ਇੱਕ ਘਰ
ਜਸਕੀਰਤ ਸਿੰਘ
ਮਈ 1967, ਅੱਜ ਪੂਰੇ 20 ਵਰ੍ਹਿਆਂ ਬਾਅਦ ਮੈਂ ਮੁੜ ਉਸੇ ਥਾਂ ‘ਤੇ ਆ ਖਲੋਤਾ ਹਾਂ ਜਿਸ ਨੂੰ ਮੈਂ 20 ਵਰ੍ਹੇ ਪਹਿਲਾਂ ਅਲਵਿਦਾ ਆਖ ਹਿੰਦੋਸਤਾਨ ਦੀ ਧਰਤੀ ‘ਤੇ ਆ ਵਸਿਆ ਸਾਂ। ਪਰ ਮੇਰਾ ਕਦੇ ਮੇਰੀ ਇਸ ਜਨਮ ਮਿੱਟੀ ਨੂੰ ਛੱਡ ਕੇ ਜਾਣ ਦਾ ਕੋਈ ਇਰਾਦਾ ਨਹੀਂ ਸੀ। ਇਹ ਤਾਂ ਉਸ ਸਮੇਂ ਦੇ ਹਨੇਰੇ ਕਾਲ ਦਾ ਉਹ ਵਿਛੋੜਾ ਸੀ ਜੋ ਮੈਨੂੰ ਮੇਰੀ ਪੂਰੀ ਉਮਰ ਨਹੀਂ ਭੁੱਲਣਾ। ਇਸ ਹਨੇਰੇ ਕਾਲ ਨੇ ਮੇਰੇ ਤੋਂ ਮੇਰਾ ਸਾਰਾ ਪਰਿਵਾਰ ਖੋਹ ਲਿਆ। ਇਹ ਹਨੇਰਾ ਕਾਲ ਮੇਰੇ ਜੀਵਨ ਵਿੱਚ ਉਸ ਸਮੇਂ ਮੌਤ ਦਾ ਸੌਦਾਗਰ ਬਣ ਕੇ ਆਇਆ ਸੀ, ਜਦੋਂ ਮੈਂ ਜ਼ਿੰਦਗੀ ਦੇ ਨਵੇਂ ਸਫ਼ਰ ‘ਤੇ ਹਾਲੇ ਚੱਲਣਾ ਸ਼ੁਰੂ ਹੀ ਕੀਤਾ ਸੀ।
ਮੇਰਾ ਜਨਮ 1928 ਵਿੱਚ ਲਾਹੌਰ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਰਾਜਗੜ੍ਹ ਵਿਖੇ ਹੋਇਆ ਜੋ ਕਿ ਉਸ ਸਮੇਂ ਪੰਜਾਬ ਰਾਜ ਵਿੱਚ ਸੀ ਅਤੇ ਅੱਜਕੱਲ੍ਹ ਪਾਕਿਸਤਾਨ ਵਿੱਚ ਹੈ। ਮੇਰੇ ਪਿਤਾ ਦਾ ਨਾਮ ਬਲਜੀਤ ਸਿੰਘ ਤੇ ਮਾਂ ਦਾ ਨਾਮ ਹਰਨਾਮ ਕੌਰ ਸੀ। ਇਸ ਤੋਂ ਇਲਾਵਾ ਸਾਡੇ ਪਰਿਵਾਰ ਵਿੱਚ ਮੇਰਾ ਚਾਚਾ ਤੇ ਉਨ੍ਹਾਂ ਦੇ ਦੋ ਪੁੱਤਰ ਸਾਡੇ ਨਾਲ ਰਹਿੰਦੇ ਸਨ ਜੋ ਕਿ ਮੇਰੇ ਤੋਂ ਛੇ ਸਾਲ ਛੋਟੇ ਸਨ। ਮੇਰੀ ਚਾਚੀ ਦੀ ਮੌਤ ਉਸ ਦੇ ਦੂਜੇ ਪੁੱਤਰ ਦੇ ਜਨਮ ਵੇਲੇ ਹੀ ਹੋ ਗਈ ਸੀ। ਅਸੀਂ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਸਾਂ ਪਰ ਉਸ ਸਮੇਂ ਜਾਤ-ਪਾਤ ਦਾ ਕੋਈ ਰੌਲਾ ਨਹੀਂ ਸੀ ਹੁੰਦਾ। ਸਾਡੇ ਗੁਆਂਢ ਇੱਕ ਮੁਸਲਿਮ ਪਰਿਵਾਰ ਰਹਿੰਦਾ ਸੀ ਜਿਨ੍ਹਾਂ ਨਾਲ ਸਾਡਾ ਆਪਸੀ ਭਾਈਚਾਰਾ ਬਣਿਆ ਹੋਇਆ ਸੀ। ਅਸੀਂ ਇੱਕ-ਦੂਜੇ ਦੇ ਤਿਉਹਾਰਾਂ ਵਿੱਚ ਸ਼ਰੀਕ ਹੁੰਦੇ ਅਤੇ ਰਲ-ਮਿਲ ਕੇ ਹਰ ਤਿਉਹਾਰ ਮਨਾਉਂਦੇ। ਸਾਨੂੰ ਵੇਖ ਕੇ ਕੋਈ ਇਹ ਨਹੀਂ ਸੀ ਕਹਿ ਸਕਦਾ ਕਿ ਸਾਡੇ ਧਰਮ ਵੱਖ ਵੱਖ ਹਨ। ਸਾਡੇ ਗੁਆਂਢ ਦੇ ਮੁਸਲਿਮ ਪਰਿਵਾਰ ਵਿੱਚ ਮੁਹੰਮਦ ਅਲੀ, ਉਸ ਦੀ ਬੇਗ਼ਮ ਰਜ਼ੀਆ ਅਤੇ ਉਨ੍ਹਾਂ ਦਾ ਇੱਕ ਪੁੱਤਰ ਸਲੀਮ ਅਲੀ ਰਹਿੰਦਾ ਸੀ ਜੋ ਕਿ ਮੇਰੇ ਤੋਂ ਸੱਤ ਮਹੀਨੇ ਵੱਡਾ ਸੀ।
ਮੇਰਾ ਜਨਮ ਹੋਇਆ ਤਾਂ ਮੇਰਾ ਨਾਮ ਮੇਰੇ ਘਰਦਿਆਂ ਨੇ ਜਸਕੀਰਤ ਸਿੰਘ ਰੱਖਿਆ। ਇੱਕ ਵਾਰੀ ਮੈਂ ਗੁਰੂਘਰ ਜਾ ਕੇ ਪਾਠੀ ਜੀ ਤੋਂ ਆਪਣੇ ਨਾਮ ਦਾ ਅਰਥ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚੋਂ ਲਿਆ ਗਿਆ ਹੈ ਜਿਸ ਦਾ ਅਰਥ ਰੱਬ ਦੇ ਗੀਤ ਗਾਉਣ ਵਾਲਾ ਹੈ। ਮੈਂ ਆਪਣੇ ਨਾਮ ਦਾ ਮਤਲਬ ਸੁਣ ਕੇ ਬਹੁਤ ਖ਼ੁਸ਼ ਹੋਇਆ ਤੇ ਭੱਜਦਾ ਭੱਜਦਾ ਘਰ ਆ ਗਿਆ। ਮੈਂ ਆਪਣੇ ਨਾਮ ਵਾਲੀ ਗੱਲ ਸਲੀਮ ਨਾਲ ਸਾਂਝੀ ਕੀਤੀ ਤਾਂ ਉਹ ਉਦਾਸ ਹੋ ਗਿਆ ਕਿਉਂਕਿ ਸਲੀਮ ਵੀ ਆਪਣੇ ਨਾਮ ਪਿੱਛੇ ‘ਸਿੰਘ’ ਲਗਾਉਣਾ ਚਾਹੁੰਦਾ ਸੀ, ਪਰ ਉਸ ਦਾ ਧਰਮ ਵੱਖਰਾ ਸੀ। ਮੈਂ ਉਸ ਦਾ ਨਾਮ ਪਿਆਰ ਨਾਲ ਆਪਣੇ ਵੱਲੋਂ ਹੀ ਸਲੀਮ ਸਿੰਘ ਰੱਖ ਦਿੱਤਾ ਜਿਸ ਨੂੰ ਸੁਣ ਕੇ ਉਹ ਬਹੁਤ ਖ਼ੁਸ਼ ਹੁੰਦਾ। ਸਲੀਮ ਨੂੰ ਇਸ ਨਾਮ ਨਾਲ ਕੇਵਲ ਮੈਂ ਹੀ ਹਾਕ ਮਾਰਦਾ ਸੀ।
ਮੈਂ ਤੇ ਸਲੀਮ ਨਿੱਕੇ ਹੁੰਦੇ ਤੋਂ ਹੀ ਬਹੁਤ ਸ਼ਰਾਰਤੀ ਸਾਂ। ਮੈਨੂੰ ਮੇਰੇ ਬਚਪਨ ਦਾ ਇੱਕ ਕਿੱਸਾ ਕਦੇ ਨਹੀਂ ਭੁੱਲਣਾ। ਇੱਕ ਵਾਰ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਸੀ। ਮੈਂ ਤੇ ਸਲੀਮ ਲਾਲੇ ਦੀ ਹੱਟੀ ਤੋਂ ਮਸਾਲੇ ਵਾਲੇ ਪਟਾਕੇ ਖ਼ਰੀਦ ਕੇ ਲੈ ਆਏ ਤੇ ਮੈਂ ਮਖੌਲ ਮਖੌਲ ਵਿੱਚ ਇੱਕ ਪਟਾਕੇ ਨੂੰ ਅੱਗ ਲਾ ਕੇ ਉੱਪਰ ਵੱਲ ਨੂੰ ਸੁੱਟ ਦਿੱਤਾ ਜੋ ਸਿੱਧਾ ਜਾ ਕੇ ਅੰਗਰੇਜ਼ੀ ਕਰਮਚਾਰੀ ਦੇ ਪੈਰਾਂ ਵਿੱਚ ਫੁੱਟ ਗਿਆ। ਉਸ ਸਮੇਂ ਸਾਰੇ ਹਿੰਦੋਸਤਾਨ ‘ਤੇ ਬਰਤਾਨੀਆ ਦਾ ਕਬਜ਼ਾ ਸੀ ਜਿਸ ਕਾਰਨ ਅਸੀਂ ਗ਼ੁਲਾਮੀ ਦੀ ਜ਼ੰਜੀਰਾਂ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਸਾਂ।
ਮੈਨੂੰ ਮੇਰੇ ਚਾਚੇ ਤੋਂ ਇਸ ਗੱਲ ਦਾ ਵੀ ਪਤਾ ਲੱਗਿਆ ਸੀ ਕਿ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਸੂਰਮੇ ਸ਼ਹੀਦੀ ਦਾ ਜਾਮ ਹੱਸਦੇ ਹੱਸਦੇ ਪੀ ਗਏ ਜਿਸ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਸਰਦਾਰ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਹੋਰ ਬੇਅੰਤ ਪੰਜਾਬੀ ਅਤੇ ਦੇਸ਼ ਵਾਸੀ ਸ਼ਾਮਲ ਹਨ।
ਉਸ ਸਮੇਂ ਸਾਡੇ ਪਿੰਡ ਵਿੱਚ 60 ਵਰ੍ਹਿਆਂ ਦਾ ਹਰਬੰਸ ਰਾਏ ਨਾਮ ਦਾ ਵਿਅਕਤੀ ਰਹਿੰਦਾ ਸੀ ਜੋ ਅੰਗਰੇਜ਼ੀ ਸਰਕਾਰ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ। ਹਰਬੰਸ ਰਾਏ ਸ਼ਹੀਦ ਭਗਤ ਸਿੰਘ ਤੋਂ ਜਾਣੂੰ ਸੀ। ਉਸ ਨੇ ਮੈਨੂੰ ਸ਼ਹੀਦ ਭਗਤ ਸਿੰਘ ਦੇ ਕਈ ਕਿੱਸੇ ਦੱਸੇ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਆਜ਼ਾਦ ਸੋਚ ਰੱਖਣ ਵਾਲਾ ਮੁੰਡਾ ਸੀ। ਭਗਤ ਸਿੰਘ ਦਾ ਮਕਸਦ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ, ਪਰ ਬਿਨਾਂ ਕਿਸੇ ਦਾ ਖ਼ੂਨ ਵਹਾਏ। ਹਰਬੰਸ ਰਾਏ ਤੋਂ ਸ਼ਹੀਦ ਬਾਰੇ ਸੁਣੇ ਕਿੱਸਿਆਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਂ ਹਰ ਰੋਜ਼ ਉਨ੍ਹਾਂ ਕੋਲ ਜਾਣ ਲੱਗ ਪਿਆ ਤੇ ਕਾਫ਼ੀ ਸਮਾਂ ਇਸੇ ਤਰ੍ਹਾਂ ਲੰਘਦਾ ਰਿਹਾ।
ਜਨਵਰੀ 1946 ਵਿੱਚ ਇੱਕ ਦਿਨ ਮੈਂ ਤੇ ਮੇਰਾ ਚਾਚਾ ਲਾਹੌਰ ਘੁੰਮਣ ਗਏ ਸਾਂ ਅਤੇ ਅਸੀਂ ਕਾਫ਼ੀ ਸਮਾਂ ਉੱਥੋਂ ਦੇ ਬਾਜ਼ਾਰ ਵਿੱਚ ਘੁੰਮਦੇ ਰਹੇ। ਉੱਥੇ ਮੇਰੀ ਮੁਲਾਕਾਤ 16 ਸਾਲਾਂ ਦੀ ਮੁਟਿਆਰ ਨਾਲ ਹੋਈ ਜਿਸ ਦਾ ਨਾਮ ਪ੍ਰੀਤੋ ਸੀ। ਪ੍ਰੀਤੋ ਮੈਨੂੰ ਪਹਿਲੀ ਤੱਕਣੀ ਵਿੱਚ ਹੀ ਪਸੰਦ ਆ ਗਈ। ਮੈਂ ਆਪਣੇ ਚਾਚੇ ਦਾ ਸਾਥ ਛੱਡ ਪ੍ਰੀਤੋ ਵੱਲ ਹੋ ਗਿਆ ਅਤੇ ਪੂਰੇ ਤਿੰਨ ਘੰਟੇ ਉਸ ਦੇ ਪਿੱਛੇ ਪਿੱਛੇ ਘੁੰਮਦਾ ਰਿਹਾ। ਪ੍ਰੀਤੋ ਅੰਦਰੋਂ ਅੰਦਰੀ ਖ਼ੁਸ਼ ਹੋ ਰਹੀ ਸੀ ਤੇ ਬਾਹਰੋ ਬਾਹਰੀ ਸੰਗਦੀ ਸੀ। ਮੈਂ ਕਈ ਮਹੀਨੇ ਲਗਾਤਾਰ ਲਾਹੌਰ ਆਉਂਦਾ ਰਿਹਾ ਤੇ ਪ੍ਰੀਤੋ ਨਾਲ ਮੁਲਾਕਾਤ ਕਰਦਾ ਰਿਹਾ। ਅਸੀਂ ਇੱਕ-ਦੂਜੇ ਨੂੰ ਪਸੰਦ ਕਰਨ ਲੱਗ ਗਏ ਸਾਂ ਅਤੇ ਕੁਝ ਮਹੀਨੇ ਬਾਅਦ ਮੈਂ ਪ੍ਰੀਤੋ ਬਾਰੇ ਆਪਣੇ ਘਰੇ ਗੱਲ ਤੋਰ ਦਿੱਤੀ। ਪਹਿਲਾਂ ਪਹਿਲਾਂ ਤਾਂ ਮੇਰੀ ਕਾਫ਼ੀ ਲਾਹ-ਪਾਹ ਹੋਈ, ਪਰ ਫਿਰ ਮੇਰੇ ਬਾਪੂ ਜੀ ਨੇ ਪ੍ਰੀਤੋ ਦੇ ਪਿੰਡ ਕਿਸੇ ਨਾਲ ਜਾਣ-ਪਛਾਣ ਕੱਢ ਕੇ ਮੇਰੇ ਸਾਕ ਲਈ ਗੱਲ ਛੇੜੀ। ਫਿਰ ਜਲਦੀ ਹੀ ਜਨਵਰੀ 1947 ਨੂੰ ਮੇਰਾ ਤੇ ਪ੍ਰੀਤੋ ਦਾ ਵਿਆਹ ਹੋ ਗਿਆ। ਸਾਡੇ ਘਰ ਰੌਣਕਾਂ ਹੀ ਰੌਣਕਾਂ ਲੱਗੀਆਂ ਸਨ। ਸਾਡਾ ਸਾਰਾ ਹੀ ਪਰਿਵਾਰ ਬਹੁਤ ਖ਼ੁਸ਼ੀ ਖ਼ੁਸ਼ੀ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਕਿ ਇੱਕ ਦਿਨ ਇੱਕ ਖ਼ਬਰ ਨੇ ਸਾਡੇ ਦਿਲਾਂ ਵਿੱਚ ਐਸਾ ਡਰ ਪੈਦਾ ਕਰ ਦਿੱਤਾ ਜਿਸ ਨੇ ਸਾਡਾ ਸਾਰਾ ਹੱਸਦਾ ਵੱਸਦਾ ਪਰਿਵਾਰ ਉਜਾੜ ਦਿੱਤਾ।
ਇਹ ਖ਼ਬਰ ਸੀ ਕਿ ਸਾਡੇ ਦੇਸ਼ ਦੀ ਵੰਡ ਹੋ ਰਹੀ ਹੈ ਤੇ ਜਿਸ ਥਾਂ ਅਸੀਂ ਰਹਿੰਦੇ ਹਾਂ, ਉਹ ਨਵਾਂ ਦੇਸ਼ ਪਾਕਿਸਤਾਨ ਬਣ ਰਿਹਾ ਹੈ ਜਿੱਥੇ ਵਿੱਚ ਸਾਰੇ ਮੁਸਲਮਾਨ ਰਹਿਣਗੇ ਤੇ ਬਾਕੀ ਸਾਰੇ ਸਿੱਖ ਤੇ ਹਿੰਦੂ ਹਿੰਦੋਸਤਾਨ ਚਲੇ ਜਾਣਗੇ। ਇਸ ਖ਼ਬਰ ਨੇ ਸਾਨੂੰ ਅੰਦਰੋ-ਅੰਦਰ ਮਾਰ ਦਿੱਤਾ ਸੀ। ਮੈਂ ਬਹੁਤ ਦੁਖੀ ਸਾਂ ਕਿਉਂਕਿ ਮੈਂ ਆਪਣੀ ਜਨਮ ਭੋਇੰ ਨੂੰ ਨਹੀਂ ਸੀ ਛੱਡਣਾ ਚਾਹੁੰਦਾ। ਇਸ ਥਾਂ ਨਾਲ ਮੇਰੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਸਨ ਅਤੇ ਮੈਂ ਆਪਣੇ ਪਿਆਰੇ ਮਿੱਤਰ ਸਲੀਮ ਨੂੰ ਵੀ ਨਹੀਂ ਸੀ ਗੁਆਉਣਾ ਚਾਹੁੰਦਾ।
ਇਸ ਖ਼ਬਰ ਨਾਲ ਸਭ ਦੇ ਮਨਾਂ ਉੱਤੇ ਬਹੁਤ ਡੂੰਘਾ ਅਤੇ ਮਾੜਾ ਅਸਰ ਹੋਇਆ। ਲੋਕ ਰਾਤੋ-ਰਾਤ ਇੱਕ-ਦੂਜੇ ਦੇ ਦੁਸ਼ਮਣ ਬਣ ਗਏ ਜਿਸ ਕਾਰਨ ਥਾਂ ਥਾਂ ਆਪਸੀ ਝਗੜੇ ਹੋਣ ਲੱਗ ਗਏ। ਹਿੰਦੂ ਤੇ ਸਿੱਖ ਹਿੰਦੋਸਤਾਨ ਵੱਲ ਰਵਾਨਾ ਹੋ ਰਹੇ ਸਨ ਤੇ ਮੁਸਲਮਾਨ ਪਾਕਿਸਤਾਨ ਵੱਲ ਨੂੰ। ਪਾਕਿਸਤਾਨ ਵਿੱਚ ਹਿੰਦੂ ਸਿੱਖਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ ਅਤੇ ਉਨ੍ਹਾਂ ਦੀਆਂ ਧੀਆਂ ਭੈਣਾਂ ਨਾਲ ਜਬਰ ਜਨਾਹ ਹੋ ਰਹੇ ਸਨ। ਉੱਧਰ ਹਿੰਦੋਸਤਾਨ ਵਿੱਚ ਲੋਕ ਮੁਸਲਮਾਨਾਂ ਨੂੰ ਮਾਰ ਰਹੇ ਸਨ ਤੇ ਉਨ੍ਹਾਂ ਦੀਆਂ ਧੀਆਂ ਨਾਲ ਜਬਰ ਜਨਾਹ ਕਰ ਰਹੇ ਸਨ। ਉਸ ਸਮੇਂ ਦੌਰਾਨ ਹਰ ਜਗ੍ਹਾ ਖ਼ੂਨ ਹੀ ਖ਼ੂਨ ਨਜ਼ਰ ਆ ਰਿਹਾ ਸੀ। ਪਿੰਡਾਂ ਦੇ ਪਿੰਡ ਸ਼ਮਸ਼ਾਨ ਬਣ ਗਏ ਸਨ। ਘਰਾਂ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ। ਲੋਕਾਂ ਨੇ ਦੂਜਿਆਂ ਦੇ ਘਰਾਂ, ਜ਼ਮੀਨਾਂ ਉੱਤੇ ਕਬਜ਼ੇ ਕਰ ਲਏ ਸਨ। ਇਨਸਾਨੀਅਤ ਅਤੇ ਆਪਸੀ ਭਾਈਚਾਰਾ ਜਿਵੇਂ ਖ਼ਤਮ ਹੋ ਚੁੱਕਿਆ ਸੀ, ਹਾਲਾਂਕਿ ਬਹੁਤ ਸਾਰੀਆਂ ਮਿਸਾਲਾਂ ਇਸ ਦੇ ਉਲਟ ਵੀ ਸਨ।
ਹੋਰ ਲੋਕਾਂ ਵਾਂਗ ਮੇਰਾ ਵੀ ਹਿੰਦੋਸਤਾਨ ਜਾਣ ਨੂੰ ਭੋਰਾ ਦਿਲ ਨਹੀਂ ਸੀ ਮੰਨਦਾ, ਪਰ ਮਜਬੂਰਨ ਆਪਣੀ ਜਨਮ ਮਿੱਟੀ ਅਤੇ ਸਲੀਮ ਨੂੰ ਅਲਵਿਦਾ ਆਖ ਕੇ ਰੇਲ ਗੱਡੀ ਦੀ ਲੀਹ ਵੱਲ ਨੂੰ ਹੋ ਗਿਆ। ਅਸੀਂ ਬਚਦੇ ਬਚਾਉਂਦੇ ਰੇਲ ਗੱਡੀ ਕੋਲ ਪਹੁੰਚ ਗਏ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਭੀੜ ਬਹੁਤ ਜ਼ਿਆਦਾ ਹੋਣ ਕਰਕੇ ਵੇਖਦੇ ਹੀ ਵੇਖਦੇ ਅਸੀਂ ਇੱਕ-ਦੂਜੇ ਤੋਂ ਵੱਖ ਹੋ ਗਏ, ਪਰ ਪ੍ਰੀਤੋ ਮੇਰੇ ਨਾਲ ਸੀ। ਅਸੀਂ ਬਹੁਤ ਸਮਾਂ ਆਪਣੇ ਪਰਿਵਾਰ ਵਾਲਿਆਂ ਨੂੰ ਲੱਭਦੇ ਰਹੇ, ਪਰ ਉਨ੍ਹਾਂ ਦਾ ਕੋਈ ਅਤਾ ਪਤਾ ਨਾ ਲੱਗਿਆ। ਬਹੁਤ ਚਿਰ ਲੱਭਣ ਮਗਰੋਂ ਵੀ ਲੱਭ ਨਾ ਸਕੇ ਤਾਂ ਆਖ਼ਰ ਅਸੀਂ ਗੱਡੀ ਵਿੱਚ ਬੈਠ ਗਏ। ਗੱਡੀ ਵਿੱਚ ਵੀ ਹਿੰਦੂਆਂ-ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ, ਲੁਟੇਰੇ ਉਨ੍ਹਾਂ ਦੇ ਸਾਮਾਨ ਦੀ ਲੁੱਟ ਕਰ ਰਹੇ ਸਨ। ਵੇਖਦਿਆਂ ਹੀ ਵੇਖਦਿਆਂ ਸਾਡੇ ਉਪਰ ਵੀ ਹਮਲਾ ਹੋ ਗਿਆ। ਮੈਂ ਖ਼ਾਸੀ ਦੇਰ ਤੱਕ ਆਪਣਾ ਬਚਾਅ ਕਰਦਾ ਰਿਹਾ, ਪਰ ਇਕੱਲਾ ਕਿੰਨਾ ਕੁ ਸਮਾਂ ਆਪਣੀ ਜਾਨ ਬਚਾਉਂਦਾ। ਅੰਤ ਹਮਲਾਵਰਾਂ ਨੇ ਮੈਨੂੰ ਫੜ ਲਿਆ ਅਤੇ ਮੇਰੀਆਂ ਅੱਖਾਂ ਸਾਹਮਣੇ ਹੀ ਮੇਰੀ ਪ੍ਰੀਤੋ ਨੂੰ ਮਾਰ ਕੇ ਬਾਹਰ ਸੁੱਟ ਦਿੱਤਾ ਤੇ ਮੇਰੇ ‘ਤੇ ਵੀ ਹਮਲਾ ਕਰ ਮੈਨੂੰ ਵੀ ਚੱਲਦੀ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ।
ਤਕਰੀਬਨ ਚਾਰ ਕੁ ਦਿਨਾਂ ਬਾਅਦ ਜਦ ਮੈਨੂੰ ਹੋਸ਼ ਆਇਆ ਤਾਂ ਮੈਂ ਹਿੰਦੋਸਤਾਨ ਦੇ ਸ਼ਹਿਰ ਅੰਮ੍ਰਿਤਸਰ ਦੇ ਰਫਿਊਜੀ ਕੈਂਪ ਵਿੱਚ ਸਾਂ। ਮੇਰੇ ਬਹੁਤ ਸੱਟਾਂ ਲੱਗੀਆਂ ਹੋਈਆਂ ਸਨ। ਮੈਂ ਪੂਰੇ ਤਿੰਨ ਮਹੀਨੇ ਮੰਜੇ ਉੱਤੇ ਰਿਹਾ, ਇੱਕ ਲੱਤ ਅਤੇ ਇੱਕ ਹੱਥ ਟੁੱਟ ਚੁੱਕਾ ਸੀ, ਹੋਰ ਵੀ ਕਈ ਜ਼ਖ਼ਮ ਸਨ। ਮੈਨੂੰ ਠੀਕ ਹੋਣ ਵਿੱਚ ਬਹੁਤ ਸਮਾਂ ਲੱਗ ਗਿਆ। ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਮੈਂ ਹਿੰਦੋਸਤਾਨ ਵਿੱਚ ਆਪਣੇ ਪਰਿਵਾਰ ਨੂੰ ਬਹੁਤ ਲੱਭਿਆ। ਕਈ ਸਰਕਾਰੀ ਕੈਪਾਂ ਵਿੱਚੋਂ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਉੱਘ-ਸੁੱਘ ਨਾ ਨਿਕਲੀ। ਇਸ ਵੰਡ ਨੇ ਮੇਰੇ ਤੋਂ ਮੇਰਾ ਸਾਰਾ ਪਰਿਵਾਰ ਵੱਖ ਕਰ ਦਿੱਤਾ। ਪਤਾ ਨਹੀਂ ਰੱਬ ਨੇ ਮੈਨੂੰ ਕਿਉਂ ਬਚਾਅ ਲਿਆ ਸੀ ਉਸ ਵੇਲੇ!
ਅਪਰੈਲ 1967। ਅੱਜ ਪੂਰੇ 2 ਦਹਾਕੇ ਹੋ ਗਏ ਸਨ ਮੈਨੂੰ ਹਿੰਦੋਸਤਾਨ ਆਏ ਨੂੰ, ਪਰ ਇਨ੍ਹਾਂ ਦੋ ਦਹਾਕਿਆਂ ਵਿੱਚ ਵੀ ਮੇਰਾ ਦਿਲ ਓਧਰ ਮੇਰੇ ਪਿੰਡ ਵਿੱਚ ਹੀ ਧੜਕ ਰਿਹਾ ਸੀ। ਆਖ਼ਰਕਾਰ ਇੱਕ ਦਿਨ ਮੈਂ ਪਾਕਿਸਤਾਨ ਜਾ ਕੇ ਆਪਣੀ ਜਨਮ ਭੋਇੰ ਨੂੰ ਸਿਜਦਾ ਕਰਨ ਦਾ ਫ਼ੈਸਲਾ ਕੀਤਾ। ਮੈਂ ਕਈ ਮਹੀਨੇ ਲਗਾਤਾਰ ਸਰਕਾਰੀ ਦਫ਼ਤਰਾਂ ਵਿੱਚ ਪਾਕਿਸਤਾਨ ਜਾਣ ਸਬੰਧੀ ਅਰਜ਼ੀਆਂ ਪਾਉਂਦਾ ਰਿਹਾ। ਕਾਫੀ ਸਮੇਂ ਦੀ ਉਡੀਕ ਤੋਂ ਬਾਅਦ ਅੰਤ ਇੱਕ ਦਿਨ ਮੈਨੂੰ ਪਾਕਿਸਤਾਨ ਜਾਣ ਲਈ ਮਨਜ਼ੂਰੀ ਮਿਲ ਹੀ ਗਈ, ਪਰ ਉਹ ਵੀ ਸਿਰਫ਼ ਦਸ ਦਿਨਾਂ ਵਾਸਤੇ।
ਮੈਂ ਮਰਨ ਤੋਂ ਪਹਿਲਾਂ ਆਪਣੀ ਜਨਮ ਮਿੱਟੀ ਨੂੰ ਵੇਖਣਾ ਤੇ ਆਪਣੇ ਘਰ ਅਤੇ ਮੇਰੇ ਤੋਂ ਵਿਛੜ ਗਿਆਂ ਨੂੰ ਯਾਦ ਕਰਨਾ ਚਾਹੁੰਦਾ ਸੀ। ਮੇਰੇ ਕੰਨਾਂ ਵਿੱਚ ਅੱਜ ਵੀ ਪ੍ਰੀਤੋ ਦੀਆਂ ਉਹ ਚੀਕਾਂ ਗੂੰਜ ਰਹੀਆਂ ਸਨ। ਮੇਰਾ ਸਾਰਾ ਪਰਿਵਾਰ ਮੇਰੀਆਂ ਅੱਖਾਂ ਸਾਹਮਣੇ ਵਿੰਹਦਿਆਂ ਵਿੰਹਦਿਆਂ ਵੱਖ ਹੋ ਗਿਆ ਸੀ।
ਮੈਂ ਬਹੁਤ ਹਿੰਮਤ ਕਰ ਕੇ ਲੰਬੇ ਇੰਤਜ਼ਾਰ ਤੋਂ ਬਾਅਦ ਆਪਣੇ ਪਿੰਡ ਦੀ ਫਿਰਨੀ ਉੱਤੇ ਆ ਖਲੋਤਾ ਸੀ। ਮੇਰਾ ਘਰ ਅੱਜ ਵੀ ਪਿੰਡ ਦੀ ਫਿਰਨੀ ਤੋਂ ਉਸੇ ਤਰ੍ਹਾਂ ਦਿਸ ਰਿਹਾ ਸੀ, ਜਿਹੋ ਜਿਹਾ ਮੈਂ ਅੱਜ ਤੋਂ 20 ਵਰ੍ਹੇ ਪਹਿਲਾਂ ਛੱਡ ਕੇ ਗਿਆ ਸੀ ਅਤੇ ਨਾਲ ਹੀ ਸਲੀਮ ਦਾ ਘਰ ਵੀ ਓਦਾਂ ਦਾ ਹੀ ਦਿਸ ਰਿਹਾ ਸੀ। ਘਰ ਤਾਂ ਪਹਿਲਾਂ ਵਰਗੇ ਸਨ, ਪਰ ਮੈਨੂੰ ਪਹਿਲਾਂ ਵਰਗੀ ਚਹਿਲ-ਪਹਿਲ ਨਹੀਂ ਸੀ ਦਿਸ ਰਹੀ। ਮੇਰੀਆਂ ਅੱਖਾਂ ਅੱਗੇ ਮੇਰਾ ਬਚਪਨ ਘੁੰਮ ਰਿਹਾ ਸੀ, ਪਰ ਨਾਲ ਕੋਈ ਨਜ਼ਰੀਂ ਨਹੀਂ ਸੀ ਆ ਰਿਹਾ।
ਮੈਂ ਆਪਣੇ ਪਰਿਵਾਰ ਨੂੰ ਯਾਦ ਕਰ ਉੱਚੀ ਉੱਚੀ ਰੋਣ ਲੱਗ ਪਿਆ। ਮੈਂ ਮਰਦੇ ਦਮ ਤੱਕ ਉਸ ਭੈੜੀ ਵੰਡ ਨੂੰ ਨਹੀਂ ਭੁੱਲ ਸਕਦਾ ਜਿਸ ਨੇ ਮੇਰੇ ਤੋਂ ਮੇਰਾ ਸਭ ਕੁਝ ਖੋਹ ਲਿਆ।
ਮੈਨੂੰ ਰੋਂਦਿਆਂ ਵੇਖ 40 ਕੁ ਵਰ੍ਹਿਆਂ ਦਾ ਆਦਮੀ ਸਲੀਮ ਦੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਵੱਲ ਨੂੰ ਆਉਂਦਾ ਨਜ਼ਰ ਆਇਆ। ਉਹ ਬੰਦਾ ਆਉਂਦਾ ਹੀ ਮੇਰੇ ਗਲ਼ ਲੱਗ ਰੋਣ ਲੱਗ ਗਿਆ। ਪਹਿਲਾਂ ਤਾਂ ਮੇਰੀ ਪਛਾਣ ਵਿੱਚ ਨਾ ਆਇਆ। ਫਿਰ ਮੈਨੂੰ ਉਹਨੇ ਦੱਸਿਆ ਕਿ ਉਹ ਮੇਰਾ ਮਿੱਤਰ ਸਲੀਮ ਹੈ। ਮੈਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਸਲੀਮ ਮੇਰੇ ਸਾਹਮਣੇ ਖਲੋਤਾ ਹੈ। ਇੰਨੇ ਨੂੰ 60 ਕੁ ਸਾਲਾਂ ਦੀ ਇੱਕ ਔਰਤ ਬਾਹਰ ਆਈ। ਸਲੀਮ ਉਸ ਨੂੰ ਅੰਮੀ ਅੰਮੀ ਆਖ ਰਿਹਾ ਸੀ। ਜਿੰਨਾ ਕੁ ਮੈਨੂੰ ਪਤਾ ਸੀ, ਸਲੀਮ ਦੀ ਅੰਮੀ ਉਸ ਦੀ ਨਿੱਕੀ ਉਮਰ ਵਿੱਚ ਇੱਕ ਭੈੜੀ ਬਿਮਾਰੀ ਕਾਰਨ ਅੱਲ੍ਹਾ ਨੂੰ ਪਿਆਰੀ ਹੋ ਗਈ ਸੀ। ਫਿਰ ਇਹ ਔਰਤ ਕੌਣ ਸੀ ਜਿਸ ਨੂੰ ਸਲੀਮ ਅੰਮੀ ਸੱਦਦਾ ਸੀ। ਜਿਉਂ ਹੀ ਉਹ ਔਰਤ ਮੇਰੇ ਅੱਗੇ ਆਈ, ਮੈਂ ਧਾਹਾਂ ਮਾਰ ਕੇ ਰੋਣ ਲੱਗ ਪਿਆ। ਇਹ ਔਰਤ ਕੋਈ ਹੋਰ ਨਹੀਂ ਸਗੋਂ ਮੇਰੀ ਮਾਂ ਸੀ ਜਿਨ੍ਹਾਂ ਨੂੰ ਮੈਂ 20 ਵਰ੍ਹੇ ਪਹਿਲਾਂ ਗੁਆ ਚੁੱਕਿਆ ਸੀ। ਮੈਨੂੰ ਉਮੀਦ ਨਹੀਂ ਸੀ ਕਿ ਮੈਂ ਕਦੇ ਆਪਣੀ ਮਾਂ ਨੂੰ ਮੁੜ ਵੇਖ ਸਕਾਂਗਾ, ਪਰ ਰੱਬ ਨੇ ਅੱਜ ਮੇਰੀ ਅਰਦਾਸ ਸੁਣ ਲਈ ਸੀ।
ਮੈਨੂੰ ਮੇਰਾ ਬਾਕੀ ਪਰਿਵਾਰ ਕਿਤੇ ਵੇਖਣ ਨੂੰ ਨਾ ਮਿਲਿਆ। ਜਦੋਂ ਮੈਂ ਮਾਂ ਤੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਮਾਂ ਨੇ ਦੱਸਿਆ, ”ਤੇਰੇ ਪਿਤਾ, ਚਾਚੇ ਅਤੇ ਉਸ ਦੇ ਦੋਵੇਂ ਮੁੰਡਿਆਂ ਨੂੰ ਹਮਲਾਵਰਾਂ ਨੇ ਮਾਰ ਦਿੱਤਾ ਸੀ, ਪਰ ਮੈਂ ਕਿਸੇ ਨਾ ਕਿਸੇ ਤਰੀਕੇ ਬਚ ਬਚਾ ਕੇ ਸਲੀਮ ਹੋਰਾਂ ਦੇ ਘਰ ਆ ਗਈ। ਇਸ ਤੋਂ ਬਾਅਦ ਆਪਣੀ ਜਾਨ ਬਚਾਉਣ ਅਤੇ ਤੈਨੂੰ ਮਿਲਣ ਦੀ ਆਸ ਵਿੱਚ ਸਲੀਮ ਦੇ ਬਾਪੂ ਨਾਲ ਨਿਕਾਹ ਕਰਵਾ ਲਿਆ। ਮੈਨੂੰ ਖ਼ੁਸ਼ੀ ਵੀ ਬਹੁਤ ਸੀ ਕਿ ਆਖ਼ਰ ਮੈਨੂੰ ਮੇਰੀ ਮਾਂ ਮੁੜ ਮਿਲ ਗਈ, ਪਰ ਕਿਤੇ ਨਾ ਕਿਤੇ ਦੁੱਖ ਵੀ ਸੀ ਕਿ ਮੈਂ ਆਪਣੇ ਬਾਕੀ ਸਾਰੇ ਪਰਿਵਾਰ ਨੂੰ ਸਦਾ ਲਈ ਗੁਆ ਚੁੱਕਾ।
ਸੰਪਰਕ: 98889-49201