ਐੱਸਡੀਐੱਮ ਤੇ ਡੀਐੱਸਪੀ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ
ਧੂਰੀ/ਸ਼ੇਰਪੁਰ 10 ਮਈ
ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਦੇ ਮੱਦੇਨਜ਼ਰ ਕਿਸੇ ਅਣਸੁਖਾਵੀਂ ਘਟਨਾ ਦੇ ਅਗਾਊਂ ਪ੍ਰਬੰਧਾਂ ਲਈ ਐੱਸਡੀਐੱਮ ਧੂਰੀ ਰਿਸ਼ਵ ਬਾਂਸਲ ਅਤੇ ਡੀਐੱਸਪੀ ਦਮਨਵੀਰ ਸਿੰਘ ਨੇ ਸਰਕਾਰੀ ਹਸਪਤਾਲ ਧੂਰੀ ਦਾ ਦੌਰਾ ਕੀਤਾ। ਐੱਸਡੀਐੱਮ ਧੂਰੀ ਰਿਸ਼ਵ ਬਾਂਸਲ ਨੇ ਦੱਸਿਆ ਕਿ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧਾਂ ਤਹਿਤ ਹਸਪਤਾਲ ਅੰਦਰ ਲੋੜੀਂਦੀਆਂ ਦਵਾਈਆਂ, ਐਂਬੂਲੈਂਸਾਂ, ਸਟਾਫ਼ ਦੀ ਮੌਜੂਦਗੀ ਸਮੇਤ ਹਰ ਤਰ੍ਹਾਂ ਦੇ ਪੱਖਾਂ ਨੂੰ ਵਾਚਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕਿਸੇ ਕਿਸਮ ਦੀਆਂ ਅਫਵਾਹਾਂ ਵਿੱਚ ਨਾ ਆਉਂਦੇ ਹੋਏ ਕਿਸੇ ਵੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਵਿਸ਼ੇਸ਼ ਨੰਬਰਾਂ ’ਤੇ ਗੱਲ ਕਰ ਸਕਦੇ ਹਨ। ਉਨ੍ਹਾਂ ਲੋਕਲ ਪ੍ਰਸ਼ਾਸਨ ਵੱਲੋਂ 01675-220561 ਨੰਬਰ ਸਥਾਪਤ ਕਰਨ ਦਾ ਖੁਲਾਸਾ ਕੀਤਾ। ਇਸੇ ਦੌਰਾਨ ਬੀਡੀਪੀਓ ਸ਼ੇਰਪੁਰ ਨੇ ਇੱਕ ਪੱਤਰ ਜਾਰੀ ਕਰਕੇ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਗੁਰੂ ਘਰਾਂ ਦੇ ਸਪੀਕਰ ਇਨਵਰਟਰਾਂ ਨਾਲ ਜੁੜੇ ਹੋਏ ਹੋਣੇ ਚਾਹੀਦੇ ਹਨ ਤਾਂ ਕਿ ਅਲਰਟ ਹੋਣ ’ਤੇ ਸਾਇਰਨ ਰਾਹੀਂ ਲੋਕਾਂ ਨੂੰ ਸਮੇਂ ਸਿਰ ਸੁਨੇਹਾ ਪਹੁੰਚਾਇਆ ਜਾ ਸਕੇ।