ਔਰਤ ਨਾਲ ਕੁੱਟਮਾਰ ਦੇ ਦੋਸ਼ ਹੇਠ ਸੈਲੂਨ ਮਾਲਕ ਸਮੇਤ ਚਾਰ ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 8 ਦਸੰਬਰ
ਚੰਡੀਗੜ੍ਹ ਅੰਬਾਲਾ ਰੋਡ ’ਤੇ ਸਥਿਤ ਹੇਅਰ ਗਾਰਡਨ ਸੈਲੂਨ ’ਚ ਗਈ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਪੁਲੀਸ ਨੇ ਸੈਲੂਨ ਮਾਲਕ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਾਮਜ਼ਦ ਮੁਲਜ਼ਮਾਂ ਦੀ ਪਛਾਣ ਰੀਤ ਕਾਹਲੋਂ, ਰਜਨੀਸ਼ ਕੁਮਾਰ, ਪ੍ਰਨੀਤ ਕੌਰ ਅਤੇ ਇੱਕ ਅਣਪਛਾਤੀ ਲੜਕੀ ਵਜੋਂ ਹੋਈ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਹਨ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਿੰਮੀ ਪਤਨੀ ਪਰਮਜੀਤ ਸਿੰਘ ਵਾਸੀ ਮੁਕੰਦਪੁਰ ਨਵਾਂ ਸ਼ਹਿਰ ਨੇ ਦੱਸਿਆ ਕਿ ਉਹ ਯੂ-ਟਿਊਬ ਬਲੌਗਰ ਹੈ। ਉਹ ਕਿਸੇ ਕੰਮ ਲਈ ਮਨੀਮਾਜਰਾ ਆਈ ਹੋਈ ਸੀ। ਇਸ ਦੌਰਾਨ ਉਸ ਨੇ ਜ਼ੀਰਕਪੁਰ ਆ ਕੇ ਹੇਅਰ ਗਾਰਡਨ ਸੈਲੂਨ ਵਿੱਚ ਰੀਤ ਕਾਹਲੋਂ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਕੋਲ ਗਾਹਕ ਘੱਟ ਹਨ। ਉਹ ਕੰਮ ਕਰਵਾਉਣ ਲਈ ਸੈਲੂਨ ਆ ਸਕਦੀ ਹੈ। ਸ਼ਿਕਾਇਤਕਰਤਾ ਸਿੰਮੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਵਾਲਾਂ ਨੂੰ ਰੰਗ ਕਰਵਾ ਰਹੀ ਸੀ ਤਾਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਰੀਤ ਕਾਹਲੋਂ, ਉਸ ਦੇ ਪਤੀ ਰਜਨੀਸ਼ ਕੁਮਾਰ, ਪ੍ਰਨੀਤ ਕੌਰ ਅਤੇ ਇੱਕ ਅਣਪਛਾਤੀ ਲੜਕੀ ਨੇ ਉਸ ਦੇ ਵਾਲਾਂ ਤੋਂ ਫੜ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰੌਲਾ ਸੁਣ ਕੇ ਉਸ ਦੇ ਪਤੀ ਨੇ ਸੈਲੂਨ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਅੰਦਰੋਂ ਤਾਲਾ ਲਗਾ ਦਿੱਤਾ ਅਤੇ ਅੰਦਰ ਨਹੀਂ ਜਾਣ ਦਿੱਤਾ। ਸ਼ਿਕਾਇਤਕਰਤਾ ਵੱਲੋਂ ਰੌਲਾ ਪਾਉਣ ’ਤੇ ਭੀੜ ਇਕੱਠੀ ਹੋ ਗਈ। ਇਹ ਦੇਖ ਕੇ ਸਾਰੇ ਹਮਲਾਵਰ ਭੱਜ ਗਏ ਅਤੇ ਭੱਜਦੇ ਹੋਏ ਮੁਲਜ਼ਮਾਂ ਨੇ ਐਪਲ ਕੰਪਨੀ ਦੇ ਦੋ ਮੋਬਾਈਲ ਫੋਨ ਅਤੇ ਗਲੇ ’ਚੋਂ ਡੇਢ ਤੋਲੇ ਦੀ ਸੋਨੇ ਦੀ ਚੇਨ ਵੀ ਖੋਹ ਲਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹਮਲੇ ਦੌਰਾਨ ਉਸ ਦੇ ਅੰਦਰੂਨੀ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਈ ਜਿਸਦਾ ਇਲਾਜ ਚੱਲ ਰਿਹਾ ਹੈ।