ਕਰੋੜਾਂ ਦੀ ਲਾਗਤ ਵਾਲੀ ਪੌਲੀਟੈਕਨਿਕ ਕਾਲਜ ਦੀ ਇਮਾਰਤ ਖੰਡਰ ਬਣੀ
ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 26 ਦਸੰਬਰ
ਤਕਰੀਬਨ 30 ਸਾਲ ਪਹਿਲਾਂ ਪਿੰਡ ਅਗੰਮਪੁਰ ਵਿੱਚ ਸਰਕਾਰੀ ਪੋਲੀਟੈਕਨਿਕ ਕਾਲਜ ਬਣਾਉਣ ਦੇ ਮੰਤਵ ਨਾਲ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਪਿੰਡ ਦੀ 17 ਏਕੜ ਜ਼ਮੀਨ ਲੀਜ਼ ’ਤੇ ਲਈ ਗਈ ਸੀ। ਬੇਸ਼ੱਕ ਇਸ ਜਮੀਨ ’ਤੇ ਇੱਕ ਆਲੀਸ਼ਾਨ ਇਮਾਰਤ ਬਣਾਈ ਗਈ ਪਰ ਸਰਕਾਰੀ ਬੇਰੁਖੀ ਕਾਰਨ ਇਹ ਇਮਾਰਤ ਹੁਣ ਖੰਡਰ ਬਣ ਚੁੱਕੀ ਹੈ।
ਪਿੰਡ ਅਗੰਮਪੁਰ ਦੇ ਵਾਸੀਆਂ ਨੇ ਸਾਲ 1995 ਵਿੱਚ ਆਪਣੀ ਜ਼ਮੀਨ ਇਸ ਲਈ ਸਰਕਾਰ ਨੂੰ ਲੀਜ਼ ’ਤੇ ਦਿੱਤੀ ਕਿ ਇਲਾਕੇ ਦੇ ਬੱਚੇ ਪੌਲੀਟੈਕਨਿਕ ਕਾਲਜ ’ਚ ਪੜ੍ਹ ਕੇ ਉੱਚ ਅਹੁਦਿਆਂ ’ਤੇ ਲੱਗਣਗੇ ਪਰ ਸਰਕਾਰ ਨੇ ਆਪਣੇ ਪੱਧਰ ’ਤੇ ਇੱਥੇ ਕੋਈ ਕਾਲਜ ਨਹੀਂ ਖੋਲ੍ਹਿਆ। ਸਰਕਾਰ ਨੇ ਉਲਟਾ 2009 ਵਿੱਚ ਪੰਜਾਬ ਇੰਫਰਾਸਟਰਕਚਰ ਡਿਵਲਪਮੈਂਟ ਬੋਰਡ ਰਾਹੀਂ ਇਸ ਇਮਾਰਤ ਨੂੰ ਅੱਗੇ ਲੀਜ਼ ’ਤੇ ਸ੍ਰੀ ਗੁਰੂ ਤੇਗ ਬਹਾਦਰ ਚੈਰੀਟੇਬਲ ਸਿਹਤ ਤੇ ਸਿੱਖਿਆ ਅਵੇਅਰਨੈਸ ਸੁਸਾਇਟੀ ਧਾਰੀਵਾਲ ਨਾਂ ਦੀ ਸੰਸਥਾ ਨੂੰ 25 ਲੱਖ ਰੁਪਏ ਸਾਲਾਨਾ ਕਿਰਾਏ ਤੇ ਪੀਪੀਪੀ ਮੋਡ ’ਤੇ ਦੇ ਦਿੱਤਾ। ਇਸ ਨਿੱਜੀ ਸੰਸਥਾ ਨੇ ਇਥੇ ਕਈ ਸਾਲ ਸ੍ਰੀ ਗੁਰੂ ਤੇਗ ਬਹਾਦਰ ਪੌਲੀਟੈਕਨਿਕ ਕਾਲਜ ਚਲਾਇਆ। ਕਾਲਜ ਦੇ ਐੱਮਡੀ ਜਤਿੰਦਰ ਸਿੰਘ ਨੇ ਦੱਸਿਆ ਕਿ ਦਾਖਲੇ ਘਟਣ ਕਾਰਨ ਉਨ੍ਹਾਂ ਕਾਲਜ ਬੰਦ ਕਰ ਦਿੱਤਾ ਅਤੇ ਇਹ ਇਮਾਰਤ ਸਰਕਾਰ ਨੂੰ ਵਾਪਸ ਕੀਤੀ ਜਾ ਚੁੱਕੀ ਹੈ।
ਭਾਜਪਾ ਮੰਡਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਅਤੇ ਪਿੰਡ ਅਗੰਮਪੁਰ ਦੇ ਵਾਸੀ ਐਡਵੋਕੇਟ ਸਤਬੀਰ ਰਾਣਾ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ ਇਹ ਮਾਮਲਾ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਇਮਾਰਤ ਵਿੱਚ ਮੈਡੀਕਲ ਕਾਲਜ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਪਵਿੱਤਰ ਧਰਤੀ ’ਤੇ ਸਰਕਾਰ ਇੱਕ ਮੈਡੀਕਲ ਕਾਲਜ ਸਥਾਪਤ ਕਰੇ ਤਾਂ ਜੋ ਆਰਥਿਕ ਤੌਰ ’ਤੇ ਇਸ ਪੱਛੜੇ ਇਲਾਕੇ ਦੇ ਨੌਜਵਾਨ ਡਾਕਟਰ ਬਣ ਕੇ ਪੂਰੀ ਦੁਨੀਆ ਵਿੱਚ ਸੇਵਾ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪਿੰਡ ਵਾਸੀ ਹਰ ਸਹਿਯੋਗ ਦੇਣ ਲਈ ਤਿਆਰ ਹਨ।
ਸਰਕਾਰ ਮੈਡੀਕਲ ਕਾਲਜ ਖੋਲ੍ਹੇ: ਸਰਪੰਚ
ਪਿੰਡ ਅਗੰਮਪੁਰ ਦੀ ਮੌਜੂਦਾ ਸਰਪੰਚ ਜੋਤੀ ਰਾਣਾ ਨੇ ਕਿਹਾ ਕਿ ਇਹ ਜ਼ਮੀਨ ਸਾਡੇ ਪੁਰਖਿਆਂ ਵੱਲੋਂ ਇਲਾਕੇ ਅੰਦਰ ਉਚੇਰੀ ਵਿਦਿਅਕ ਸੰਸਥਾ ਖੋਲਣ ਲਈ ਸਰਕਾਰ ਨੂੰ ਦਿੱਤੀ ਗਈ ਸੀ ਪਰ ਸਰਕਾਰ ਨੇ ਜਿਸ ਵਾਅਦੇ ਨਾਲ ਇਹ ਜ਼ਮੀਨ ਲਈ ਸੀ ਉਹ ਵਾਅਦਾ ਸਰਕਾਰ ਨੇ ਕਦੇ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਖੰਡਰ ਬਣ ਰਹੀ ਇਮਾਰਤ ਨੂੰ ਮੈਡੀਕਲ ਕਾਲਜ ਵਿੱਚ ਤਬਦੀਲ ਕਰੇ ਅਤੇ ਜੇਕਰ ਉਸ ਲਈ ਜ਼ਮੀਨ ਘੱਟ ਹੈ ਤਾਂ ਵਾਧੂ ਜ਼ਮੀਨ ਵੀ ਸਰਕਾਰ ਨੂੰ ਦੇਣਗੇ।