ਈਟੀਟੀ ਬੇਰੁਜ਼ਗਾਰ ਅਧਿਆਪਕਾਂ ਦੇ ਜਾਮ ਕਾਰਨ ਲੋਕ ਖੱਜਲ ਹੋਏ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 29 ਨਵੰਬਰ
ਪਿਛਲੇ ਲੰਬੇ ਸਮੇਂ ਤੋਂ ਡਿਊਟੀ ’ਤੇ ਜੁਆਇਨਿੰਗ ਦੀ ਮੰਗ ਲਈ ਈਟੀਟੀ ਕਾਡਰ 5994 ਅਤੇ 2364 ਯੂਨੀਅਨ ਦਾ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨਾ ਜਾਰੀ ਹੈ। ਡੀਪੀਆਈ ਦਫ਼ਤਰ ਦੇ ਬਾਹਰ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦਾ ਧਰਨਾ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਰੋਜ਼ਾਨਾ ਦੀ ਲਾਰੇਬਾਜ਼ੀ ਤੋਂ ਤੰਗ ਆ ਕੇ ਮੁਹਾਲੀ ਦੇ ਫੇਜ਼-7 ਸਥਿਤ ਟਰੈਫਿਕ ਲਾਈਟ ਚੌਕ ’ਤੇ ਤਿੰਨ ਘੰਟੇ ਤੱਕ ਸੜਕ ਜਾਮ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਈਟੀਟੀ ਕਾਡਰ ਯੂਨੀਅਨਾਂ ਦੇ ਆਗੂਆਂ ਪਰਮਪਾਲ ਫਾਜ਼ਿਲਕਾ, ਹਰਜੀਤ ਬੁਢਲਾਡਾ, ਬੰਟੀ ਕੰਬੋਜ, ਗੁਰਸੰਗਤ ਬੁਢਲਾਡਾ, ਬੱਗਾ ਖੁਡਾਲ, ਬਲਿਹਾਰ ਸਿੰਘ, ਮਨਪ੍ਰੀਤ ਮਾਨਸਾ, ਰਮੇਸ਼ ਅਬੋਹਰ, ਆਦਰਸ਼ ਅਬੋਹਰ ਅਤੇ ਹਰੀਸ਼ ਕੰਬੋਜ ਨੇ ਕਿਹਾ ਕਿ ਸਿੱਖਿਆ ਮੰਤਰੀ ਮੀਟਿੰਗ ਰੋਜ਼ਾਨਾ ਮੀਟਿੰਗ ਤੋਂ ਭੱਜ ਰਹੇ ਹਨ। ਇਸ ਕਾਰਨ ਬੇਰੁਜ਼ਗਾਰ ਅਧਿਆਪਕਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਵੀ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਸਾੜ ਕੇ ਸੜਕ ਜਾਮ ਕੀਤੀ ਸੀ, ਪਰ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਨਾਲ ਅੱਜ ਸ਼ੁੱਕਰਵਾਰ ਦੀ ਮੀਟਿੰਗ ਤੈਅ ਕਰਵਾ ਕੇ ਜਾਮ ਖੁਲ੍ਹਵਾਇਆ ਸੀ ਪਰ ਅੱਜ ਸਿੱਖਿਆ ਮੰਤਰੀ ਨੇ ਕੋਈ ਮੀਟਿੰਗ ਨਹੀਂ ਕੀਤੀ। ਇਸ ਲਈ ਅੱਜ ਫਿਰ ਜਾਮ ਲਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਰੋਜ਼ਾਨਾ ਕੋਈ ਨਾ ਕੋਈ ਬਹਾਨਾ ਬਣਾ ਕੇ ਮੀਟਿੰਗ ਟਾਲ ਦਿੰਦੇ ਹਨ। ਉਨ੍ਹਾਂ ਆਖਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ ਤੇ ਆਉਂਦੇ ਦਿਨਾਂ ਵਿੱਚ ਗੁਪਤ ਤੇ ਤਿੱਖੇ ਐਕਸ਼ਨ ਕੀਤੇ ਜਾਣਗੇ।