ਏਲਾਂਤੇ ਮਾਲ ’ਚ ਚਾਰ ਸਾਲਾ ਬੱਚੀ ’ਤੇ ਲਾਈਟ ਡਿੱਗੀ
ਆਤਿਸ਼ ਗੁਪਤਾ
ਚੰਡੀਗੜ੍ਹ, 25 ਦਸੰਬਰ
ਚੰਡੀਗੜ੍ਹ ਦੇ ਪ੍ਰਸਿੱਧ ਏਲਾਂਤੇ ਮਾਲ ਵਿੱਚ ਅੱਜ ਮੁੜ ਹਾਦਸਾ ਵਾਪਰ ਗਿਆ ਜਿੱਥੇ ਦੁਪਹਿਰ ਸਮੇਂ ਕਾਰਨੀਵਲ ਵਿੱਚ ਖੇਡ ਰਹੀ ਚਾਰ ਸਾਲਾਂ ਬੱਚੀ ਦੇ ਸਿਰ ’ਤੇ ਹੈਂਗਿੰਗ ਲਾਈਟ ਡਿੱਗ ਗਈ। ਲਾਈਟ ਡਿੱਗਣ ਦੀ ਜਾਣਕਾਰੀ ਮਿਲਦੇ ਹੀ ਮਾਲ ਵਿੱਚ ਭਗਦੜ ਮੱਚ ਗਈ। ਇਸ ਦੌਰਾਨ ਬੱਚੀ ਦੇ ਮੱਥੇ ’ਤੇ ਸੱਟ ਵੱਜੀ ਹੈ। ਉਸ ਨੂੰ ਇਲਾਜ ਲਈ ਫੌਰੀ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਚਾਰ ਸਾਲਾ ਬੱਚੀ ਆਪਣੇ ਪਰਿਵਾਰ ਨਾਲ ਏਲਾਂਤੇ ਮਾਲ ਆਈ ਸੀ। ਜਦੋਂ ਉਹ ਕਾਰਨੀਵਲ ਵਿੱਚ ਖੇਡ ਰਹੀ ਤਾਂ ਇੱਥੇ ਲੱਗੀ ਲਾਈਟ ਟੁੱਟ ਕੇ ਉਸ ਉਪਰ ਡਿੱਗ ਗਈ। ਇਸ ਦੌਰਾਨ ਬੱਚੀ ਦੇ ਮੱਥੇ ’ਤੇ ਮਾਮੂਲੀ ਸੱਟ ਲੱਗੀ ਹੈ। ਉਸ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਬਾਰੇ ਏਲਾਂਤੇ ਮਾਲ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਜ਼ਿਕਰਯੋਗ ਹੈ ਕਿ ਏਲਾਂਤੇ ਮਾਲ ਵਿੱਚ ਵਾਪਰੀ ਇਹ ਇਸ ਸਾਲ ਦੀ ਤੀਜੀ ਵੱਡੀ ਘਟਨਾ ਹੈ। ਪਹਿਲਾਂ 23 ਜੂਨ ਨੂੰ ਵੀ ਖਿਡੌਣਾ ਰੇਲ ਗੱਡੀ ਚਲਾਉਂਦੇ ਸਮੇਂ ਹਾਦਸਾ ਵਾਪਰ ਗਿਆ ਸੀ, ਜਿਸ ਵਿੱਚ 11 ਸਾਲਾ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 29 ਸਤੰਬਰ ਨੂੰ ਬਾਲ ਕਲਾਕਾਰ ਮਾਇਸ਼ਾ ਦੀਕਸ਼ਿਤ ਆਪਣੇ ਪਰਿਵਾਰ ਨਾਲ ਏਲਾਂਤੇ ਮਾਲ ਆਈ ਸੀ। ਮਾਇਸ਼ਾ ਤੇ ਉਸ ਦੀ ਮਾਸੀ ’ਤੇ ਟਾਈਲ ਟੁੱਟ ਕੇ ਡਿੱਗ ਗਈ ਸੀ। ਇਸ ਦੌਰਾਨ ਮਾਇਸ਼ਾ ਦੇ ਸਿਰ ਵਿੱਚ ਕਾਫੀ ਸੱਟ ਲੱਗੀ ਸੀ। ਇਸ ਤੋਂ ਬਾਅਦ ਅੱਜ ਵਾਪਰੀ ਘਟਨਾ ਨੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਇਸ ਬਾਰੇ ਥਾਣਾ ਇੰਡਸਟਰੀਅਲ ਏਰੀਆ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਕੋਲ ਕੋਈ ਸੂਚਨਾ ਨਹੀਂ ਪਹੁੰਚੀ ਹੈ।