ਦਰਸ਼ਨ ਸਿੰਘ ਮਿੱਠਾਰਾਜਪੁਰਾ, 2 ਦਸੰਬਰਉਜਾੜਾ ਰੋਕੂ ਸੰਘਰਸ਼ ਕਮੇਟੀ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨਪਾਲ ਪ੍ਰਧਾਨ ਅਤੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਅਗਵਾਈ ਹੇਠ ਰਾਜਪੁਰਾ ਨੇੜਲੇ ਪਿੰਡ ਦਮਨਹੇੜੀ ਵਿੱਚ ਸੀਲ ਕੈਮੀਕਲ ਫ਼ੈਕਟਰੀ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸੀਲ ਕੰਪਨੀ ਵੱਲੋਂ ਧੋਖਾ ਕਰਕੇ ਹਥਿਆਈ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ। ਕਿਸਾਨ ਆਗੂ ਲਸ਼ਕਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਅਗਵਾਈ ’ਚ ਐਕੁਆਇਰ ਜ਼ਮੀਨ ਵਿਚ ਟਰੈਕਟਰ ਮਾਰਚ ਕਰਨ ਮਗਰੋਂ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ 30 ਸਾਲ ਪਹਿਲਾਂ ਸਰਕਾਰ ਨੇ ਕਿਸਾਨਾਂ ਤੋਂ ਸਸਤੇ ਭਾਅ ਜ਼ਮੀਨ ਲੈ ਕੇ ਸੀਲ ਕੰਪਨੀ ਨੂੰ ਇੱਕ ਉਦਯੋਗਿਕ ਸ਼ਹਿਰ ਵਸਾਉਣ ਵਾਸਤੇ ਦਿੱਤੀ ਸੀ ਜਿਸ ਨੂੰ ਕੰਪਨੀ ਵੱਲੋਂ ਦਸ ਸਾਲਾਂ ਦੇ ਅੰਦਰ-ਅੰਦਰ ਵਿਕਸਿਤ ਕੀਤਾ ਜਾਣਾ ਸੀ ਅਤੇ ਸ਼ਰਤ ਸੀ ਕਿ ਜੇਕਰ ਕੰਪਨੀ ਇਸ ਨੂੰ ਦਸ ਸਾਲਾਂ ਦੇ ਅੰਦਰ ਵਿਕਸਿਤ ਨਹੀਂ ਕਰਦੀ ਤਾਂ ਸਰਕਾਰ ਨੂੰ ਇਹ ਜ਼ਮੀਨ ਵਾਪਸ ਲੈਣ ਦਾ ਅਧਿਕਾਰ ਹੋਵੇਗਾ। ਕਿਸਾਨਾਂ ਨੇ ਕਿਹਾ ਕਿ ਦਸਾਂ ਸਾਲਾਂ ਦੀ ਬਜਾਏ 30 ਸਾਲ ਦਾ ਸਮਾਂ ਲੰਘ ਚੁੱਕਾ ਹੈ ਅਤੇ ਕਿਸਾਨਾਂ ਵੱਲੋਂ ਵਾਰ-ਵਾਰ ਯਾਦ ਦੁਆਉਣ ’ਤੇ ਵੀ ਸਰਕਾਰ ਵੱਲੋਂ ਇਸ ਸਮੇਂ ਦੌਰਾਨ ਕਦੇ ਵੀ ਕੰਪਨੀ ਨੂੰ ਜ਼ਮੀਨ ਵਾਪਸ ਲੈਣ ਦਾ ਨੋਟਿਸ ਨਹੀਂ ਭੇਜਿਆ ਗਿਆ। ਕੰਪਨੀ ਵੱਲੋਂ ਵੀ ਇਸ ਜ਼ਮੀਨ ਵਿੱਚ ਕੋਈ ਉਸਾਰੀ ਨਹੀਂ ਕੀਤੀ ਗਈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੰਪਨੀ ਵੱਲੋਂ ਜ਼ਮੀਨ ਮਹਿੰਗੀ ਕਰਕੇ ਵੇਚਣ ਦੀ ਮਨਸ਼ਾ ਨਾਲ ਹੀ ਐਕੁਆਇਰ ਕੀਤੀ ਗਈ ਸੀ ਜੋ ਕਿ ਗੈਰ-ਕਾਨੂੰਨੀ ਹੈ। ਹੁਣ ਸਥਿਤੀ ਇਹ ਹੈ ਕਿ ਸੀਲ ਕੰਪਨੀ ਵੱਲੋਂ ਇੱਕ ਹੋਰ ਬਿਲਡਰ ਕੰਪਨੀ ਨੂੰ ਇਹ ਜ਼ਮੀਨ ਇੱਕ ਪ੍ਰਾਪਰਟੀ ਡੀਲਰ ਦੇ ਤੌਰ ’ਤੇ ਵੇਚਣ ਦਾ ਇਕਰਾਰ ਕੀਤਾ ਜਾ ਰਿਹਾ ਹੈ, ਜੋ ਕਿ ਬਿਲਕੁਲ ਸਮਝੌਤੇ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਮਸਲੇ ਵਿੱਚ ਚੁੱਪ ਵੱਟੀ ਰੱਖਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਾਜ਼ਿਸ਼ ਨੂੰ ਉਜਾਗਰ ਕਰਦਾ ਹੈ। ਡਾਕਟਰ ਦਰਸ਼ਨ ਪਾਲ ਅਤੇ ਪ੍ਰੇਮ ਸਿੰਘ ਭੰਗੂ ਨੇ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਇਸ ਮਸਲੇ ਦੇ ਹੱਲ ਬਾਰੇ ਸਰਕਾਰ ਵੱਲੋਂ ਕੋਈ ਪਹਿਲ ਨਾ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਦੀ ਮੌਜੂਦਗੀ ਵਿੱਚ ਕੋਈ ਹੋਰ ਐਕਸ਼ਨ ਉਲੀਕਿਆ ਜਾਵੇਗਾ। ਪ੍ਰਦਰਸ਼ਨ ਵਿੱਚ ਐੱਸਕੇਐੱਮ ਦੀਆਂ ਕਿਸਾਨ ਜਥੇਬੰਦੀਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਸ਼ਹੀਦ ਭਗਤ ਸਿੰਘ ਲੋਕ ਹਿਤ ਕਮੇਟੀ, ਆਲ ਇੰਡੀਆ ਕਿਸਾਨ ਫੈਡਰੇਸ਼ਨ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਕਿਸਾਨ ਯੂਨੀਅਨ ਪੁਆਦ, ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ (ਪੱਗੜੀ ਸੰਭਾਲ ਜੱਟਾ), ਅਤੇ ਕਿਰਤੀ ਕਿਸਾਨ ਯੂਨੀਅਨ ਸ਼ਾਮਲ ਹੋਈ। ਇਸ ਮੌਕੇ ਹਰਭਜਨ ਸਿੰਘ ਬੁੱਟਰ, ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਸਿੰਘ ਕੌਰਜੀਵਾਲਾ, ਸੁਖਵਿੰਦਰ ਸਿੰਘ ਤੁਲੇਵਾਲ, ਪ੍ਰੋਫੈਸਰ ਬਾਵਾ ਸਿੰਘ, ਪ੍ਰਿੰਸੀਪਲ ਸੁੱਚਾ ਸਿੰਘ, ਸੁਖਦੇਵ ਸਿੰਘ, ਬੀਬੀ ਚਰਨਜੀਤ ਕੌਰ ਧੂੜੀਆਂ, ਪਵਨ ਕੁਮਾਰ ਸੋਗਲਪੁਰ, ਇਕਬਾਲ ਸਿੰਘ, ਬਲਦੇਵ ਸਿੰਘ ਪਬਰੀ, ਗੋਬਿਦੰਰ ਸਿੰਘ ਆਕੜ, ਜਗਮੇਲ ਸਿੰਘ ਸੱਧੇਵਾਲ ਤੇ ਗੁਰਬਚਨ ਸਿੰਘ ਕਨਸੂਆ ਕਲਾਂ ਅਤੇ ਸੁਖਵਿੰਦਰ ਕੌਰ ਤੋਂ ਇਲਾਵਾ ਇਲਾਕੇ ਦੇ ਕਿਸਾਨ ਹਾਜ਼ਰ ਸਨ।