ਕਲਰਕਾਂ ਵੱਲੋਂ ਕਾਲੇ ਕੱਪੜੇ ਪਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ
ਜੀਂਦ, 6 ਅਗਸਤ
ਕਲੈਰੀਕਲ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਸਬੰਧਿਤ ਭਾਰਤੀ ਮਜ਼ਦੂਰ ਸੰਘ ਦੇ ਸੱਦੇ ’ਤੇ ਕਲਰਕਾਂ ਦੀ ਹੜਤਾਲ ਅੱਜ 32ਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਧਰਨਾਕਾਰੀਆਂ ਨੇ ਅੱਜ ਦਾ ਦਿਨ ‘ਕਾਲਾ ਦਿਵਸ’ ਵਜੋਂ ਮਨਾਇਆ। ਹੜਤਾਲ ਵਿੱਚ ਅੱਜ ਸਾਰੇ ਲਿਪਿਕ ਕਾਲੇ ਕੱਪੜੇ ਪਾ ਕੇ ਆਏ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਲਾਠਰ ਨੇ ਕੀਤੀ ਤੇ ਮੰਚ ਦਾ ਸੰਚਾਲਨ ਪਵਨ ਤੇ ਮਨੀਸ਼ਾ ਨੇ ਕੀਤਾ।
ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਅੱਜ ਹੜਤਾਲ 32ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਤੇ ਅੱਜ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਬੇਰੁਖੀ ਦੇ ਵਿਰੋਧ ਵਿੱਚ ਅੱਜ ਲਿਪਿਕਾਵਾਂ ਨੇ ਕਾਲੇ ਕੱਪੜੇ ਪਾ ਕੇ ਸਰਕਾਰ ਪ੍ਰਤੀ ਵਿਰੋਧ ਜਤਾਇਆ ਹੈ। ਉਨ੍ਹਾਂ ਦੱਸਿਆ ਕਿ ਲਿਪਿਕ 5 ਜੁਲਾਈ ਨੂੰ ਹੜਤਾਲ ’ਤੇ ਬੈਠੇ ਸਨ ਤੇ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਲਿਪਿਕਾਵਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ 35,400 ਰੁਪਏ ਤਨਖ਼ਾਹ ਵਾਲੀ ਮੰਗ ਮੰਨ ਲੈਂਦੀ ਹੈ ਤਾਂ ਉਹ ਕੰਮ ’ਤੇ ਵਾਪਸ ਆ ਜਾਣਗੇ ਤੇ ਪੈਂਡਿੰਗ ਪਏ ਸਾਰੇ ਕੰਮ ਪੂਰੇ ਕਰ ਦੇਣਗੇ। ਜ਼ਿਲ੍ਹਾ ਕੁਆਰਡੀਨੇਟਰ ਮੋਨੂੰ ਯਾਦਵ ਨੇ ਦੱਸਿਆ ਕਿ ਲਿਪਿਕਾਵਾਂ ਦੀ ਹੜਤਾਲ ਕਾਰਨ ਸਰਕਾਰ ਦੇ ਸਾਰੇ ਕੰਮ ਬੰਦ ਪਏ ਹਨ। ਇਸ ਲਈ ਸਰਕਾਰ ਨੂੰ ਲੋਕਾਂ ਅਤੇ ਕਰਮਚਾਰੀਆਂ ਦੀ ਔਕੜਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ।