ਨਿੱਜੀ ਪੱਤਰ ਪ੍ਰੇਰਕਖੰਨਾ, 3 ਜਨਵਰੀਇਥੋਂ ਦੇ ਏਐੱਸ ਕਾਲਜ ਆਫ ਐਜੂਕੇਸ਼ਨ ਵਿੱਚ ਯੋਗ ਸੈਸ਼ਨ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਤੇ ਐੱਨਐੱਸਐੱਸ ਵਾਲੰਟੀਅਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਡਾ. ਸ਼ਿਲਪੀ ਅਰੋੜਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਯੋਗ ਵਿਅਕਤੀ ਦੇ ਮਨ, ਸਰੀਰ ਅਤੇ ਆਤਮਾ ਨੂੰ ਕਾਬੂ ਵਿੱਚ ਰੱਖਣ ’ਚ ਸਹਾਈ ਹੁੰਦਾ ਹੈ ਅਤੇ ਚਿੰਤਾ ਤੇ ਤਣਾਅ ਮੁਕਤ ਹੋਣ ਵਿੱਚ ਵੀ ਮਦਦਗਾਰ ਹੁੰਦਾ ਹੈ। ਇਸ ਮੌਕੇ ਡਾਇਰੈਕਟ ਡਾ. ਹਰਪ੍ਰੀਤ ਸਿੰਘ ਤੇ ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ, ਸਿਹਤ ਤੇ ਸਵੱਛਤਾ ਸਬੰਧੀ ਜਾਣਕਾਰੀ ਦਿੱਤੀ।ਇਸ ਦੌਰਾਨ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਕੁਇਜ਼, ਸਲੋਗਨ ਲਿਖਣ, ਪੋਸਟਰ ਬਣਾਉਣ ਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਵਾਲੰਟੀਅਰ ਰੀਆ ਤੇ ਮਨਜੋਤਿ ਸਿੰਘ ਨੇ ਯੋਗ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਸੂਰਜ ਨਮਸਕਾਰ, ਪ੍ਰਾਣਾਯਾਮ ਆਦਿ ਦਾ ਅਭਿਆਸ ਕਰਵਾਇਆ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਯੋਗ ਅਭਿਆਸ ਕਰਨ ਨਾਲ ਸਰੀਰ ਲਚਕਦਾਰ ਤੇ ਮਾਂਸਪੇਸ਼ੀਆਂ ਤੰਦਰੁਸਤ ਬਣਦੀਆਂ ਹਨ। ਇਸ ਮੌਕੇ ਵਾਲੰਟੀਅਰ ਮਹਿਕ ਪੁੰਜ ਨੇ ਜੁੰਬਾ ਡਾਂਸ ਕੀਤਾ ਤੇ ਮਗਰੋਂ ਵਿਦਿਆਰਥੀਆਂ ਨੇ ਸਲਾਦ ਮੁਕਾਬਲੇ ’ਚ ਹਿੱਸਾ ਲਿਆ। ਅੰਤ ਵਿਚ ਸੱਭਿਆਚਾਰਕ ਗਤੀਵਿਧੀਆਂ ਦੌਰਾਨ ਸੰਗੀਤ, ਨਾਚ, ਥੀਏਟਰ ਰਾਹੀਂ ਭਾਰਤ ਦੀ ਵਿਭਿੰਨਤਾ ਦਾ ਜਸ਼ਨ ਮਨਾਇਆ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਡਾਇਮੰਡ, ਜਤਿੰਦਰ ਦੇਵਗਨ, ਸੁਬੋਧ ਮਿੱਤਲ, ਸੰਜੀਵ ਧਮੀਜਾ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ ਵੱਖ ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ।