ਐਸਡੀਐਫ ਦੇ ਬੰਦ ਦੇ ਸੱਦੇ ਦੌਰਾਨ ਸਿੱਕਮ ਵਿੱਚ ਹਿੰਸਾ ਭੜਕੀ
ਗੰਗਟੋਕ, 5 ਫਰਵਰੀ
ਮੁੱਖ ਅੰਸ਼
- ਸੁਪਰੀਮ ਕੋਰਟ ਦੀ ਸਿੱਕਮ ਦੇ ਨੇਪਾਲੀ ਭਾਈਚਾਰੇ ਸਬੰਧੀ ਟਿੱਪਣੀ ਖ਼ਿਲਾਫ਼ ਦਿੱਤਾ ਗਿਆ ਸੀ ਬੰਦ ਦਾ ਸੱਦਾ
- ਐੱਸਡੀਐੱਫ ਦੇ ਦਫ਼ਤਰ ਵਿੱਚ ਭੰਨ-ਤੋੜ
ਦੱਖਣੀ ਸਿੱਕਮ ਜ਼ਿਲ੍ਹੇ ਦੇ ਨਾਮਚੀ ਵਿੱਚ ਐਤਵਾਰ ਨੂੰ ਉਦੋਂ ਹਿੰਸਾ ਭੜਕ ਗਈ ਜਦੋਂ ਸੱਤਾਧਾਰੀ ਸਿੱਕਮ ਕ੍ਰਾਂਤੀਕਾਰੀ ਮੋਰਚੇ (ਐਸਕੇਐਮ) ਦੇ ਸਮਰਥਕਾਂ ਨੇ ਵਿਰੋਧੀ ਸਿੱਕਮ ਡੈਮੋਕਰੇਟਿਕ ਫਰੰਟ (ਐਸਡੀਐਫ) ਦੇ ਦਫ਼ਤਰ ਵਿੱਚ ਕਥਿਤ ਤੌਰ ‘ਤੇ ਭੰਨ-ਤੋੜ ਕੀਤੀ। ਇਹ ਜਾਣਕਾਰੀ ਪੁਲੀਸ ਨੇ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਸਿੱਕਮ ਦੇ ਨੇਪਾਲੀ ਭਾਈਚਾਰੇ ਸਬੰਧੀ ਟਿੱਪਣੀ ਖ਼ਿਲਾਫ਼ ਐਸਡੀਐਫ ਵੱਲੋਂ 48 ਘੰਟੇ ਦੇ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਇਹ ਘਟਨਾ ਦਮਥੰਗ ਰੋਡ ‘ਤੇ ਵਾਪਰੀ। ਪੁਲੀਸ ਟੀਮ ਘਟਨਾ ਸਥਾਨ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲੀਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਬੰਦ ਦੇ ਪਹਿਲੇ ਦਿਨ ਐਸਡੀਐਫ ਦੇ ਹੈੱਡਕੁਆਰਟਰਾਂ ਦੀ ਭੰਨ-ਤੋੜ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਕੀ ਵਿਅਕਤੀਆਂ ਦੀ ਭਾਲ ਜਾਰੀ ਹੈ ਜੋ ਭੰਨ-ਤੋੜ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਜੁਆਇੰਟ ਐਕਸ਼ਨ ਕਮੇਟੀ ਨੇ ਇਸ ਮਾਮਲੇ ਸਬੰਧੀ ਅੱਠ ਫਰਵਰੀ ਨੂੰ ਸਿੱਕਮ ਬੰਦ ਦਾ ਸੱਦਾ ਦੇ ਦਿੱਤਾ ਹੈ। -ਪੀਟੀਆਈ