ਕਰਨਲ ਕੁੱਟਮਾਰ ਮਾਮਲਾ: ਇੰਸਪੈਕਟਰ ਰੌਣੀ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਪਰੈਲ
ਪਟਿਆਲਾ ਦੀ ਅਦਾਲਤ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਸਬੰਧੀ ਦਰਜ ਕੇਸ ’ਚ ਨਾਮਜ਼ਦ ਇੰਸਪੈਕਟਰ ਰੌਣੀ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਅੱਜ ਰੱਦ ਕਰ ਦਿੱਤੀ ਹੈ। ਕੁੱਟਮਾਰ ਦੀ ਇਹ ਘਟਨਾ 13/14 ਮਾਰਚ ਦੀ ਰਾਤ ਨੂੰ ਇੱਥੇ ਇਕ ਢਾਬੇ ਦੇ ਬਾਹਰ ਵਾਪਰੀ ਸੀ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਇਸ ਮਾਮਲੇ ਦਾ ਰਿਕਾਰਡ ਪੇਸ਼ ਕਰਨ ਦੀ ਤਾਕੀਦ ਕੀਤੀ ਸੀ। ਹਾਈ ਕੋਰਟ ਵੱਲੋਂ ਕੁੱਟਮਾਰ ਦੇ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲੀਸ ਨੂੰ ਕਰਨ ਦੀ ਹਦਾਇਤ ਕੀਤੀ ਗਈ ਹੈ, ਜਿਸ ਕਰਕੇ ਸਬੰਧਤ ਰਿਕਾਰਡ ਚੰਡੀਗੜ੍ਹ ਪੁਲੀਸ ਕੋਲ ਹੈ। ਅੱਜ ਚੰਡੀਗੜ੍ਹ ਪੁਲੀਸ ਦੀ ਤਿੰਨ ਮੈਂਬਰੀ ਟੀਮ ਰਿਕਾਰਡ ਲੈ ਕੇ ਅੱਜ ਅਦਾਲਤ ’ਚ ਪੇਸ਼ ਹੋਈ। ਇਸ ਮਗਰੋਂ ਦੋਵਾਂ ਧਿਰਾਂ ਦੇ ਵਕੀਲਾਂ ਦਰਮਿਆਨ ਲੰਬੀ ਬਹਿਸ ਹੋਈ ਤੇ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਰੌਣੀ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਅਦਾਲਤੀ ਕਾਰਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਬਾਠ ਪਰਿਵਾਰ ਦੇ ਵਕੀਲ ਐੱਚਪੀਐੱਸ ਵਰਮਾ ਨੇ ਕਿਹਾ ਕਿ ਬਿਨਾਂ ਸ਼ੱਕ ਰੌਣੀ ਸਿੰੰਘ ਕੋਲ ਹਾਈ ਕੋਰਟ ’ਚ ਅਰਜ਼ੀ ਦਾਇਰ ਕਰਨ ਦੇ ਵਿਕਲਪ ਖੁੱਲ੍ਹੇ ਹਨ ਪਰ ਬਾਠ ਪਰਿਵਾਰ ਦੇ ਵਕੀਲ ਵਜੋਂ ਉਹ ਉੱਥੇ ਵੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਨਗੇ।
ਨਿਆਂਪਾਲਿਕਾ ’ਤੇ ਪੂਰਾ ਭਰੋਸਾ: ਜਸਵਿੰਦਰ ਬਾਠ
ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਕਿਸੇ ਵੀ ਏਜੰਸੀ ’ਤੇ ਭਰੋਸਾ ਨਹੀਂ, ਪਰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।