ਤੋਲੇਵਾਲ ਅਨਾਜ ਮੰਡੀ ’ਚ ਕਣਕ ਦੇ ਅੰਬਾਰ
ਅਮਰਗੜ੍ਹ, 10 ਮਈ
ਅਨਾਜ ਮੰਡੀ ਤੋਲੇਵਾਲ ’ਚ ਕਣਕ ਦੀ ਚੁਕਾਈ ਹੌਲੀ ਰਫ਼ਤਾਰ ਨਾਲ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਤੋਲੇਵਾਲ ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਭੁਪਿੰਦਰ ਸਿੰਘ ਲਾਂਗੜੀਆਂ, ਆੜ੍ਹਤੀ ਸੁਰਜੀਤ ਸਿੰਘ, ਵਰਿੰਦਰ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਪਾਲ ਅਤੇ ਗਗਨਜੀਤ ਸਿੰਘ ਨੇ ਦੱਸਿਆ ਕਿ ਕਣਕ ਦੀ ਚੁਕਾਈ ਦੀ ਧੀਮੀ ਰਫ਼ਤਾਰ ਦੇ ਚੱਲਦਿਆਂ ਮੰਡੀ ’ਚ 20 ਹਜ਼ਾਰ ਤੋਂ ਵੱਧ ਕਣਕ ਦੀਆਂ ਬੋਰੀਆਂ ਪਈਆਂ ਹਨ ਅਤੇ ਉਪਰੋਂ ਮੌਸਮ ਵੀ ਖਰਾਬ ਹੈ। ਇਸ ਦੇ ਬਾਵਜੂਦ ਕਣਕ ਦੀ ਚੁਕਾਈ ਨਹੀਂ ਹੋ ਰਹੀ। ਆੜ੍ਹਤੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਣਕ ਦੀ ਚੁਕਾਈ ਵਿੱਚ ਤੇਜ਼ੀ ਨਾ ਲਿਆਂਦੀ ਤਾਂ ਉਹ ਮਾਲੇਰਕੋਟਲਾ-ਪਟਿਆਲਾ ਹਾਈਵੇਅ ’ਤੇ ਧਰਨਾ ਦੇਣ ਨੂੰ ਮਜਬੂਰ ਹੋਣਗੇ। ਦੂਜੇ ਪਾਸੇ ਮਜ਼ਦੂਰਾਂ ਨੇ ਵੀ ਕਿਹਾ ਕਿ ਉਹ ਵਿਹਲੇ ਬੈਠ ਕੇ ਆਪਣੀ ਮਿਹਨਤ ਮਜ਼ਦੂਰੀ ਦੀ ਕਮਾਈ ਇੱਥੇ ਹੀ ਖਤਮ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ’ਤੇ ਅਸਰ ਪਵੇਗਾ। ਇਸ ਸਬੰਧੀ ਪਨਸਪ ਦੇ ਇੰਸਪੈਕਟਰ ਸੰਦੀਪ ਸਿੰਘ ਨੇ ਟਰਾਂਸਪੋਰਟ ਦੀ ਕਮੀ ਨੂੰ ਇਸ ਦਾ ਮੁੱਖ ਕਾਰਨ ਦੱਸਿਆ। ਉਧਰ ਐੱਸਡੀਐੱਮ ਸੁਰਿੰਦਰ ਕੌਰ ਨੇ ਪਨਸਪ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਜਲਦ ਹੱਲ ਕੱਢਣ ਦਾ ਭਰੋਸਾ ਦਵਾਇਆ।