਦਿ ਗੈਪਸ ਬਿਟਵੀਨ ਦੈੱਮ’ (ਮੁਗ਼ਲ ਸਿਲਸਿਲੇ: ਸ਼ਬਦ, ਚਿੱਤਰ ਅਤੇ ਉਨ੍ਹਾਂ ਵਿਚਲੇ ਫ਼ਾਸਲੇ)। ਉਸ ਨੇ ਦੁਨੀਆ ਭਰ ਦੇ ਅਜਾਇਬ ਘਰਾਂ ਵਿਚ ਨੁਮਾਇਸ਼ਾਂ ਸਹੇਜੀਆਂ। ਉਸ ਨੇ ਕਿਤਾਬਾਂ ਦੀ ਸੰਪਾਦਨਾ ਕੀਤੀ। ਆਪ ਕਿਤਾਬਾਂ ਲਿਖੀਆਂ। ਜੇ ਪੇਚੀਦਗੀ ਦੀਆਂ ਰਮਜ਼ਾਂ ਖੋਲ੍ਹਦੇ ਹੋਏ ਬਾਰੀਕੀ ਨਾਲ ਖ਼ਿਆਲਾਂ ਦਾ ਸੰਘਣਾ ਬਿਆਨੀਆ ਦੇਣਾ ਹੋਵੇ ਤਾਂ ਉਸ ਦੇ ਮੂੰਹੋਂ ਸ਼ਬਦਾਂ ਦਾ ਪ੍ਰਵਾਹ ਸਦਾ ਬਹਾਰ ਝਰਨੇ ਵਾਂਗ ਵਹਿੰਦਾ ਸੀ। ਉਹ ਝਰਨਾ ਜੋ ਅਨੇਕ ਝਰਨਿਆਂ ਵਿਚ ਵਹਿੰਦਾ ਹੋਇਆ ਆਪਣੀ ਨਿਵੇਕਲੀ ਪਛਾਣ ਰੱਖਦਾ ਸੀ।
ਇਹ ਸਾਰਾ ਕੁਝ ਕਰਦੀ ਹੋਈ ਉਹ ਵਾਲਟਰ ਬੈਂਜਾਮਿਨ ਦਾ ਹਵਾਲਾ ਦਿੰਦੀ ਸੀ ਕਿ ਚਿੱਤਰ ਇਤਿਹਾਸ ਨਹੀਂ ਹਨ। ਇਹ ਇਤਿਹਾਸ ਦਾ ਭਰੋਸੇਯੋਗ ਸੋਮਾ ਨਹੀਂ ਹਨ ਪਰ ਸਿਲਸਿਲੇ ਹਨ। ਇਨ੍ਹਾਂ ਸਿਲਸਿਲਿਆਂ ਦੀਆਂ ਕੜੀਆਂ ਜੋੜਦੀ ਹੋਈ ਉਹ ਇਤਿਹਾਸ ਦੀਆਂ ਉਹ ਤਰਤੀਬਾਂ ਅਤੇ ਲਹਿਰੀਏ ਬੁਣਦੀ ਸੀ ਜੋ ਲੰਘੇ ਵਕਤ ਦੀਆਂ ਕੰਦਰਾਂ-ਕੰਨੀਆਂ ਵਿਚੋਂ ਸਮਕਾਲੀ ਸਿਆਸਤ ਉੱਤੇ ਅਸਰਅੰਦਾਜ਼ ਹੋ ਰਹੇ ਹਨ। ਉਹ ਆਪਣੇ ਅਧਿਆਪਕਾਂ ਨਾਲ ਚੰਡੀਗੜ੍ਹ ਦੇ ਅਜਾਇਬ ਘਰਾਂ ਤੋਂ ਦੁਨੀਆ ਭਰ ਦੇ ਅਜਾਇਬ ਘਰਾਂ ਵਿਚ ਗਈ। ਉਹ ਆਪਣੇ ਵਿਦਿਆਰਥੀਆਂ ਨੂੰ ਅਜਾਇਬ ਘਰਾਂ ਦੀਆਂ ਬਾਰੀਕ ਰਮਜ਼ਾਂ ਸਮਝਾਉਣ ਲਈ ਲਗਾਤਾਰ ਸਫ਼ਰਯਾਫ਼ਤਾ ਰਹੀ। ਉਸ ਨੇ ਅਜਾਇਬ ਘਰਾਂ ਦੀ ਰਵਾਇਤੀ ਸਮਝ ਉੱਤੇ ਕਾਟਾ ਫੇਰਿਆ ਕਿ ਇਹ ਨਿਰਪੱਖ ਹੁੰਦੇ ਹਨ।
ਉਸ ਨੂੰ ਹਿਉਮੈਨਟੀਜ਼ ਵਿਚ ਇਨਫੋਸਿਸ ਪ੍ਰਾਈਜ਼-2018 ਮਿਲਿਆ ਤਾਂ ਉਸ ਨੇ ਆਪਣੇ ਕੰਮ ਦਾ ਬਿਆਨੀਆ ਕੁਝ ਇੰਝ ਦਿੱਤਾ: ‘ਮੇਰੀ ਇੱਛਾ ਹੈ ਕਿ ਕਲਾ ਦੇ ਇਤਿਹਾਸ ਨਾਲ ਜੁੜੀ ਉੱਚ ਦੁਮਾਲੜੀ ਖੋਜ ਦਾ ਅੰਗਰੇਜ਼ੀ ਤੋਂ ਭਾਰਤੀ ਬੋਲੀਆਂ ਵਿਚ ਤਰਜਮਾ ਹੋਣਾ ਚਾਹੀਦਾ ਹੈ ਅਤੇ ਮੇਰਾ ਦੂਜਾ ਮਕਸਦ ਖੋਜਾਰਥੀਆਂ ਦੀ ਅਗਲੀ ਪੀੜ੍ਹੀ ਦੀ ਸਿਖਲਾਈ ਵਿਚ ਸਰਪ੍ਰਸਤੀ ਕਰਨਾ ਹੈ ਜੋ ਤੀਹ-ਚਾਲੀ ਸਾਲ ਤੱਕ ਇਸ ਕੰਮ ਨੂੰ ਅੱਗੇ ਤੋਰੇਗੀ। ਮੇਰੀ ਇੱਕ ਦਿਲਚਸਪੀ ਅਜਾਇਬ ਘਰਾਂ ਦੀ ਸਿਆਸਤ ਵਿਚ ਹੈ। ਦੂਜੀ ਦਿਲਚਸਪੀ ਚਿੱਤਰਕਾਰੀ ਦੇ ਇਤਿਹਾਸ ਵਿਚ ਹੈ ਜਿਸ ਵਿਚ ਅੱਗੇ ਖ਼ਸੂਸੀ ਰੁਚੀ ਮੁਗ਼ਲ, ਰਾਜਪੂਤ ਅਤੇ ਦੱਖਣੀ ਸ਼ੈਲੀਆਂ ਵਿਚ ਹੈ। ਮੇਰਾ ਸਾਰਾ ਕੰਮ ਇੱਕ ਕਿਤਾਬ ਤੋਂ ਸ਼ੁਰੂ ਹੋਇਆ ਜਿਸ ਦਾ ਸਿਰਲੇਖ ਸੀ- ਡਾਂਸ ਆਫ ਸ਼ਿਵਾ (ਸ਼ਿਵ ਦਾ ਨਾਚ)। ਇਸ ਕਿਤਾਬ ਵਿਚ ਗੱਲ ਬੁੱਤ ਤੋਂ ਸ਼ੁਰੂ ਹੁੰਦੀ ਹੈ ਜੋ ਸ਼ਾਇਰੀ, ਮਜ਼ਹਬ, ਮੌਸਿਕੀ ਅਤੇ ਇਤਿਹਾਸ ਦੇ ਨਾਲ ਨਾਲ ਨਜ਼ਰੀਏ ਦਾ ਘੇਰਾ ਘੱਤਦੀ ਹੈ। ਮੈਂ ਲੋਕਾਂ ਨੂੰ ਪੁੱਛ ਰਹੀ ਸੀ ਕਿ ਇਹ ਕਿਤਾਬ ਕਿਸ ਵਿਸ਼ੇ ਦੇ ਘੇਰੇ ਵਿਚ ਆਉਂਦੀ ਹੈ। ਕਿਸੇ ਨੇ ਦੱਸਿਆ ਕਿ ਇਹ ਕਲਾ ਦਾ ਇਤਿਹਾਸ ਹੈ। ਮੈਂ ਕਿਹਾ ਕਿ ਮੈਂ ਇਹੋ ਕਰਨਾ ਹੈ।’
ਨੋਬੇਲ ਪੁਰਸਕਾਰ ਹਾਸਿਲ ਕਰਨ ਵਾਲੇ ਅਰਥਸ਼ਾਸਤਰੀ ਅਮਰਿਤਿਆ ਸੇਨ ਨੇ ਉਸ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਸੀ, “ਉਸ ਨੇ ਲਗਾਤਾਰ ਕਲੇਸ਼ ਵਿਚ ਫਸੇ ਅਤੇ ਵਿਵਾਦ ਵਿਚ ਘਿਰੇ ਸੰਸਾਰ ਵਿਚ ਅਜਾਇਬ ਘਰਾਂ ਦੇ ਇਤਿਹਾਸਕ ਕਾਰਜ ਦਾ ਬਿਆਨੀਆ ਦਿੱਤਾ ਹੈ। ਉਨ੍ਹਾਂ ਸਮੱਸਿਆਵਾਂ ਵੱਲ ਧਿਆਨ ਖਿੱਚਿਆ ਹੈ ਜਿਨ੍ਹਾਂ ਦੀ ਚਿੰਤਾ ਕੀਤੀ ਜਾਣੀ ਚਾਹੀਦੀ ਹੈ।”
ਇਨਾਮ ਲੈਣ ਵੇਲੇ ਉਸ ਨੇ ਦੱਸਿਆ, “ਜਦੋਂ ਇਹ ਇਨਾਮ ਮਿਲਣ ਦੀ ਖ਼ਬਰ ਮਿਲੀ ਤਾਂ ਮੈਨੂੰ ਯਕੀਨ ਨਹੀਂ ਹੋਇਆ। ਮੈਂ ਕਲਾ ਦੇ ਇਤਿਹਾਸ ਬਾਰੇ ਕੰਮ ਕਰਦੀ ਹਾਂ ਜੋ ਵਿਸ਼ੇ ਪੱਖੋਂ ਹਾਸ਼ੀਏ ਉੱਤੇ ਹੈ। ਇੰਡੀਆ ਵਿਚ ਕਲਾ ਦਾ ਇਤਿਹਾਸ ਹਾਸ਼ੀਏ ਦਾ ਹੱਕਦਾਰ ਨਹੀਂ ਹੈ। ਇਹ ਇਨਾਮ ਮੈਂ ਆਪਣੇ ਕੰਮ ਅਤੇ ਕਲਾ ਦੇ ਇਤਿਹਾਸ ਦੇ ਵਿਸ਼ੇ ਦੇ ਸਨਮਾਨ ਵਜੋਂ ਕਬੂਲ ਕਰਦੀ ਹਾਂ।” ਉਸ ਦੇ ਬੋਲ ਸਨ ਕਿ ਅਧਿਆਪਕਾਂ ਤੋਂ ਬਾਅਦ ਉਹ ਆਪਣੇ ਵਿਦਿਆਰਥੀਆਂ ਤੋਂ ਸਿੱਖ ਰਹੀ ਹੈ, “ਇਨਾਮ ਮਿਲਣ ਤੋਂ ਬਾਅਦ ਤਾਂ ਮੈਂ ਇਨਾਮ ਦੇਣ ਵਾਲਿਆਂ ਨੂੰ ਦੱਸ ਸਕਦੀ ਹਾਂ ਕਿ ਮੇਰੇ ਵਿਦਿਆਰਥੀ ਮੈਥੋਂ ਕਿਤੇ ਵਧੀਆ ਕੰਮ ਕਰ ਰਹੇ ਹਨ।” ਉਸ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਕਿਹਾ ਸੀ, “ਮੈਂ ਉੱਥੇ ਸਤਾਰਾਂ ਸਾਲ ਕੰਮ ਕੀਤਾ ਹੈ ਜਿੱਥੇ ਕੁਝ ਸਮਾਂ ਪਹਿਲਾਂ ਤੱਕ ਬਹੁਤ ਹਮ-ਮਿਜ਼ਾਜੀ ਸੀ। ਸਾਡੇ ਕੋਲ ਜ਼ਿਆਦਾ ਵਸੀਲੇ ਅਤੇ ਸਹੂਲਤਾਂ ਨਹੀਂ ਸਨ ਪਰ ਬਾਕਮਾਲ ਕੰਮ-ਬੇਲੀ ਸਨ। ਸਾਡੇ ਕੋਲ ਅਕਾਦਮਿਕ ਆਜ਼ਾਦੀ ਸੀ। ਹੁਣ ਮੇਰੇ ਅਦਾਰੇ ਦੇ ਹਾਲਾਤ ਹਾਸੋਹੀਣੀ ਹੱਦ ਤੱਕ ਬੁਰੇ ਹਨ। ਜਦੋਂ ਮੈਂ ਬੰਗਲੌਰ ਪਹੁੰਚੀ ਤਾਂ ਈਮੇਲ ਤੋਂ ਪਤਾ ਲੱਗਿਆ ਕਿ ਮੇਰੀ ਇੱਥੇ ਆਉਣ ਲਈ ਦਿੱਤੀ ਛੁੱਟੀ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇਹ ਧਿਆਨ ਰੱਖਣਾ ਕਿ ਇਸ ਥਾਂ ਉੱਤੇ ਮੇਰੀ ਹਾਜ਼ਰੀ ਨਾਜਾਇਜ਼ ਹੈ ਪਰ ਮੈਂ ਇੱਥੇ ਆ ਕੇ ਬਹੁਤ ਖ਼ੁਸ਼ ਹਾਂ।”
ਇਹ ਸ਼ਬਦ ਹੁਣ ਵੀ ਕਲਾ ਦੇ ਇਤਹਾਸ ਨਾਲ ਜੁੜੀ ਬਿਰਾਦਰੀ ਵਿਚ ਗੂੰਜ ਰਹੇ ਹਨ। ਕਵਿਤਾ ਸਿੰਘ ਆਪਣੇ ਸ਼ਾਇਰਾਨਾ ਸ਼ਬਦ ਬੋਲ ਕੇ ਜ਼ਿੰਦਗੀ ਦੇ ਮੰਚ ਤੋਂ ਵਿਦਾ ਹੋ ਗਈ ਹੈ। ਉਸ ਦੇ ਕੰਮ-ਬੇਲੀ, ਵਿਦਿਆਰਥੀ, ਸੰਗੀ ਅਤੇ ਸਨੇਹੀ ਸੋਗ ਵਿਚ ਹਨ। ਕਵਿਤਾ ਸਿੰਘ ਨੇ ਆਪਣੇ ਵਿਸ਼ੇ ਨੂੰ ਹਾਸ਼ੀਏ ਤੋਂ ਮਰਕਜ਼ ਵਿਚ ਲਿਆਂਦਾ ਹੈ। ਉਸ ਦੇ ਤੁਰ ਜਾਣ ਦਾ ਮਾਤਮ ਇੱਕੋ ਸਤਰ ਉੱਤੇ ਰੁਕਦਾ ਹੈ ਕਿ ਬਦਵਕਤੀ ਦੇ ਦੌਰ ਵਿਚ ਨਾਜਾਇਜ਼ ਹਾਜ਼ਰੀ ਭਰਨ ਤੋਂ ਬਿਹਤਰ ਸ਼ਾਇਰੀ ਕੋਈ ਨਹੀਂ ਹੁੰਦੀ। ਅਗਲੀ ਪੀੜ੍ਹੀ ਉਤਲੇ ਯਕੀਨ ਤੋਂ ਵੱਡਾ ਯਕੀਨ ਵੀ ਕੋਈ ਨਹੀਂ ਹੁੰਦਾ।
*ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦਾ ਡਾਇਰੈਕਟਰ ਹੈ।