ਉਡਾਰੀ
ਗੁਰਦੀਪ ਢੁੱਡੀ
ਗੱਲ 2010 ਤੋਂ ਪਹਿਲਾਂ ਦੀ ਹੈ। ਮੈਂ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ ਵਿਚ ਤਾਇਨਾਤ ਸਾਂ। ਇਹ ਸੰਸਥਾਵਾਂ ਸੇਵਾ ਕਾਲੀਨ ਅਧਿਆਪਨ ਕੋਰਸ ਕਰਵਾਇਆ ਕਰਦੀਆਂ ਸਨ (ਅਫ਼ਸੋਸ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਸਮੇਂ ਇਨ੍ਹਾਂ ਸੰਸਥਾਵਾਂ ਦਾ ਭੋਗ ਪਾ ਦਿੱਤਾ ਗਿਆ ਹਾਲਾਂਕਿ ਹਰ ਸਿੱਖਿਆ ਕਮਿਸ਼ਨ, ਕਮੇਟੀ ਨੇ ਸੇਵਾ ਕਾਲੀਨ ਕੋਰਸਾਂ ’ਤੇ ਜ਼ੋਰ ਦਿੱਤਾ ਸੀ)। ਸਾਇੰਸ ਅਧਿਆਪਕਾਂ ਦੇ ਚੱਲ ਰਹੇ ਸੇਵਾ ਕਾਲੀਨ ਕੋਰਸ ਵਿਚ ਅਧਿਆਪਕਾਂ ਨਾਲ ਮੇਰਾ ਪੰਗਾ ਪੈ ਗਿਆ। ‘ਸਾਨੂੰ ਕੋਸ਼ਿਸ਼ ਕਰ ਕੇ ਆਪਣੇ ਵਿਦਿਆਰਥੀਆਂ ਨੂੰ ਮੁਕਾਬਲਿਆਂ ਵਾਸਤੇ ਤਿਆਰ ਕਰਨਾ ਚਾਹੀਦਾ ਹੈ। ਇਸ ਵਾਸਤੇ ਸਾਨੂੰ ਆਪਣੇ ਵਿਦਿਆਰਥੀਆਂ ਨੂੰ ਸ਼ਬਦੀ ਅਰਥ ਨਹੀਂ ਸਗੋਂ ਸੰਕਲਪਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ।’ ਮੇਰੀ ਆਖੀ ਹੋਈ ਇਸ ਗੱਲ ’ਤੇ ਇਕ ਅਧਿਆਪਕ ਨੇ ਪਹਿਲ ਕਰਦਿਆਂ ਟੋਕਿਆ, “ਸਰ, ਤੁਸੀਂ ਕਿਹੜੇ ਸਮੇਂ ਦੀਆਂ ਗੱਲਾਂ ਕਰਦੇ ਹੋ। ਅਸੀਂ ਕਵਿੇਂ ਨਾ ਕਵਿੇਂ ਕਰ ਕੇ ਆਪਣੇ ਨਤੀਜੇ ਚੰਗੇ ਲਿਆਉਣ ਦੀਆਂ ਟੱਕਰਾਂ ਮਾਰਦੇ ਹਾਂ ਤੇ ਤੁਸੀਂ ਅਣਹੋਈਆਂ ਗੱਲਾਂ ਕਰਦੇ ਹੋ।” ਅਧਿਆਪਕ ਦੀ ਇਸ ਗੱਲ ਦੀ ਬਹੁਤ ਸਾਰੇ ਸੈਮੀਨੇਰੀਅਨ ਨੇ ਤਾਈਦ ਵੀ ਕਰ ਦਿੱਤੀ।
“ਨਹੀਂ ਇਹੋ ਜਿਹੀ ਕੋਈ ਗੱਲ ਨਹੀਂ। ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਦਿਮਾਗ ਪ੍ਰਾਈਵੇਟ ਸਕੁੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ। ਲੋੜ ਤਾਂ ਮੌਕਾ ਦਿੱਤੇ ਜਾਣ ਦੀ ਹੈ। ਉਲਟਾ ਇਹ ਵਿਦਿਆਰਥੀ ਅਮੀਰ ਬੱਚਿਆਂ ਨਾਲੋਂ ਵਧੇਰੇ ਮਿਹਨਤ ਮੁਸ਼ੱਕਤ ਕਰ ਸਕਦੇ ਹਨ। ਜ਼ਰਾ ਕੋਸ਼ਿਸ਼ ਤਾਂ ਕਰ ਕੇ ਦੇਖੀਏ।” ਮੈਂ ਆਪਣੀ ਗੱਲ ’ਤੇ ਬਜ਼ਿੱਦ ਸਾਂ।
“ਸਾਨੂੰ ਨਾ ਤਾਂ ਸਰਕਾਰ ਆਵਦਾ ਕੰਮ ਕਰਨ ਦਿੰਦੀ ਹੈ ਅਤੇ ਨਾ ਹੀ ਸਾਡੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਹਿਯੋਗ ਮਿਲਦਾ ਹੈ।” ਇਕ ਹੋਰ ਅਧਿਆਪਕ ਨੇ ਦਲੀਲ ਦਿੱਤੀ। “ਇਹੀ ਤਾਂ ਗੱਲ ਹੈ। ਸੌਖੇ ਹਾਲਾਤ ਵਿਚ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ। ਸਾਡੀ ਪ੍ਰਾਪਤੀ ਤਾਂ ਇਸ ਗੱਲ ਵਿਚ ਹੋ ਸਕਦੀ ਹੈ ਕਿ ਅਸੀਂ ਵਿਪਰੀਤ ਸਥਿਤੀਆਂ ਵਿਚ ਪ੍ਰਾਪਤੀਆਂ ਕਰ ਕੇ ਦਿਖਾਈਏ।” ਮੈਂ ਫਿਰ ਦਲੀਲ ਦਿੱਤੀ।
“ਸਰ, ਤੁਸੀਂ ਵੱਡੀ ਸੰਸਥਾ ਵਿਚ ਬੈਠੇ ਹੋ। ਤੁਹਾਡੇ ਕੋਲ ਅਧਿਆਪਕ ਆਉਂਦੇ ਹਨ। ਜੇ ਸਕੂਲ ਵਿਚ ਹੋਵੋਂ ਤਾਂ ਪਤਾ ਲੱਗ ਜਾਵੇ।” ਪਹਿਲੇ ਅਧਿਆਪਕ ਨੇ ਮੇਰੇ ਵਾਸਤੇ ਚੁਣੌਤੀ ਦੇ ਦਿੱਤੀ ਤੇ ਗੱਲ ਇਸ ਗੱਲ ’ਤੇ ਨਬਿੇੜ ਦਿੱਤੀ ਕਿ ਅਸੀਂ ਪੜ੍ਹੇ ਲਿਖੇ ਹਾਂ ਅਤੇ ਸਾਡੇ ਕੋਲ ਆਪੋ-ਆਪਣੀਆਂ ਦਲੀਲਾਂ ਹਨ। ਇਸ ਲਈ ਅਸੀਂ ਆਪਣੇ ਸਿਲੇਬਸ ਵੱਲ ਪਰਤੀਏ।
ਇਤਫ਼ਾਕ ਇਹ ਹੋਇਆ ਕਿ ਫ਼ਰਵਰੀ 2010 ਵਿਚ ਮੇਰੀ ਵਿਭਾਗੀ ਤਰੱਕੀ ਹੋ ਗਈ ਅਤੇ ਮੈਂ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਤਾਇਨਾਤ ਹੋ ਗਿਆ। ਇਕ ਦੋ ਸਕੂਲਾਂ ਅਤੇ ਇਕ ਮਾੜੀ ਘਟਨਾ ਤੋਂ ਬਾਅਦ ਮੇਰੀ ਤਾਇਨਾਤੀ ਸ਼ਹਿਰ ਦੇ ਵੱਡੇ ਸਕੂਲ ਵਿਚ ਹੋ ਗਈ। ਲੜਕੀਆਂ ਦੇ ਇਸ ਸਕੂਲ ਵਿਚ ਹਾਜ਼ਰ ਹੋਣ ’ਤੇ ਪਹਿਲੀਆਂ ਵਿਚ ਮੇਰੇ ਨਾਲ ਮਾੜੀ ਘਟਨਾ ਇਹ ਵਾਪਰੀ ਕਿ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਆ ਗਈਆਂ। ਅਧਿਆਪਕਾਂ ਨੇ ਇਨ੍ਹਾਂ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਨੂੰ ਨਕਲ ਕਰਾਉਣੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਰੋਕਣਾ ਚਾਹਿਆ ਤਾਂ ਸਕੂਲ ਦੇ ਸੀਨੀਅਰ ਅਧਿਆਪਕਾਂ ਨੇ ਮੀਟਿੰਗ ਕਰ ਕੇ ਮੇਰੇ ਨਾਲ ਗੱਲ ਕੀਤੀ, “ਸਰ, ਇਹ ਨਤੀਜਾ ਆਪ ਜੀ ਦਾ ਨਹੀਂ ਹੈ। ਆਪ ਤਾਂ ਹੁਣੇ ਹੀ ਹਾਜ਼ਰ ਹੋਏ ਹੋ। ਸਾਨੂੰ ਆਪਣੇ ਅਨੁਸਾਰ ਨਤੀਜਾ ਬਣਾ ਲੈਣ ਦਿਓ। ਅਗਲਾ ਸਾਲ ਆਪ ਜੀ ਦਾ ਹੋਵੇਗਾ। ਜਵਿੇਂ ਸਕੂਲ ਨੂੰ ਚਲਾਓਗੇ, ਅਸੀਂ ਉਵੇਂ ਹੀ ਆਪ ਜੀ ਦਾ ਸਾਥ ਦੇਵਾਂਗੇ।” ਇਕ ਜਣੇ ਨੇ ਸਾਰਿਆਂ ਦੀ ਸਾਂਝੀ ਗੱਲ ਮੇਰੇ ਅੱਗੇ ਰੱਖੀ। ਇਸ ਗੱਲ ਨੇ ਮੈਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ।
ਅਗਲਾ ਸਾਲ ਚੱਲਿਆ ਅਤੇ ਮੈਂ ਆਪਣੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਲੈ ਕੇ ਚੱਲਿਆ। ਵਿਦਿਆਰਥੀਆਂ ਦੀ ਗਿਣਤੀ 1100 ਤੋਂ ਵਧ ਕੇ 1700 ਹੋਈ ਅਤੇ ਵਿਦਿਅਕ ਪੱਧਰ ਉੱਚਾ ਚੁੱਕਣ ਵਾਸਤੇ ਯਤਨ ਆਰੰਭ ਦਿੱਤੇ। ਕੁਝ ਅਧਿਆਪਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸੇ ਵਿਰੋਧ ਵਿਚੋਂ ਸ਼ਿਕਾਇਤਾਂ ਵੀ ਹੋਈਆਂ ਅਤੇ ਪੜਤਾਲਾਂ ਵਿਚ ਵੀ ਉਲਝਿਆ ਪਰ ਵੱਡੀ ਗਿਣਤੀ ਅਧਿਆਪਕਾਂ ਨੇ ਸਹਿਯੋਗ ਦਿੱਤਾ। ਇਸ ਸਹਿਯੋਗ ਸਦਕਾ ਜਿੱਥੇ ਤਿੰਨ ਤੋਂ 26 ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੈਰਿਟ ਵਜ਼ੀਫ਼ਾ ਪ੍ਰਾਪਤ ਹੋਇਆ ਉੱਥੇ ਦਾਖ਼ਲੇ ਦੀ ਪ੍ਰੀਖਿਆ ਰਾਹੀਂ ਮੈਰੀਟੋਰੀਅਸ ਸਕੂਲ ਵਿਚ ਸਾਰੇ ਜ਼ਿਲ੍ਹੇ ਜਿੰਨੇ ਇਕੱਲੇ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਦਾਖ਼ਲਾ ਹਾਸਲ ਕੀਤਾ। ਇਸੇ ਤਰ੍ਹਾਂ ਐੱਨਐੱਮਐੱਮਐੱਸ ਅਤੇ ਪੀਐੱਸਟੀਐੱਸਈ ਦੀਆਂ ਪ੍ਰੀਖਿਆਵਾਂ ਵਿਚ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਸਦਕਾ ਮੈਨੂੰ ਰਾਜ ਪੱਧਰ ’ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਖੇਡਾਂ, ਸਭਿਆਚਾਰਕ ਗਤੀਵਿਧੀਆਂ, ਵਿਗਿਆਨ ਆਦਿ ਮੁਕਾਬਲਿਆਂ ਵਿਚ ਮੋਹਰੀ ਸਥਾਨ ਹਾਸਲ ਕੀਤੇ।
ਹੁਣ ਇਕ ਵਾਰੀ ਅਹਿਸਾਸ ਹੋ ਰਿਹਾ ਹੈ ਕਿ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਉਪਰਾਲੇ ਕਰਨ ਵੱਲ ਵਧ ਰਹੀ ਹੈ। ਹਾਲਾਂਕਿ ਸਕੂਲ ਮੁਖੀਆਂ ਸਮੇਤ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ ਪਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿਚ ਇਹ ਪੂਰਤੀ ਹੋ ਜਾਵੇ। ਸਾਡਾ ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਹੱਕ ਮੰਗਣ ਦੇ ਨਾਲ ਹੀ ਸਕੂਲਾਂ ਦਾ ਵਿਦਿਅਕ ਮਿਆਰ (ਸਾਰੇ ਪੱਖਾਂ ਤੋਂ) ਉਚੇਰਾ ਚੁੱਕਣ ਲਈ ਯਤਨ ਆਰੰਭੀਏ। ਅਸੀਂ ਉਡਣਾ ਚਾਹੀਏ ਤਾਂ ਹਾਲਾਤ ਸਾਡੇ ਰਾਹ ਵਿਚ ਕਿੰਨੇ ਵੀ ਅੜਿੱਕੇ ਡਾਹ ਲੈਣ ਪਰ ਜੇ ਸਾਡੀ ਉੱਡਣ ਦੀ ਇੱਛਾ ਹੋਵੇ ਤਾਂ ਅਸੀਂ ਪਹਾੜਾਂ ਨਾਲ ਮੱਥਾ ਵੀ ਲਾ ਸਕਦੇ ਹਾਂ, ਵਿਰੋਧੀ ਹਵਾਵਾਂ ਨੂੰ ਵੀ ਮਾਤ ਦੇ ਸਕਦੇ ਹਾਂ। ਬੱਦਲ ਸੂਰਜ ਨੂੰ ਲੁਕੋਣ ਦੇ ਯਤਨ ਕਰਦੇ ਹੀ ਹਨ ਪਰ ਸੂਰਜ ਫਿਰ ਵੀ ਧਰਤੀ ’ਤੇ ਆਪਣੀ ਰੋਸ਼ਨੀ ਲਿਆਉਣ ਵਿਚ ਸਫਲ ਹੋ ਜਾਂਦਾ ਹੈ। ਲੋੜ ਨਿਸ਼ਾਨੇ ਮਿੱਥ ਕੇ ਚੱਲਣ ਦੀ ਹੈ।
ਸੰਪਰਕ: 95010-20731