ਏਟੀਐੱਮਜ਼ ’ਚ ਲੋੜੀਂਦੀ ਮਾਤਰਾ ’ਚ ਨਕਦੀ
ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਸਣੇ ਕਈ ਹੋਰ ਬੈਂਕਾਂ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਏਟੀਐੱਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ, ਉਨ੍ਹਾਂ ਵਿੱਚ ਲੋੜੀਂਦੀ ਮਾਤਰਾ ’ਚ ਨਕਦੀ ਮੌਜੂਦ ਹੈ ਅਤੇ ਡਿਜੀਟਲ ਸੇਵਾਵਾਂ ਵੀ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਸੋਸ਼ਲ ਮੀਡੀਆ ’ਤੇ ਆਈਆਂ ਉਨ੍ਹਾਂ ਖ਼ਬਰਾਂ ਦੇ ਪਿਛੋਕੜ ਵਿੱਚ ਇਹ ਬਿਆਨ ਜਾਰੀ ਕੀਤਾ ਗਿਆ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਵਧਦੇ ਤਣਾਅ ਵਿਚਾਲੇ ਆਉਣ ਵਾਲੇ ਦਿਨਾਂ ਵਿੱਚ ਏਟੀਐੱਮ ਬੰਦ ਹੋ ਸਕਦੇ ਹਨ। ਬੈਂਕਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਡਿਜੀਟਲ ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਭਾਰਤੀ ਸਟੇਟ ਬੈਂਕ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐੱਕਸ’ ਉੱਤੇ ਲਿਖਿਆ, ‘‘ਸਾਡੇ ਸਾਰੇ ਏਟੀਐੱਮ, ਸੀਡੀਐੱਮ/ਏਡੀਡਬਲਿਊਐੱਮ ਅਤੇ ਡਿਜੀਟਲ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਹਨ ਅਤੇ ਲੋਕਾਂ ਲਈ ਉਪਲਬਧ ਹਨ।’’ ਬੈਂਕ ਆਫ਼ ਬੜੌਦਾ, ਪੰਜਾਬ ਤੇ ਸਿੰਧ ਬੈਂਕ, ਕੇਨਰਾ ਬੈਂਕ, ਬੈਂਕ ਆਫ਼ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਨੇ ਵੀ ਇਸੇ ਤਰ੍ਹਾਂ ਦੇ ਸੁਨੇਹੇ ਜਾਰੀ ਕੀਤੇ ਹਨ। -ਪੀਟੀਆਈ