ਕਲਾ ਕਿਤਾਬ ਮੇਲਾ: ਗਾਇਕਾਂ ਨੇ ਮਲਵਈ ਗੀਤਾਂ ਨਾਲ ਰੰਗ ਬੰਨ੍ਹਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਮਾਰਚ
ਮਾਨਸਾ ਵਿੱਚ ਚੱਲ ਰਹੇ ਤਿੰਨ ਰੋਜ਼ਾ ਕਲਾ ਕਿਤਾਬ ਮੇਲੇ ਦੇ ਦੂਜੇ ਦਿਨ ਦਾ ਪਹਿਲਾ ਸੈਸ਼ਨ ਮਲਵਈ ਗੀਤਾਂ ਦੇ ਨਾਂ ਰਿਹਾ। ਮਲਵਈ ਪਹਿਰਾਵੇ ’ਚ ਸਜੀਆਂ ਮੁਟਿਆਰਾਂ ਤੇ ਗੱਭਰੂਆਂ ਨੇ ਪਰਮਿੰਦਰ ਪੈਮ ਦੀ ਅਗਵਾਈ ਹੇਠ ਮਾਲਵੇ ਦੇ ਲੋਕ ਗੀਤਾਂ ਦੀ ਛਹਿਬਰ ਲਾਈ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਸਰਬਜੀਤ ਕੌਰ ਸੋਹਲ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਰੂਪ ਵਿਚ ਲੋਕਧਾਰਾ ਦੇ ਖੋਜੀ ਹਰਦਿਆਲ ਥੂਹੀ ਸ਼ਾਮਲ ਹੋਏ। ਪਰਮਿੰਦਰ ਪੈਮ ਨੇ ਸ਼ਹੀਦ ਭਗਤ ਸਿੰਘ ਦੀ ਘੋੜੀ ਗਾ ਕੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਅਕੀਦਤ ਭੇਟ ਕੀਤੀ। ਇਸ ਤੋਂ ਬਾਅਦ ਘੋੜੀਆਂ, ਸੁਹਾਗ, ਅਲਾਹੁਣੀਆਂ, ਟੱਪੇ, ਦੋਹੇ, ਸਿੱਠਣੀਆਂ, ਛੰਦ, ਮਲਵਈ ਗਿੱਧਾ ਅਤੇ ਗਿੱਧਾ ਪਾਕੇ ਮਾਲਵੇ ਦੇ ਮਨੋਰੰਜਨ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਦੂਜੇ ਸੈਸ਼ਨ ਵਿਚ ਪ੍ਰਸਿੱਧ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਨਾਲ ਰੂ-ਬ-ਰੂ ਕੀਤਾ ਗਿਆ। ਇਸ ਦੌਰਾਨ ਸਵਾਲ ਜੁਆਬ ਆਲੋਚਕ ਡਾ. ਜਗਦੀਪ ਸੰਧੂ ਨੇ ਕੀਤੇ ਅਤੇ ਪ੍ਰਧਾਨਗੀ ਡਾ. ਬਰਿੰਦਰ ਕੌਰ ਅਤੇ ਜਤਿੰਦਰ ਸਿੰਘ ਸੋਢੀ ਨੇ ਕੀਤੀ। ਰਾਤ ਦੇ ਸੈਸ਼ਨ ਦਾ ਆਗਾਜ਼ ਉੱਘੀ ਲੋਕਪੱਖੀ ਕਾਰਕੁਨ ਜਸਬੀਰ ਕੌਰ ਨੱਤ ਦੁਆਰਾ ਮਸ਼ਾਲ ਜਲਾ ਕੇ 23 ਮਾਰਚ ਦੇ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਦੇ ਰੂਪ ਵਿਚ ਹੋਇਆ। ਇਸ ਸੈਸ਼ਨ ਵਿਚ ਮਾਲਵੇ ਦੇ ਨਾਟਕਕਾਰ ਦੇ ਰੂਪ ਵਿਚ ਪਾਲੀ ਭੁਪਿੰਦਰ ਸਿੰਘ ਦਾ ਇੱਕੀ ਹਜ਼ਾਰ ਰੁਪਏ ਤੇ ਅਜਮੇਰ ਸਿੰਘ ਔਲਖ ਯਾਦਗਾਰੀ ਪੁਸਰਸਕਾਰ ਨਾਲ ਸਨਮਾਨ ਕੀਤਾ ਗਿਆ। ਗੁਰਪ੍ਰੀਤ ਮੋਗਾ (ਸੁੰਦਰ ਲਿਖਾਈ) ਨੂੰ ਕਲਾ ਸਾਰਥੀ ਐਵਾਰਡ, ਰੰਗ ਹਰਜਿੰਦਰ ਅਤੇ ਪ੍ਰੀਤ ਇੰਦ ਨੂੰ ਚਮਕਦੇ ਸਿਤਾਰੇ ਐਵਾਰਡ ਅਤੇ ਡਾ. ਸੋਮਪਾਲ ਹੀਰਾ ਨੂੰ ਜਤਿੰਦਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸੇ ਦੌਰਾਨ ਚੰਡੀਗੜ੍ਹ ਦੇ ਦੋ ਨੌਜਵਾਨਾਂ ਪਰਵਾਜ਼ ਅਤੇ ਲਵੇਸ਼ ਨੇ 15 ਮੈਂਬਰੀ ਨੌਜਵਾਨਾਂ ਦੀ ਟੀਮ ਨਾਲ ਅਵਤਾਰ ਪਾਸ਼ ਦੀ ਕਵਿਤਾ ਦੀ ਡੂੰਘ ਸੰਰਚਨਾ ਵਿਚ ਪਏ ਮਸਲਿਆਂ ਨੂੰ ਪਕੜਦੇ ਹੋਏ ਨਾਟਕ ‘ਪ੍ਰਸ਼ਨ ਚਿੰਨ੍ਹ’ ਦਾ ਮੰਚਨ ਕੀਤਾ। ਇਸ ਮੌਕੇ ਪ੍ਰਿੰਸੀਪਲ ਦਰਸ਼ਨ ਸਿੰਘ, ਮਨਜੀਤ ਕੌਰ ਔਲਖ, ਡਾ. ਜਗਤਾਰ ਸਿੰਘ, ਕਰਮਜੀਤ ਸਿੰਘ, ਰਾਜ ਜੋਸ਼ੀ, ਮਨਜੀਤ ਚਹਿਲ, ਬਲਰਾਜ ਮਾਨ ਤੇ ਦਰਸ਼ਨ ਜੋਗਾ ਮੌਜੂਦ ਸਨ।