ਕਰਨਲ ਕੁੱਟਮਾਰ ਮਾਮਲਾ: ਮੁੱਖ ਮੰਤਰੀ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਧਰਨਾ ਮੁਲਤਵੀ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਮਾਰਚ
ਇੱਥੇ ਪੁਲੀਸ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਪੀੜਤ ਪਰਿਵਾਰ ਵੱਲੋਂ ਸ੍ਰੀ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਦੀ ਅਗਵਾਈ ਹੇਠ ਅੱਜ ਤੀਜੇ ਦਿਨ ਵੀ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਸਾਬਕਾ ਸੈਨਿਕਾਂ ਤੋਂ ਇਲਾਵਾ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ। ਉੱਧਰ, ਪੀੜਤ ਪਰਿਵਾਰ ਦੀ 31 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਮੁਕੱਰਰ ਹੋਣ ’ਤੇ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਮੀਟਿੰਗ ’ਚ ਵੀ ਇਨਸਾਫ਼ ਨਾ ਮਿਲਿਆ ਤਾਂ ਉਹ ਮੁੜ ਇੱਥੇ ਹੀ ਧਰਨਾ ਸ਼ੁਰੂ ਕਰਨਗੇ।
ਜ਼ਿਕਰਯੋਗ ਹੈ ਕਿ ਕਰਨਲ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਸਿੰਘ 13 ਮਾਰਚ ਦੀ ਰਾਤ ਨੂੰ ਉਸ ਵੇਲ਼ੇ ਕੁੱਟਮਾਰ ਹੋਈ ਸੀ ਜਦੋਂ ਉਹ ਇੱਕ ਢਾਬੇ ਦੇ ਬਾਹਰ ਆਪਣੀ ਕਾਰ ’ਤੇ ਰੱਖ ਕੇ ਮੈਗੀ ਖਾ ਰਹੇ ਸਨ। ਇਸ ਮਗਰੋਂ ਪਰਿਵਾਰ ਨੇ ਕੁੱਟਮਾਰ ਕਰਨ ਵਾਲ਼ੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰਨ ਤੇ ਪਟਿਆਲਾ ਤੋਂ ਬਾਹਰ ਬਦਲਣ, ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਦੀ ਬਦਲੀ ਸਣੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਰੱਖੀ ਸੀ। ਪਰਿਵਾਰ ਨੇ ਸ਼ਨਿਚਰਵਾਰ ਤੋਂ ਡੀਸੀ ਦਫ਼ਤਰ ਅੱਗੇ ਧਰਨਾ ਸ਼ੁਰੂ ਕੀਤਾ ਸੀ। ਅੱਜ ਤੀਜੇ ਦਿਨ ਦੇ ਧਰਨੇ ’ਚ ਵੀ ਸਾਬਕਾ ਫ਼ੌਜੀ ਵੱਡੀ ਗਿਣਤੀ ’ਚ ਪੁੱਜੇ ਇਸ ਤੋਂ ਇਲਾਵਾ ਅੱਜ ਕਿਸਾਨਾਂ ਦੀ ਵੀ ਵੱਡੀ ਗਿਣਤੀ ਰਹੀ। ਇਸ ਦੌਰਾਨ ਭਾਵੇਂ ਬਾਕੀ ਮੰਗਾਂ ਤਾਂ ਮੰਨੀਆਂ ਗਈਆਂ ਪਰ ਐੱਸਐੱਸਪੀ ਦੀ ਬਦਲੀ ਅਤੇ ਸੀਬੀਆਈ ਜਾਂਚ ਦੀ ਮੰਗ ਅਜੇ ਵੀ ਬਰਕਰਾਰ ਹੈ। ਉਂਜ, ਨਾਲ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਏਡੀਜੀਪੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਸਿਟ ਕਾਇਮ ਕਰ ਕੇ ਤਿੰਨ ਹਫ਼ਤਿਆਂ ’ਚ ਰਿਪੋਰਟ ਮੰਗੀ ਗਈ ਹੈ। ਇਸ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ ਆਈਏਐੱਸ ਅਧਿਕਾਰੀ ਨੂੰ ਇਨ੍ਹਾਂ ਪੁਲੀਸ ਵਾਲਿਆਂ ਦੀ ਵਿਭਾਗੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਧਰ, ਸ਼ਾਮ ਨੂੰ ਮੁੱਖ ਮੰਤਰੀ ਨਾਲ਼ ਮੀਟਿੰਗ ਦਾ ਪੱਤਰ ਏਡੀਸੀ ਈਸ਼ਾ ਸਿੰਘਲ ਨੇ ਸਟੇਜ ’ਤੇ ਆ ਕੇ ਸੌਂਪਿਆ। ਇਸ ਵਿੱਚ ਪੀੜਤਾਂ ਦੀਆਂ ਦੋਵੇਂ ਮੰਗਾਂ ’ਤੇ ਵਿਚਾਰ ਚਰਚਾ ਲਈ 31 ਮਾਰਚ ਨੂੰ 12 ਵਜੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਿਵਾਸ ’ਤੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮਗਰੋਂ ਜਸਵਿੰਦਰ ਕੌਰ ਬਾਠ ਨੇ ਇਹ ਧਰਨਾ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸੇ ਦੌਰਾਨ ਪਿਛਲੇ ਦਿਨੀਂ ਇਸ ਧਰਨੇ ’ਚ ਮੀਡੀਆ ਨਾਲ ਹੋਈ ਬਦਸਲੂਕੀ ਲਈ ਵੀ ਬੀਬੀ ਬਾਠ ਨੇ ਮੁਆਫ਼ੀ ਮੰਗੀ। ਇਸ ਧਰਨੇ ਨੂੰ ਜਸਵਿੰਦਰ ਕੌਰ ਬਾਠ, ਗੁਰਤੇਜ ਸਿੰਘ ਢਿੱਲੋਂ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾਈ ਪ੍ਰਧਾਨ ਪਰਗਟ ਸਿੰਘ ਢੀਂਡਸਾ, ਡੀਐੱਮਐੱਫ ਦੇ ਸੂਬਾਈ ਆਗੂ ਰਾਜ ਕੁਮਾਰ ਕਨਸੂਹਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੀਤ ਕਾਲਾਝਾੜ, ਬੀਕੇਯੂ ਉਗਰਾਹਾਂ ਦੇ ਆਗੂ ਮਨਜੀਤ ਘਰਾਚੋਂ, ਕੇਕੇਯੂ ਦੇ ਆਗੂ ਰਤਨ ਸਿੰਘ ਆਦਿ ਸ਼ਾਮਲ ਹਨ।