ਇਮਰਾਨ ਖ਼ਾਨ ਨੇ ਆਲਮੀ ਤਣਾਅ ਦੇ ਮੱਦੇਨਜ਼ਰ ਪ੍ਰਦਰਸ਼ਨਾਂ ਨੂੰ ਦੋ ਹਫ਼ਤਿਆਂ ਲਈ ਟਾਲਿਆ
ਇਸਲਾਮਾਬਾਦ, 18 ਜੂਨ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਰਾਨ-ਇਜ਼ਰਾਈਲ ਸੰਘਰਸ਼ ਨੂੰ ਲੈ ਕੇ ਜਾਰੀ ਆਲਮੀ ਘਟਨਾਕ੍ਰਮ ਦੇ ਮੱਦੇਨਜ਼ਰ ਆਪਣੀ ਪਾਰਟੀ ਦੇ ਪ੍ਰਸਤਾਵਿਤ ਦੇਸ਼ਿਵਆਪੀ ਵਿਰੋਧ-ਪ੍ਰਦਰਸ਼ਨਾਂ ਨੂੰ ਦੋ ਹਫ਼ਤਿਆਂ ਲਈ ਟਾਲ ਦਿੱਤਾ ਹੈ। ਖਾਨ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਖਾਨ ਨੇ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਕੇਂਦਰ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਖ਼ਿਲਾਫ਼ ਆਪਣੀ ਪਾਰਟੀ ਦੇ ਆਗਾਮੀ ਵਿਰੋਧ-ਪ੍ਰਦਰਸ਼ਨ ਦੀ ਅਗਵਾਈ ਜੇਲ੍ਹ ਤੋਂ ਕਰਨਗੇ। ਹਾਲਾਂਕਿ, ਵਿਰੋਧ-ਪ੍ਰਦਰਸ਼ਨ ਦੀ ਕਿਸੇ ਨਿਰਧਾਰਤ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਸੀ। ‘ਦਿ ਨਿਊਜ਼ ਇੰਟਰਨੈਸ਼ਨਲ’ ਅਖ਼ਬਾਰ ਦੀ ਖ਼ਬਰ ਮੁਤਾਬਕ, ਖਾਨ ਦੀ ਭੈਣ ਨੌਰੀਨ ਨਿਆਜ਼ੀ ਨੇ ਮੰਗਲਵਾਰ ਨੂੰ ਅਡਿਆਲਾ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੀਟੀਆਈ ਮੁਖੀ ਨੇ ਇਰਾਨ-ਇਜ਼ਰਾਈਲ ਸੰਘਰਸ਼ ਨੂੰ ਲੈ ਕੇ ਮੌਜੂਦਾ ਕੌਮਾਂਤਰੀ ਘਟਨਾਕ੍ਰਮ ਦੇ ਮੱਦੇਨਜ਼ਰ ਪ੍ਰਸਤਾਵਿਤ ਦੇਸ਼ਿਵਆਪੀ ਅੰਦੋਲਨ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ ਅਤੇ ਵਧਦੇ ਖੇਤਰੀ ਤਣਾਅ ਦਰਮਿਆਨ ਕੌਮੀ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਨਿਆਜ਼ੀ ਨੇ ਕਿਹਾ, ‘‘ਇਮਰਾਨ ਖਾਨ ਆਲਮੀ ਘਟਨਾਕ੍ਰਮ ਤੋਂ ਜਾਣੂ ਹਨ ਅਤੇ ਉਨ੍ਹਾਂ ਨੇ ਕੌਮੀ ਏਕਤਾ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਹੈ।’’ -ਪੀਟੀਆਈ