ਉਸਾਰੀ ਸਨਅਤ ਨੂੰ ਦਰਾਮਦ ’ਤੇ ਨਿਰਭਰਤਾ ਘਟਾਉਣ ਦੀ ਲੋੜ: ਪਿਊਸ਼ ਗੋਇਲ
ਨਵੀਂ ਦਿੱਲੀ, 13 ਅਪਰੈਲ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਉਸਾਰੀ ਸਨਅਤ ਨੂੰ ਦਰਾਮਦ ’ਤੇ ਨਿਰਭਰਤਾ ਘਟਾਉਣ, ਸਾਫ਼ ਅਤੇ ਪ੍ਰਦੂਸ਼ਣ ਰਹਿਤ ਉਸਾਰੀ ’ਤੇ ਧਿਆਨ ਕੇਂਦਰਿਤ ਕਰਨ ਅਤੇ ਭੂਚਾਲ ਰੋਧਕ ਤੇ ਮਾਡਿਊਲਰ ਬੁਨਿਆਦੀ ਢਾਂਚੇ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਕਿਹਾ। ਉਨ੍ਹਾਂ ਇੱਥੇ ਕੈਮੀਕਲਜ਼ ਐਂਡ ਅਲਾਈਡ ਪ੍ਰੋਡਕਟਸ ਐਕਸਪੋਰਟ ਪ੍ਰਮੋਸ਼ਨ ਕੌਂਸਲ (ਸੀਏਪੀਈਐੱਕਸਆਈਐੱਲ) ਦੇ ‘ਵਾਈਬ੍ਰੈਂਟ ਬਿਲਡਕਾਨ-2025’ ਦੇ ਪਹਿਲੇ ਐਡੀਸ਼ਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਰਿਹਾਇਸ਼, ਬੁਨਿਆਦੀ ਢਾਂਚੇ, ਵਪਾਰਕ ਰੀਅਲ ਅਸਟੇਟ, ਰੇਲਵੇ, ਹਵਾਈ ਅੱਡੇ, ਹਾਈਵੇਅ ਅਤੇ ਊਰਜਾ ਵਰਗੇ ਖੇਤਰ ਦੇਸ਼ ਦੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ, ‘ਸੀਮਿੰਟ ਅਤੇ ਇਲੈਕਟ੍ਰੀਕਲ ਤੋਂ ਲੈ ਕੇ ਸੁਰੱਖਿਆ ਪ੍ਰਣਾਲੀਆਂ ਅਤੇ ਆਟੋਮੇਸ਼ਨ ਤੱਕ ਹਰ ਚੀਜ਼ ਇਸ ਈਕੋਸਿਸਟਮ ਵਿੱਚ ਭੂਮਿਕਾ ਨਿਭਾਉਂਦੀ ਹੈ।’ ਗੋਇਲ ਨੇ ਕਿਹਾ ਕਿ 20 ਨਵੇਂ ਸਮਾਰਟ ਸਨਅਤੀ ਸ਼ਹਿਰਾਂ, 50 ਥਾਵਾਂ ’ਤੇ ਬਿਹਤਰ ਸੈਰ-ਸਪਾਟਾ ਬੁਨਿਆਦੀ ਢਾਂਚਿਆਂ ਅਤੇ 100 ਨਵੇਂ ਸਨਅਤੀ ‘ਪਲੱਗ-ਐਂਡ-ਪਲੇਅ’ ਕੇਂਦਰਾਂ ਸਮੇਤ ਸਰਕਾਰ ਦੀਆਂ ਹੋਰ ਪਹਿਲਕਦਮੀਆਂ ਰਾਹੀਂ ਭਾਰਤ ਨੂੰ 2047 ਤੱਕ 30-35 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਵਿੱਚ ਮਦਦ ਮਿਲੇਗੀ। -ਪੀਟੀਆਈ