ਕਬੱਡੀ ਕੱਪ: ਦੋਦਾ ਨੇ 57 ਕਿਲੋ ਵਰਗ ਦਾ ਮੁਕਾਬਲਾ ਜਿੱਤਿਆ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 3 ਜਨਵਰੀ
ਕਸਬਾ ਮਨੌਲੀ ਵਿੱਚ ਮਰਹੂਮ ਸਰਪੰਚ ਜ਼ੋਰਾ ਸਿੰਘ ਬੈਦਵਾਣ ਦੀ ਯਾਦ ਵਿੱਚ ਤਿੰਨ ਦਿਨ ਚੱਲਣ ਵਾਲੇ 17ਵਾਂ ਕਬੱਡੀ ਟੂਰਨਾਮੈਂਟ ਦੇ ਦੂਜੇ ਦਿਨ ਅੱਜ ਵੱਖ-ਵੱਖ ਵਰਗ ਦੇ ਕਬੱਡੀ ਮੁਕਾਬਲੇ ਹੋਏ। ਭਾਰੀ ਠੰਢ ਅਤੇ ਧੁੰਦ ਦੇ ਬਾਵਜੂਦ ਸੈਂਕੜੇ ਦਰਸ਼ਕਾਂ ਨੇ ਦਰਜਨਾਂ ਕਬੱਡੀ ਟੀਮਾਂ ਦੀ ਖੇਡ ਦਾ ਆਨੰਦ ਮਾਣਿਆ। ਕਬੱਡੀ ਕੱਪ ਦੇ ਦੂਜੇ ਦਿਨ ਦੀ ਖੇਡ ਦਾ ਉਦਘਾਟਨ ਕਰਦਿਆਂ ਅਮਰਜੀਤ ਸਿੰਘ ਕਾਕਾ ਨੇ ਖੇਡ ਕਲੱਬ ਨੂੰ 75 ਹਜ਼ਾਰ, ਹਰਪਾਲ ਸਿੰਘ ਲਾਣੇਦਾਰ ਅਤੇ ਕਰਨੈਲ ਸਿੰਘ ਨੇ 51-51 ਹਜ਼ਾਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਪਿੰਡ ਦੇ ਸਰਪੰਚ ਕੁਲਬੀਰ ਸਿੰਘ ਅਤੇ ਖੇਡ ਕਲੱਬ ਦੇ ਚੇਅਰਮੈਨ ਮੋਹਨ ਸਿੰਘ ਨੱਤ, ਪ੍ਰਧਾਨ ਨਿਰਭੈ ਸਿੰਘ ਔਜਲਾ, ਗੁਰਦੀਪ ਸਿੰਘ ਵਿੱਕੀ, ਗੁਰਵਿੰਦਰ ਸਿੰਘ ਲਾਣੇਦਾਰ, ਮਾਸਟਰ ਅਰਵਿੰਦਰ ਸਿੰਘ, ਰਣਜੀਤ ਸਿੰਘ ਨੱਤ, ਗੁਰਪ੍ਰੀਤ ਨੱਤ, ਸਰਬਜੀਤ ਸਿੰਘ ਨੰਬਰਦਾਰ ਅਤੇ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਹੋਏ ਕਬੱਡੀ ਮੁਕਾਬਲਿਆਂ ਵਿੱਚ 57 ਕਿਲੋ ਵਰਗ ਭਾਰ ਵਿਚ 27 ਟੀਮਾਂ ਖੇਡੀਆਂ ਅਤੇ ਦੋਦਾ ਨੇ ਪਹਿਲਾ ਅਤੇ ਮੌਲੀ ਬੈਦਵਾਣ ਨੇ ਦੂਜਾ ਸਥਾਨ ਹਾਸਲ ਕੀਤਾ। ਮੋਹਰੀ ਟੀਮ ਨੂੰ 7500 ਅਤੇ ਦੂਜੇ ਸਥਾਨ ’ਤੇ ਰਹੀ ਟੀਮ ਨੂੰ 6500 ਦਾ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ 52 ਕਿਲੋ ਵਿੱਚ 20 ਟੀਮਾਂ ਨੇ ਭਾਗ ਲਿਆ ਤੇ ਮੋਗਾ ਨੇੜਿਉਂ ਆਈ ਕੜਿਆਲ ਦੀ ਟੀਮ ਨੇ ਪਹਿਲਾ ਅਤੇ ਮੌਲੀ ਬੈਦਵਾਣ ਨੇ ਦੂਜਾ ਸਥਾਨ ਹਾਸਿਲ ਕੀਤਾ। ਜੇਤੂ ਟੀਮ ਨੂੰ 6100 ਅਤੇ ਉੱਪ ਜੇਤੂ ਟੀਮ ਨੂੰ 5100 ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਦੀ ਪੁਆਧ ਫੈਡਰੇਸ਼ਨ ਦੇ ਵੀ ਮੁਕਾਬਲੇ ਹੋਣਗੇ ਅਤੇ ਜੇਤੂ ਟੀਮ ਨੂੰ 41 ਹਜ਼ਾਰ ਅਤੇ ਉੱਪ ਜੇਤੂ ਟੀਮ ਨੂੰ 31 ਹਜ਼ਾਰ ਦੀ ਰਾਸ਼ੀ ਦਿੱਤੀ ਜਾਵੇਗੀ। ਟੀਮਾਂ ਨੂੰ ਖਿਡਾਉਣ ਦੀ ਜ਼ਿੰਮੇਵਾਰੀ ਜਗਤਾਰ ਸਿੰਘ ਲਾਣੇਦਾਰ ਘੋਲਾ, ਸਵਰਨ ਸਿੰਘ ਅਤੇ ਹੋਰਨਾਂ ਨੇ ਨਿਭਾਈ। ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ 4 ਜਨਵਰੀ ਨੂੰ ਬੁਲਾਈਆਂ ਹੋਈਆਂ ਓਪਨ ਕਬੱਡੀ ਦੀਆਂ 16 ਟੀਮਾਂ ਨੇ ਮੁਕਾਬਲੇ ਹੋਣਗੇ। ਜੇਤੂ ਟੀਮ ਨੂੰ ਇੱਕ ਲੱਖ ਦਾ ਪਹਿਲਾ ਅਤੇ 75 ਹਜ਼ਾਰ ਦਾ ਦੂਜਾ ਨਕਦ ਇਨਾਮ ਦਿੱਤਾ ਜਾਵੇਗਾ।
ਮੁੱਲਾਂਪੁਰ ਗਰੀਬਦਾਸ ਵਿੱਚ ਕਬੱਡੀ ਟੂਰਨਾਮੈਂਟ ਅੱਜ ਤੋਂ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ 4 ਤੋਂ 6 ਜਨਵਰੀ ਤੱਕ ਦਾਸ ਐਸੋਸੀਏਟਸ ਮੁੱਲਾਂਪੁਰ ਗਰੀਬਦਾਸ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸੰਚਾਲਕ ਰਵੀ ਸ਼ਰਮਾ, ਵਿਨੋਦ ਕੁਮਾਰ ਗੋਲੂ ਪਹਿਲਵਾਨ ਅਤੇ ਗੁਰਦਾਸ ਸ਼ਰਮਾ ਨੇ ਦੱਸਿਆ ਕਿ 4 ਜਨਵਰੀ ਨੂੰ 40 ਕਿੱਲੋ ਭਾਰ ਵਰਗ ਅਤੇ ਪੰਜ ਜਨਵਰੀ ਨੂੰ 55 ਅਤੇ 70 ਕਿੱਲੋ ਭਾਰ ਵਰਗ ਦੀਆਂ ਲੜਕੀਆਂ ਦੇ ਮੁਕਾਬਲੇ ਹੋਣਗੇ। ਛੇ ਜਨਵਰੀ ਨੂੰ ਇੱਕ ਪਿੰਡ ਉਪਨ ਦੇ ਮੁਕਾਬਲੇ ਹੋਣਗੇ।