ਕੜਾਹ ਦੀ ਮਹਿਕ
ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਗਲੇ ਹਫ਼ਤੇ ਜਦੋਂ ਪੰਜਾਬ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲ ਮੁੜ ਖੁੱਲ੍ਹਣਗੇ ਤਾਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਵਿੱਚ ਕੜਾਹ ਵੀ ਮਿਲੇਗਾ। ਸਰਕਾਰੀ ਸਕੂਲਾਂ ਵਿੱਚ ਦੁਪਹਿਰ ਦੇ ਭੋਜਨ ਦੀ ਸਕੀਮ ਡਿਕਡੋਲੇ ਖਾਂਦੀ ਚੱਲ ਰਹੀ ਹੈ ਅਤੇ ਇਸ ਨੂੰ ਲੈ ਕੇ ਅਧਿਆਪਕਾਂ ਦੇ ਸਾਹ ਸੂਤੇ ਰਹਿੰਦੇ ਹਨ। ਦਰਅਸਲ, ਇਸ ਸਕੀਮ ਲਈ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਨਾਪ ਤੋਲ ਨਾਲ ਫੰਡ ਭੇਜੇ ਜਾਂਦੇ ਹਨ ਕਿ ਉਨ੍ਹਾਂ ਨਾਲ ਬੱਚਿਆਂ ਲਈ ਸਾਧਾਰਨ ਖਾਣਾ ਵੀ ਤਿਆਰ ਕਰ ਕੇ ਵਰਤਾਉਣਾ ਚੁਣੌਤੀਪੂਰਨ ਹੋ ਜਾਂਦਾ ਹੈ। ਕਈ ਵਾਰ ਅਧਿਆਪਕਾਂ ਨੂੰ ਆਪਣੇ ਪੱਲਿਓਂ ਪੈਸੇ ਤਾਰਨੇ ਪਏ ਹਨ।
ਦੁਪਹਿਰ ਦੇ ਭੋਜਨ ਦੀ ਸਕੀਮ ਜਿਸ ਨੂੰ ਪੀਐੱਮ ਪੋਸ਼ਣ ਸਕੀਮ ਵਜੋਂ ਜਾਣਿਆ ਜਾਂਦਾ ਹੈ, ਤਹਿਤ ਹੁਣ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ 31 ਜਨਵਰੀ ਤੱਕ ਤਿਆਰ ਕੀਤੇ ਗਏ ਮੈਨਿਊ ਵਿੱਚ ਹਰੇਕ ਬੁੱਧਵਾਰ ਕੜਾਹ ਵਰਤਾਇਆ ਜਾਵੇਗਾ ਅਤੇ ਇਸ ਦੇ ਨਾਲ ਛੋਲੇ ਪੂਰੀਆਂ ਵੀ ਦਿੱਤੇ ਜਾਣਗੇ। ਦੇਖਿਆ ਜਾਵੇ ਤਾਂ ਦੁਪਹਿਰ ਦੇ ਭੋਜਨ ਦੀ ਇਸ ਸਕੀਮ ਦਾ ਇੱਕ ਮੰਤਵ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਖ਼ੁਰਾਕ ਵਿੱਚ ਪੋਸ਼ਿਕ ਤੱਤ ਵਧਾਉਣਾ ਹੀ ਹੈ ਅਤੇ ਦੂਜਾ ਇਸ ਨਾਲ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲਿਆਂ ਵਿੱਚ ਵੀ ਵਾਧਾ ਕਰਨ ਦਾ ਉਦੇਸ਼ ਰਿਹਾ ਹੈ। ਇਸ ਲਿਹਾਜ਼ ਤੋਂ ਦੁਪਹਿਰ ਦੇ ਭੋਜਨ ਵਿੱਚ ਕੜਾਹ ਸ਼ਾਮਿਲ ਕਰਨ ਬਾਬਤ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਸਲਾਹੁਣਯੋਗ ਹੈ ਪਰ ਇਸ ਨੂੰ ਪੇਂਡੂ ਅਤੇ ਸ਼ਹਿਰੀ ਤੇ ਅਰਧ-ਸ਼ਹਿਰੀ ਖੇਤਰਾਂ ਦੇ ਸਕੂਲਾਂ ਵਿੱਚ ਇਕਸਾਰ ਲਾਗੂ ਕਰਨ ਵਿੱਚ ਦਿੱਕਤਾਂ ਆ ਸਕਦੀਆਂ ਹਨ। ਪੇਂਡੂ ਖੇਤਰਾਂ ਵਿੱਚ ਕੜਾਹ ਲਈ ਲੋੜੀਂਦੀ ਮਾਤਰਾ ਵਿੱਚ ਦੇਸੀ ਘਿਉ ਹਾਸਿਲ ਕਰਨ ਵਿੱਚ ਬਹੁਤੀ ਦਿੱਕਤ ਨਹੀਂ ਆਵੇਗੀ ਪਰ ਕੁਝ ਸ਼ਹਿਰੀ ਖੇਤਰਾਂ ਵਿੱਚ ਦਿੱਕਤਾਂ ਆ ਸਕਦੀਆਂ ਹਨ। ਕੜਾਹ ਅਤੇ ਛੋਲੇ ਪੂਰੀਆਂ ਲਈ ਖਾਣੇ ਦੀ ਲਾਗਤ ਵਧ ਜਾਵੇਗੀ ਹਾਲਾਂਕਿ ਪਿਛਲੇ ਸਾਲ ਕੇਂਦਰ ਸਰਕਾਰ ਨੇ ਦੁਪਹਿਰ ਦੇ ਖਾਣਾ ਪਕਾਉਣ ਦੀ ਲਾਗਤ ਵਿੱਚ ਵਾਧਾ ਕੀਤਾ ਸੀ ਪਰ ਇਸ ਦੇ ਬਾਵਜੂਦ ਲਾਗਤ ਦੀ ਭਰਪਾਈ ਨਹੀਂ ਹੁੰਦੀ। ਇਸ ਲਈ ਅਧਿਆਪਕਾਂ ਨੂੰ ਤਰੱਦਦ ਕਰਨਾ ਪੈ ਸਕਦਾ ਹੈ।
ਪਿਛਲੇ ਸਾਲ ਸਿੱਖਿਆ ਵਿਭਾਗ ਨੇ ਦੁਪਹਿਰ ਦੇ ਭੋਜਨ ਵਿੱਚ ਕੇਲਾ ਸ਼ਾਮਿਲ ਕੀਤਾ ਸੀ, ਫਿਰ ਇਸ ਵਿੱਚ ਕਿਨੂੰ ਵੀ ਸ਼ਾਮਿਲ ਕਰ ਲਿਆ ਗਿਆ ਸੀ ਕਿਉਂਕਿ ਪੰਜਾਬ ਵਿੱਚ ਕਿਨੂੰ ਦੀ ਕਾਸ਼ਤ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਸਕੀਮ ਵਿੱਚ ਸੁਧਾਰ ਕਰਨ ਦੀ ਕਾਫ਼ੀ ਜ਼ਰੂਰਤ ਹੈ; ਇਸ ਤੋਂ ਇਲਾਵਾ ਇਸ ਲਈ ਧਾਰਮਿਕ ਅਤੇ ਹੋਰਨਾਂ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਹੀ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੁਰਬ ਲੰਘੇ ਹਨ ਜਿਨ੍ਹਾਂ ਨਮਿਤ ਪੂਰੇ ਪੰਜਾਬ ਵਿੱਚ ਥਾਂ-ਥਾਂ ਲੰਗਰ ਲਾਏ ਜਾਂਦੇ ਹਨ। ਇਸ ਸਬੰਧ ਵਿੱਚ ਆਮ ਲੋਕਾਂ ਨੂੰ ਵੀ ਪ੍ਰੇਰਿਆ ਜਾ ਸਕਦਾ ਹੈ ਕਿ ਦੁਪਹਿਰ ਦੇ ਭੋਜਨ ਲਈ ਉਹ ਕਿਹੋ ਜਿਹਾ ਯੋਗਦਾਨ ਦੇ ਸਕਦੇ ਹਨ।