For the best experience, open
https://m.punjabitribuneonline.com
on your mobile browser.
Advertisement

ਲਾਸ ਏਂਜਲਸ ’ਚ ਕਿਆਮਤ

04:42 AM Jan 11, 2025 IST
ਲਾਸ ਏਂਜਲਸ ’ਚ ਕਿਆਮਤ
Advertisement

ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿੱਚ ਬੀਤੇ ਦੋ ਦਿਨ ਤੋਂ ਅੱਗਾਂ ਭੜਕਣ ਕਾਰਨ ਹੌਲੀਵੁੱਡ ਦਾ ਸਭ ਤੋਂ ਸ਼ਾਨਦਾਰ ਇਲਾਕਾ ਤਬਾਹ ਹੋ ਗਿਆ ਹੈ। ਦਸ ਹਜ਼ਾਰ ਤੋਂ ਵੱਧ ਘਰ, ਸਟੂਡੀਓ, ਕਾਰੋਬਾਰੀ ਕੇਂਦਰ ਅਤੇ ਹੋਰ ਢਾਂਚੇ ਅੱਗ ਨੇ ਫ਼ਨਾਹ ਕਰ ਦਿੱਤੇ ਹਨ। ਹੁਣ ਤੱਕ ਦਸ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ; ਅਜੇ ਬਹੁਤ ਸਾਰੇ ਘਰਾਂ ਅਤੇ ਕੇਂਦਰਾਂ ਵਿੱਚ ਸੜਨ ਵਾਲਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸ਼ਹਿਰ ਦੇ ਜਿਸ ਮਲੀਬੂ ਖੇਤਰ ਵਿੱਚ ਵੱਡੇ ਫਿਲਮ ਸਿਤਾਰਿਆਂ ਤੇ ਹਸਤੀਆਂ ਦੇ ਘਰ ਬਣੇ ਹੋਏ ਹਨ, ਉੱਥੇ ਬਹੁਤ ਸਾਰੇ ਘਰ ਅੱਗਾਂ ਦੀ ਲਪੇਟ ਵਿੱਚ ਆ ਗਏ ਹਨ। ਇੱਕ ਅਨੁਮਾਨ ਅਨੁਸਾਰ ਇਸ ਕਾਰਨ ਕਰੀਬ ਅੱਠ ਅਰਬ ਡਾਲਰ (68 ਹਜ਼ਾਰ ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ; ਕੁਝ ਏਜੰਸੀਆਂ ਮੁਤਾਬਿਕ ਨੁਕਸਾਨ 10 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਅੱਗ ’ਤੇ ਕਾਬੂ ਪਾਉਣ ਵਾਲੇ ਕਰਮੀਆਂ ਦੀ ਵੀ ਕੋਈ ਪੇਸ਼ ਨਾ ਚੱਲੀ ਅਤੇ ਲਾਸ ਏਂਜਲਸ ਕਾਊਂਟੀ ਫਾਇਰ ਦੀ ਮੁਖੀ ਐਂਥਨੀ ਮੈਰੋਨ ਨੇ ਆਖਿਆ ਕਿ ਅਸੀਂ ਪੂਰੀ ਵਾਹ ਲਾਉਣ ਤੱਕ ਚਲੇ ਗਏ। ਅਸੀਂ ਅਜਿਹੀ ਅੱਗ ਖ਼ਿਲਾਫ਼ ਲੜ ਰਹੇ ਹਾਂ ਜਿਸ ’ਤੇ ਕਾਬੂ ਪਾਉਣ ਲਈ ਸਾਡੇ ਕੋਲ ਸ਼ਹਿਰੀ ਜਲ ਪ੍ਰਣਾਲੀ ਹੀ ਹੈ।
ਲਾਸ ਏਂਜਲਸ ਅਗਨੀਕਾਂਡ ਨੂੰ ਲੈ ਕੇ ਜੋ ਪ੍ਰਤੀਕਰਮ ਸਾਹਮਣੇ ਆਏ ਹਨ, ਉਸ ਤੋਂ ਅਮਰੀਕੀ ਸਮਾਜ ਅਤੇ ਸ਼ਾਸਨ ਪ੍ਰਣਾਲੀ ਦੀ ਮਾਨਸਿਕਤਾ ਬਾਰੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਵੇਂ ਬਿਪਤਾ ਦੀ ਇਸ ਘੜੀ ਵਿੱਚ ਕੈਲੀਫੋਰਨੀਆ ਸੂਬੇ ਅਤੇ ਲਾਸ ਏਂਜਲਸ ਦੇ ਮੁਕਾਮੀ ਅਧਿਕਾਰੀਆਂ ਨਾਲ ਆਪਣੀ ਇਕਮੁੱਠਤਾ ਦਰਸਾਈ ਹੈ ਪਰ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਜੋ 20 ਜਨਵਰੀ ਨੂੰ ਆਪਣਾ ਅਹੁਦਾ ਸੰਭਾਲ ਰਹੇ ਹਨ, ਨੇ ਸੂਬੇ ਦੇ ਡੈਮੋਕਰੈਟਿਕ ਗਵਰਨਰ ਗੈਵਿਨ ਨਿਊਸਮ ਨੂੰ ਕਸੂਰਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ ਕਈ ਸੱਜੇ ਪੱਖੀ ਖੇਮੇ ਇਹ ਪ੍ਰਚਾਰ ਕਰ ਰਹੇ ਹਨ ਕਿ ਸ਼ਹਿਰ ਵਿੱਚ ਅੱਗ ਬੁਝਾਊ ਕਾਰਜਾਂ ਦੇ ਫੰਡ ਯੂਕਰੇਨ ਦੀ ਇਮਦਾਦ ਲਈ ਭੇਜਣ ਕਰ ਕੇ ਇਹ ਭਾਣਾ ਵਾਪਰਿਆ ਹੈ।
ਦਰਅਸਲ, ਜਲਵਾਯੂ ਤਬਦੀਲੀ ਦੇ ਘਾਤਕ ਸਿੱਟੇ ਹਕੀਕਤ ਬਣ ਕੇ ਸਾਹਮਣੇ ਆ ਰਹੇ ਹਨ। ਕੈਲੀਫੋਰਨੀਆ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸੋਕਾ ਚੱਲ ਰਿਹਾ ਹੈ ਅਤੇ ਜਲ ਸਰੋਤ ਸੁੱਕ ਗਏ ਹਨ। ਵਿਸ਼ਵ ਮੌਸਮ ਅਦਾਰੇ (ਡਬਲਯੂਐੱਮਓ) ਨੇ 2024 ਨੂੰ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਕਰਾਰ ਦਿੱਤਾ ਹੈ। ਟਰੰਪ ਪਿਛਲੇ ਲੰਮੇ ਅਰਸੇ ਤੋਂ ਜਲਵਾਯੂ ਤਬਦੀਲੀ ਨੂੰ ਕੋਰੀ ਅਫ਼ਵਾਹ ਪ੍ਰਚਾਰ ਰਹੇ ਹਨ ਅਤੇ ਇਸ ਦੇ ਖ਼ਤਰਨਾਕ ਅਸਰਾਂ ਖ਼ਿਲਾਫ਼ ਸਾਂਝੇ ਕੌਮਾਂਤਰੀ ਅਹਿਦਨਾਮਿਆਂ ਤੋਂ ਪਿਛਾਂਹ ਹਟਣ ਦੀਆਂ ਧਮਕੀਆਂ ਦਿੰਦੇ ਰਹੇ ਹਨ। ਘਾਤਕ ਚੱਕਰਵਾਤੀ ਤੂਫਾਨਾਂ, ਹੜ੍ਹਾਂ ਅਤੇ ਹੁਣ ਬੇਕਾਬੂ ਹੋ ਰਹੀਆਂ ਜੰਗਲ ਦੀਆਂ ਅੱਗਾਂ ਦੇ ਰੂਪ ਵਿੱਚ ਜਲਵਾਯੂ ਤਬਦੀਲੀ ਆਪਣੇ ਉਗਰ ਰੂਪ ਵਿੱਚ ਸਾਹਮਣੇ ਆ ਰਹੀ ਹੈ ਅਤੇ ਜੇ ਕੌਮੀ ਤੇ ਆਲਮੀ ਸੱਤਾ ਵਿੱਚ ਬੈਠੇ ਆਗੂ ਇਸ ਤੋਂ ਅੱਖਾਂ ਮੀਟ ਕੇ ਅੱਗੇ ਵਧਣਾ ਚਾਹੁਣਗੇ ਤਾਂ ਇਸ ਦੀ ਕੀਮਤ ਅਦਾ ਕਰਨੀ ਪਵੇਗੀ। ਇਹੋ ਜਿਹੀ ਚਿਤਾਵਨੀ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਵੀ ਦਿੱਤੀ ਸੀ ਪਰ ਇਸ ਵੱਲ ਕਿਸੇ ਨੇ ਬਹੁਤੀ ਤਵੱਜੋ ਨਹੀਂ ਦਿੱਤੀ ਸੀ।

Advertisement

Advertisement
Advertisement
Author Image

Jasvir Samar

View all posts

Advertisement