ਕਬੱਡੀ ਖਿਡਾਰਨ ਵੱਲੋਂ ਕੋਚ ’ਤੇ ਜਬਰ-ਜਨਾਹ ਦਾ ਦੋਸ਼
ਨਵੀਂ ਦਿੱਲੀ: ਕੌਮਾਂਤਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ 27 ਸਾਲਾ ਕਬੱਡੀ ਖਿਡਾਰਨ ਨੇ ਆਪਣੇ ਕੋਚ ‘ਤੇ ਜਬਰ-ਜਨਾਹ ਅਤੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਉਸ ਦੀਆਂ ਨਿੱਜੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਨ ਦੀ ਧਮਕੀ ਵੀ ਦਿੱਤੀ ਗਈ। ਪੁਲੀਸ ਨੇ ਕੇਸ ਦਰਜ ਕਰ ਕੇ ਕੋਚ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ ਪਿਛਲੇ ਹਫਤੇ ਦਵਾਰਕਾ ਦੇ ਬਾਬਾ ਹਰੀਦਾਸ ਨਗਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਅੱਜ ਉਹ ਜਾਂਚ ਵਿੱਚ ਸ਼ਾਮਲ ਹੋਈ। ਉਨ੍ਹਾਂ ਦੱਸਿਆ ਕਿ ਧਾਰਾ 164 ਤਹਿਤ ਉਸ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ”ਆਪਣੀ ਸ਼ਿਕਾਇਤ ਵਿੱਚ ਔਰਤ ਨੇ ਕਿਹਾ ਹੈ ਕਿ 2012 ਵਿੱਚ ਉਹ ਦਿੱਲੀ ‘ਚ ਮੁੰਡਕਾ ਨੇੜੇ ਇੱਕ ਕਬੱਡੀ ਮੁਕਾਬਲੇ ਦੀ ਤਿਆਰੀ ਕਰ ਰਹੀ ਸੀ। ਮਾਰਚ 2015 ਵਿੱਚ ਉਸ ਦੇ ਕੋਚ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਏ।” ਉਨ੍ਹਾਂ ਦੱਸਿਆ ਕਿ 2018 ਵਿੱਚ ਮੁਲਜ਼ਮ ਨੇ ਉਸ ਨੂੰ ਮੁਕਾਬਲੇ ‘ਚੋਂ ਜਿੱਤੀ ਰਾਸ਼ੀ ਦਾ ਹਿੱਸਾ ਦੇਣ ਲਈ ਮਜਬੂਰ ਕੀਤਾ, ਜਿਸ ਮਗਰੋਂ ਉਸ ਨੇ ਆਪਣੇ ਕੋਚ ਜੋਗਿੰਦਰ ਸਿੰਘ ਦੇ ਬੈਂਕ ਖਾਤੇ ਵਿੱਚ 43.5 ਲੱਖ ਰੁਪਏ ਭੇਜ ਦਿੱਤੇ। 2021 ਵਿੱਚ ਉਹ ਵਿਆਹੀ ਗਈ ਅਤੇ ਹੁਣ ਮੁਲਜ਼ਮ ਉਸ ਦੀਆਂ ਨਿੱਜੀ ਤਸਵੀਰਾਂ ਲੀਕ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਿਹਾ ਹੈ। ਪੁਲੀਸ ਅਧਿਕਾਰੀ ਐੱਮ ਹਰਸ਼ਾ ਵਰਧਨ ਨੇ ਦੱਸਿਆ ਕਿ ਉਨ੍ਹਾਂ ਕੋਚ ਖ਼ਿਲਾਫ਼ ਧਾਰਾ 376 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪੀੜਤਾ ਜਾਂਚ ਵਿੱਚ ਸ਼ਾਮਲ ਹੋਈ ਅਤੇ ਧਾਰਾ 164 ਤਹਿਤ ਅਦਾਲਤ ਵਿੱਚ ਉਸ ਦਾ ਬਿਆਨ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ। -ਪੀਟੀਆਈ