ਉਪ-ਤਹਿਸੀਲ ਦਫ਼ਤਰ ਸਾਹਮਣੇ ਖੱਡੇ ਬਣੇ ਪ੍ਰੇਸ਼ਾਨੀ ਦਾ ਕਾਰਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਅਗਸਤ
ਬਾਬੈਨ ਦੇ ਪਿਪਲੀ ਰੋਡ ’ਤੇ ਉਪ-ਤਹਿਸੀਲ ਦੇ ਦਫ਼ਤਰ ਸਾਹਮਣੇ ਸੜਕ ਵਿੱਚ ਪਏ ਵੱਡੇ ਖੱਡਿਆਂ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਮਗਰੋਂ ਇਨ੍ਹਾਂ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਖੱਡੇ ਵੱਡੇ ਹੋਣ ਕਰਕੇ ਕਈ ਕਈ ਦਿਨ ਪਾਣੀ ਨਹੀਂ ਸੁੱਕਦਾ, ਜਿਸ ਕਰਕੇ ਤਹਿਸੀਲ ਦਫ਼ਤਰ ਆਉਣ-ਜਾਣ ਵਾਲਿਆਂ ਨੂੰ ਦਿੱਕਤਾਂ ਪੇਸ਼ ਆਉਂਦੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਣਜਾਣ ਰਾਹਗੀਰਾਂ ਨੂੰ ਖੱਡਿਆਂ ਬਾਰੇ ਪਤਾ ਨਾ ਹੋਣ ਕਾਰਨ ਕਈ ਵਾਰ ਵਾਹਨ ਇਨ੍ਹਾਂ ਕਾਰਨ ਹਾਦਸਾਗ੍ਰਸਤ ਹੋ ਜਾਂਦੇ ਹਨ ਅਤੇ ਸਭ ਤੋਂ ਵੱਡਾ ਖਤਰਾ ਦੋਪਹੀਆ ਸਵਾਰਾਂ ਲਈ ਹੁੰਦਾ ਹੈ, ਜਿਨ੍ਹਾਂ ਦੇ ਵਾਹਨਾਂ ਦਾ ਸੰਤੁਲਨ ਵਿਗੜਨ ਕਰਕੇ ਉਹ ਸੱਟਾਂ ਵੀ ਖਾਂਦੇ ਹਨ। ਪਿਪਲੀ ਰੋਡ ਦੇ ਦੁਕਾਨਦਾਰ ਰਾਮ ਰਿਸ਼ੀ, ਧਿਆਨ ਚੰਦ, ਪ੍ਰਵੀਨ ਕੁਮਾਰ, ਜੈ ਸਿੰਘ ਤੇ ਹੋਰਨਾਂ ਦਾ ਕਹਿਣਾ ਹੈ ਕਿ ਪਾਣੀ ਕਰਕੇ ਖੱਡਿਆਂ ਦਾ ਪਤਾ ਨਾ ਲੱਗਣ ਕਾਰਨ ਹੁਣ ਤੱਕ ਵੱਡੀ ਗਿਣਤੀ ਵਾਹਨ ਪਲਟ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ, ਪਰ ਹਾਲੇ ਤੱਕ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਹੈ ਕੇ ਸੜਕ ’ਤੇ ਪਏ ਖੱਡਿਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਝੱਲਣਾ ਪਵੇ।