ਏਕੇ ਦਾ ਰਾਹ
ਕਿਸਾਨੀ ਮੰਗਾਂ ਲਈ ਲੰਮੇ ਅਰਸੇ ਤੋਂ ਲੜ ਰਹੇ ਵੱਖ-ਵੱਖ ਮੋਰਚਿਆਂ ਦਰਮਿਆਨ ਏਕਤਾ ਕਾਇਮ ਕਰਨ ਲਈ ਕੁਝ ਸਮੇਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਫ਼ਲ ਪੈਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਦੀ ਟੀਮ ਨੇ ਸ਼ੁੱਕਰਵਾਰ ਨੂੰ ਢਾਬੀ ਗੁੱਜਰਾਂ (ਖਨੌਰੀ) ਬੈਰੀਅਰ ’ਤੇ ਚੱਲ ਰਹੇ ਮੋਰਚੇ ਵਿੱਚ ਪਹੁੰਚ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਿਆ। ਵੀਰਵਾਰ ਨੂੰ ਮੋਗਾ ਵਿੱਚ ਐੱਸਕੇਐੱਮ ਦੀ ਮਹਾਪੰਚਾਇਤ ਰੈਲੀ ਵਿੱਚ ਅੱਠ ਨੁਕਾਤੀ ਮਤਾ ਪੇਸ਼ ਕੀਤਾ ਗਿਆ ਸੀ ਜਿਸ ਤੋਂ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਕਿਸਾਨਾਂ ਦੀ ਕਰਜ਼ ਮੁਆਫ਼ੀ ਜਿਹੀਆਂ ਦਰਜਨ ਭਰ ਮੰਗਾਂ ਲਾਗੂ ਕਰਵਾਉਣ ਲਈ ਵੱਖੋ-ਵੱਖਰੇ ਕਿਸਾਨ ਮੋਰਚਿਆਂ ਨੂੰ ਇਕਮਤ ਅਤੇ ਇਕਜੁੱਟ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀ। ਸੀਨੀਅਰ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਐੱਸਕੇਐੱਮ ਦੀ ਵਾਰਤਾਕਾਰ ਟੀਮ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰ ਕੇ ਜਿੱਥੇ ਉਨ੍ਹਾਂ ਦੀ ਸਿਹਤ ਲਈ ਫ਼ਿਕਰਮੰਦੀ ਜ਼ਾਹਿਰ ਕੀਤੀ, ਉੱਥੇ ਅੰਦੋਲਨ ਲਈ ਖੁੱਲ੍ਹੇ ਮਨ ਨਾਲ ਹਮਾਇਤ ਦੇਣ ਦਾ ਵਚਨ ਵੀ ਦਿੱਤਾ। ਦੋਵਾਂ ਮੋਰਚਿਆਂ ਦੇ ਕਿਸਾਨ ਆਗੂਆਂ ਨੇ ਸੂਝ-ਬੂਝ ਅਤੇ ਫਰਾਖ਼ਦਿਲੀ ਦਾ ਮੁਜ਼ਾਹਰਾ ਕਰਦਿਆਂ ਸਾਫ਼ ਆਖਿਆ ਹੈ ਕਿ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਮਨਵਾਉਣ ਲਈ ਇਸ ਸਮੇਂ ਉਨ੍ਹਾਂ ਦੀ ਲੜਾਈ ਕੇਂਦਰ ਸਰਕਾਰ ਵੱਲ ਸੇਧਿਤ ਹੋਣੀ ਚਾਹੀਦੀ ਹੈ, ਇਸ ਦੌਰਾਨ ਉਨ੍ਹਾਂ ਨੂੰ ਭਰਾ ਮਾਰੂ ਜੰਗ ਤੋਂ ਬਚਣਾ ਚਾਹੀਦਾ ਅਤੇ ਇੱਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਤੇ ਹੋਛੀਆਂ ਟੀਕਾ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮਹਿਜ਼ ਇੱਕ ਮੀਟਿੰਗ ਨਾਲ ਕਿਸਾਨ ਜਥੇਬੰਦੀਆਂ ਮੋਰਚਿਆਂ ਦਰਮਿਆਨ ਏਕਤਾ ਹੋ ਜਾਣ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਸ ਸਮੇਂ ਤਿੰਨ ਪ੍ਰਮੁੱਖ ਕਿਸਾਨ ਮੋਰਚੇ ਸਰਗਰਮ ਹਨ ਜਿਨ੍ਹਾਂ ਵਿੱਚ ਵੱਖ-ਵੱਖ ਆਗੂਆਂ ਦੇ ਖੇਤੀ ਸੰਕਟ, ਕਿਸਾਨ ਮੰਗਾਂ ਅਤੇ ਸੰਘਰਸ਼ ਦੇ ਰੂਪਾਂ ਅਤੇ ਢੰਗਾਂ ਬਾਰੇ ਆਪੋ ਆਪਣੀ ਸਮਝ ਤੇ ਧਾਰਨਾਵਾਂ ਹਨ। ਚੰਗੀ ਗੱਲ ਇਹ ਸੀ ਕਿ ਟੀਮ ਦੇ ਕੁਝ ਅਜਿਹੇ ਆਗੂਆਂ ਨੂੰ ਨਾਲ ਨਹੀਂ ਲਿਜਾਇਆ ਗਿਆ ਜਿਨ੍ਹਾਂ ਦੇ ਬਿਆਨਾਂ ਕਰ ਕੇ ਪਿਛਲੇ ਦਿਨੀਂ ਦੋਵੇਂ ਮੋਰਚਿਆਂ ਵਿੱਚ ਤਲਖ਼ੀ ਦਾ ਮਾਹੌਲ ਪੈਦਾ ਹੋਇਆ ਸੀ। ਇਸ ਵੇਲੇ ਸਵਾਲ ਇਹ ਹੈ ਕਿ ਇਨ੍ਹਾਂ ਕਿਸਾਨ ਜਥੇਬੰਦੀਆਂ ਅਤੇ ਮੋਰਚਿਆਂ ਦੇ ਆਗੂਆਂ ਵਿਚਕਾਰ ਸੰਵਾਦ ਅਤੇ ਆਪਸੀ ਭਰੋਸਾ ਕਿਵੇਂ ਬਹਾਲ ਕੀਤਾ ਜਾਵੇ। ਇਹ ਸਾਰੇ ਆਗੂ 2020-21 ਦੇ ਮਿਸਾਲੀ ਕਿਸਾਨ ਅੰਦੋਲਨ ਦੌਰਾਨ ਇੱਕ-ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇ ਸਨ ਜਿਸ ਦਾ ਨਤੀਜਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਵਾਦਗ੍ਰਸਤ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ।
ਸ਼ੰਭੂ ਜਾਂ ਢਾਬੀ ਗੁੱਜਰਾਂ ਬਾਰਡਰ ’ਤੇ ਚੱਲ ਰਹੇ ਅੰਦੋਲਨਾਂ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਇਸ ਮੌਕੇ ਕਿਸਾਨ ਆਗੂ ਡੱਲੇਵਾਲ ਦੀ ਜਾਨ ਬਚਾਉਣੀ ਵੀ ਜ਼ਰੂਰੀ ਹੋ ਗਈ ਹੈ ਜਿਨ੍ਹਾਂ ਦੇ ਮਰਨ ਵਰਤ ਨੂੰ 46 ਦਿਨ ਹੋ ਗਏ ਹਨ ਅਤੇ ਉਨ੍ਹਾਂ ਦੀ ਉਮਰ ਦੇ ਮੱਦੇਨਜ਼ਰ ਉਨ੍ਹਾਂ ਦੀ ਸਰੀਰਕ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਅਜੇ ਤੱਕ ਆਪਣੇ ਰਵੱਈਏ ਵਿੱਚ ਕੋਈ ਲਚਕ ਨਹੀਂ ਲਿਆਂਦੀ ਅਤੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਣ ਦਾ ਕੋਈ ਸੰਕੇਤ ਨਹੀਂ ਮਿਲਿਆ। ਸ਼ੁੱਕਰਵਾਰ ਨੂੰ ਐੱਸਕੇਐੱਮ ਦੇ ਸੀਨੀਅਰ ਆਗੂਆਂ ਦੀ ਮਿਲਣੀ ਨਾਲ ਵਾਕਈ ਉਨ੍ਹਾਂ ਨੂੰ ਧਰਵਾਸ ਮਿਲਿਆ ਹੋਵੇਗਾ ਅਤੇ ਯਕੀਨਨ ਇਸ ਨਾਲ ਉਨ੍ਹਾਂ ਦਾ ਇਹ ਅਹਿਦ ਹੋਰ ਦ੍ਰਿੜ ਹੋਵੇਗਾ ਕਿ ਕਿਸਾਨ ਅੰਦੋਲਨ ਜੇਤੂ ਹੋ ਕੇ ਨਿੱਕਲੇਗਾ।