ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕਬਾਲ ਦੀ ਉਮਦਾ ਸ਼ਾਇਰੀ

06:33 AM Aug 06, 2023 IST

ਮਨਮੋਹਨ ਸਿੰਘ ਦਾਊਂ

ਗ਼ਾਲਬਿ ਅਤੇ ਡਾ. ਇਕਬਾਲ ਉਰਦੂ ਦੇ ਬੇਹੱਦ ਮਕਬੂਲ ਸ਼ਾਇਰ ਹੋਏ ਹਨ। ਹਰ ਕੋਈ ਉਨ੍ਹਾਂ ਦੇ ਸ਼ਿਅਰਾਂ ਨੂੰ ਲੋੜ ਅਤੇ ਮੌਕੇ ਅਨੁਸਾਰ ਪੇਸ਼ ਕਰ ਕੇ ਗੌਰਵ ਮਹਿਸੂਸ ਕਰਦਾ ਹੈ। ਡਾ. ਇਕਬਾਲ ਨੂੰ ਉਸ ਦੀ ਪ੍ਰਸਿੱਧ ਕਾਵਿ-ਰਚਨਾ ‘ਬਾਲਿ ਜਬਿਰੀਲ’ ਰਾਹੀਂ ਯਾਦ ਕਰਨਾ ਬਣਦਾ ਹੈ।
ਡਾਕਟਰ ਮੁਹੰਮਦ ਇਕਬਾਲ ਦੇ ਪੁਰਖੇ ਕਸ਼ਮੀਰ ਤੋਂ ਚੱਲ ਕੇ ਸਿਆਲਕੋਟ ਵੱਸ ਗਏ ਸਨ। ਸਪਰੂ ਗੋਤ ਦੇ ਕਸ਼ਮੀਰੀ ਬ੍ਰਾਹਮਣਾਂ ਦੇ ਪਿਛੋਕੜ ਤੋਂ ਇਸਲਾਮ ਮਤ ਧਾਰਨ ਕਰਿਆਂ, ਚਾਰ ਸੌ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਸ਼ੇਖ ਨੂਰ ਮੁਹੰਮਦ ਦਾ ਛੋਟਾ ਬੇਟਾ ਮੁਹੰਮਦ ਇਕਬਾਲ ਸੀ ਜਿਸ ਦਾ ਜਨਮ 1873 ਈਸਵੀ ’ਚ ਸਿਆਲਕੋਟ ਵਿਖੇ ਹੋਇਆ। ਆਪ ਦੇ ਪਿਤਾ ਨੇ ਆਪ ਨੂੰ ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਦੀ ਸਿੱਖਿਆ ਗ੍ਰਹਿਣ ਕਰਵਾਈ। ਮੌਲਵੀ ਸੱਯਦ ਮੀਰ ਹਸਨ ਆਪਣੇ ਸਮੇਂ ਦੇ ਵਿਦਵਾਨ ਅਧਿਆਪਕ ਸਨ ਜਿਨ੍ਹਾਂ ਨੇ ਮੁਹੰਮਦ ਇਕਬਾਲ ਨੂੰ ਫ਼ਾਰਸੀ ਤੇ ਅਰਬੀ ਦੀ ਤਾਲੀਮ ਵਿਚ ਪਰਪੱਕ ਕੀਤਾ। ਇਸ ਦਾ ਅਹਿਸਾਨ ਮੁਹੰਮਦ ਇਕਬਾਲ ਤਾ-ਜ਼ਿੰਦਗੀ ਮੰਨਦੇ ਰਹੇ। ਗੌਰਮਿੰਟ ਕਾਲਜ ਲਾਹੌਰ ’ਚ ਅੰਗਰੇਜ਼ ਪ੍ਰੋਫੈਸਰ ਮਿਸਟਰ ਆਰਨਲਡ ਤੋਂ ਫਿਲਾਸਫ਼ੀ ਵਿਸ਼ੇ ’ਚ ਬੀ.ਏ. ਕੀਤੀ। ਅਰਬੀ ਤੇ ਅੰਗਰੇਜ਼ੀ ’ਚ ਅੱਵਲ ਰਹਿਣ ਕਰਕੇ ਦੋ ਸੋਨੇ ਦੇ ਤਗਮੇ ਹਾਸਲ ਕੀਤੇ। ਐਮ.ਏ. ਦੀ ਪ੍ਰੀਖਿਆ ’ਚ ਵੀ ਚੰਗੇ ਨੰਬਰ ਹਾਸਲ ਕਰਕੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਤੀਖਣ ਬੁੱਧੀ ਤੇ ਮਿਹਨਤੀ ਹੋਣ ਕਾਰਨ ਮੁਹੰਮਦ ਇਕਬਾਲ ਦੀ ਪੈਂਠ ਬਣੀ ਰਹੀ।
ਲਾਹੌਰ ਵਿਚ ਉਰਦੂ ਦੇ ਮੁਸ਼ਾਇਰਿਆਂ ’ਚ ਸ਼ਿਰਕਤ ਕਰਨ ਕਰ ਕੇ ਡਾ. ਇਕਬਾਲ ਦਾ ਨਾਂ ਚਮਕ ਉੱਠਿਆ। ਆਪ ਦੀਆਂ ਦੋ ਨਜ਼ਮਾਂ ‘ਕੋਹ ਹਿਮਾਲਾ’ ਅਤੇ ‘ਹਿੰਦੁਸਤਾਨ ਹਮਾਰਾ’ ਬਹੁਤ ਹੀ ਲੋਕ-ਚਰਚਿਤ ਹੋਈਆਂ ਤੇ ਆਪ ਦਾ ਨਾਂ ਚੋਟੀ ਦੇ ਸ਼ਾਇਰਾਂ ਵਿਚ ਗਿਣਿਆ ਜਾਣ ਲੱਗਾ। ਬਾਈ ਸਾਲ ਦੀ ਉਮਰੇ ਸ਼ਿਅਰ ਪੜ੍ਹਦਿਆਂ, ਉਸ ਸਮੇਂ ਦੇ ਪ੍ਰਸਿੱਧ ਸ਼ਾਇਰ ਮਿਰਜ਼ਾ ਅਰਸ਼ਦ ਗੋਰਮਾਨੀ ਨੇ ਆਪ ਨੂੰ ਕਾਬਲਿ-ਤਾਰੀਫ਼ ਸਮਝਿਆ। ਇਹ ਦੌਰ ਲਾਹੌਰ ’ਚ ਉਰਦੂ ਦੀ ਸ਼ਾਇਰੀ ਦਾ ਸਿਖਰ ਸੀ ਤੇ ਮੁਹੰਮਦ ਇਕਬਾਲ ਨੂੰ ਸੁਣਨ ਲਈ ਸਰੋਤੇ ਬਿਹਬਲ ਹੁੰਦੇ ਸਨ। ਉਨ੍ਹਾਂ ਦੀ ਸੰਜੀਦਗੀ ਹੀ ਉਨ੍ਹਾਂ ਦੀ ਸ਼ੈਲੀ ਸੀ।
ਸ਼ੁਰੂ ਤੋਂ ਹੀ ਇਕਬਾਲ ਸਾਧਾਰਨ ਤੇ ਧਾਰਮਿਕ ਜੀਵਨ ਨੂੰ ਤਰਜੀਹ ਦੇਣ ਵਾਲੇ ਸਨ। ਸਲਵਾਰ, ਕੁੜਤਾ ਤੇ ਸਾਫ਼ਾ ਆਪ ਦੀ ਪੁਸ਼ਾਕ ਹੁੰਦੀ ਸੀ। ਵਿਦਿਆਰਥੀ ਜੀਵਨ ਵਿਚ ਵੀ ਸਵੇਰੇ ਉੱਠ ਕੇ ਨਮਾਜ਼ ਪੜ੍ਹਦੇ ਤੇ ਫਿਰ ਕੁਰਾਨ ਸ਼ਰੀਫ਼ ਦੀ ਉੱਚੀ ਆਵਾਜ਼ ਵਿਚ ਤਲਾਵਤ ਕਰਦੇ ਸਨ। ਵਲਾਇਤ ਜਾ ਕੇ ਅੰਗਰੇਜ਼ੀ ਪੁਸ਼ਾਕ ਵੀ ਪਹਿਨੀ, ਪਰ ਵਤਨ ਪਰਤ ਕੇ ਸਲਵਾਰ, ਕਮੀਜ਼, ਫਰਾਕ ਕੋਟ ਨਾਲ ਤੁਰਕੀ ਟੋਪੀ ਪਹਿਨਦੇ ਰਹੇ।
1905 ’ਚ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਤੋਂ ਫਿਲਾਸਫ਼ੀ ਦੀ ਪ੍ਰੀਖਿਆ ਪਾਸ ਕੀਤੀ। ਉੱਥੇ ਉਨ੍ਹਾਂ ਨੇ ਇਰਾਨ ਦੇ ਫਲਸਫ਼ੇ ਬਾਰੇ ਇਕ ਪੁਸਤਕ ਲਿਖੀ ਜਿਸ ’ਤੇ ਜਰਮਨੀ ਦੀ ਮਿਊਨਿਖ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਪੀਐੱਚ.ਡੀ. ਦੀ ਡਿਗਰੀ ਦਿੱਤੀ। ਇੰਗਲੈਂਡ ਵਿਚ ਪ੍ਰੋਫੈਸਰ ਆਰਨਲਡ ਦੀ ਥਾਂ ਲੰਡਨ ਯੂਨੀਵਰਸਿਟੀ ’ਚ ਛੇ ਮਹੀਨੇ ਅਰਬੀ ਪੜ੍ਹਾਈ। ਇੰਗਲੈਂਡ ਤੋਂ ਪਰਤਣ ’ਤੇ ਲਾਹੌਰ ਗੌਰਮਿੰਟ ਕਾਲਜ ’ਚ ਪੰਜ ਸੌ ਰੁਪਏ ਤਨਖ਼ਾਹ ’ਤੇ ਪੜ੍ਹਾਇਆ। ਇੱਥੇ ਮੁਹੰਮਦ ਇਕਬਾਲ ਨੇ ਫ਼ਾਰਸੀ ਵਿਚ ਨਜ਼ਮਾਂ ਲਿਖਣ ਵੱਲ ਵਧੇਰੇ ਧਿਆਨ ਲਾਇਆ। ਉਰਦੂ ਨਾਲੋਂ ਫ਼ਾਰਸੀ ਦਾ ਘੇਰਾ ਵਿਸ਼ਾਲ ਹੋਣ ਕਰਕੇ ਆਪ ਨੇ ਫ਼ਾਰਸੀ ’ਚ ਆਪਣੇ ਕਲਾਮ ਨੂੰ ਪਹਿਲ ਦਿੱਤੀ। ‘ਬਾਲਿ ਜਬਿਰੀਲ’ ਇਕਬਾਲ ਦੀ ਉੱਤਮ ਸ਼ਾਇਰੀ ਦਾ ਸਿਖਰ ਮੰਨੀ ਜਾਂਦੀ ਹੈ। ਕਾਲਜ ਦੀ ਪ੍ਰੋਫੈਸਰੀ ਤੋਂ ਅਸਤੀਫ਼ਾ ਦੇ ਕੇ, ਆਪ ਨੇ ਵਕਾਲਤ ਕਰਨ ਵੱਲ ਧਿਆਨ ਦਿੱਤਾ, ਪਰ ਇਹ ਕਿੱਤਾ ਸਿਰਫ਼ ਰੋਟੀ-ਰੋਜ਼ੀ ਲਈ ਹੀ ਕੀਤਾ। ਪਹਿਲੀ ਆਲਮੀ ਜੰਗ ਨੇ ਡਾ. ਇਕਬਾਲ ਨੂੰ ਬੜਾ ਬੇਚੈਨ ਕੀਤਾ। ਇਸ ਦੌਰ ਦੀਆਂ ਦੋ ਨਜ਼ਮਾਂ ‘ਅਸਰਾਰੇ ਖ਼ੁਦੀ’ ਅਤੇ ‘ਰੁਮੂਜ਼ੇ ਬੇਖ਼ੁਦੀ’ ਮਨੁੱਖਤਾ ਦੀ ਵਡਿਆਈ ਦੇ ਪ੍ਰਸੰਗ ਵਿਚ ਲਿਖੀਆਂ। ਇਕਬਾਲ ਦਾ ਇਹ ਹੋਕਾ ਸੀ ਕਿ ਲੋਕੋ ਆਪਣੇ ਆਪ ਨੂੰ ਪਛਾਣੋ, ਘਾਲਣਾ ਘਾਲ ਕੇ ਅੱਗੇ ਵਧੋ। ਜੀਵਨ ਨੂੰ ਮਾਣੋ, ਜੀਵਨ ਸੰਘਰਸ਼ ਦਾ ਅਖਾੜਾ ਹੈ। ਹਿੰਦੁਸਤਾਨ ਦੀ ਹਕੂਮਤ ਨੇ ਆਪ ਦੀ ਵਿਦਵਤਾ ਤੇ ਸ਼ਾਇਰੀ ਨੂੰ ਮੁੱਖ ਰੱਖਦਿਆਂ (1922 ’ਚ) ‘ਸਰ’ ਦਾ ਖਿ਼ਤਾਬ ਦਿੱਤਾ। ਸਾਰੀ ਕੌਮ ਆਪ ਨੂੰ ‘ਅੱਲਾਮਾ ਇਕਬਾਲ’ ਕਹਿਣ ’ਚ ਮਾਣ ਸਮਝਦੀ ਸੀ। ਅੰਤਲੇ ਸਾਲਾਂ ਵਿਚ ਡਾ. ਇਕਬਾਲ ਨੂੰ ਕਈ ਬਿਮਾਰੀਆਂ ਨੇ ਆ ਘੇਰਿਆ। ਇਲਾਜ ਕਰਵਾਇਆ। ਆਖ਼ਰ 65 ਸਾਲ ਦੀ ਉਮਰ ਭੋਗਦਿਆਂ 21 ਅਪਰੈਲ 1938 ਨੂੰ ਅਲਵਿਦਾ ਕਹਿ ਗਏ। ਲਾਹੌਰ ਦੀ ਸ਼ਾਹੀ ਮਸਜਿਦ ਪਾਸ ਆਪ ਨੂੰ ਦਫ਼ਨਾਇਆ ਗਿਆ। ਦੱਸਿਆ ਜਾਂਦਾ ਹੈ ਕਿ ਆਪ ਦੇ ਜਨਾਜ਼ੇ ਨਾਲ ਲਗਪਗ ਸੱਠ ਹਜ਼ਾਰ ਵਿਅਕਤੀ ਸ਼ਾਮਲ ਸਨ। ਉਨ੍ਹਾਂ ਦਾ ਮਸ਼ਹੂਰ ਸ਼ਿਅਰ ਹੈ:
ਨ: ਤਖਤੁ ਤਾਜ ਮੇਂ, ਨੈ ਲਸ਼ਕੋਰ ਸਿਪਾਹ ਮੇਂ ਹੈ,
ਜੋ ਬਾਤ ਮਰਦਿ ਕਲੰਦਰ ਕੀ ਬਾਰ-ਗਾਹ ਮੇਂ ਹੈ।
ਇਕ ਹੋਰ ਥਾਂ ਡਾ. ਇਕਬਾਲ ਲਿਖਦੇ ਹਨ:
ਇਸ ਖ਼ਾਕ ਕੋ ਅੱਲਾਹ ਨੇ ਬਖਸ਼ੇ ਹੈਂ ਵੁਹ ਆਂਸੂ,
ਕਰਤੀ ਹੈ ਚਮਕ ਜਿਨ ਕੀ ਸਿਤਾਰੋਂ ਕੀ ਅਰਕ-ਨਾਕ।
ਮੁਹੱਬਤ ਦੀ ਪਾਕ-ਪਵਿੱਤਰ ਅਵਸਥਾ ਬਾਰੇ ਲਿਖਦੇ ਹਨ:
ਇਸ਼ਕ ਕੇ ਮਿਜ਼ਰਾਬ ਸੇ, ਨਗਮਇ ਤਾਰੇ ਹਯਾਤ,
ਇਸ਼ਕ ਸੇ ਨੂਰੇ ਹਯਾਤ, ਇਸ਼ਕੇ ਸੇ ਨਾਰੇ ਹਯਾਤ।
ਪੁਸਤਕ ਦੇ ਰੁਬਾਇਯਾਤ ’ਚੋਂ ਉਨ੍ਹਾਂ ਦਾ ਕਲਾਮ ਬੰਦੇ ਦੀ ਖ਼ੁਦੀ ਨੂੰ ਸੰਬੋਧਨ ਹੁੰਦਾ:
ਖ਼ੁਦੀ ਕੇ ਜ਼ੋਰ ਸੇ ਦੁਨਯਾ ਖਿ: ਛਾ ਜਾ,
ਮੁਕਾਮੇ ਰੰਗੁ ਬੂ ਕਾ ਰਾਜ਼ ਪਾ ਜਾ,
ਬਰੰਗੇ ਬਹਰ ਸਾਹਿਲ-ਆਸ਼ਨਾ ਰਹ
ਕਫ਼ੇ ਸਾਹਿਲ ਸੇ ਦਾਮਨ ਖੈਂਚਤਾ ਜਾ।
ਆਪਣੇ ਆਪ ਦੀ ਦਰਵੇਸ਼ੀ ਅਤੇ ਬੇਮੁਥਾਜੀ ਬਾਰੇ ਬਹੁਤ ਸਪਸ਼ਟ ਕਰਦੇ ਹੋਏ ਡਾ. ਇਕਬਾਲ ਆਪਣੇ ਨਾਂ ਦੇ ਡੂੰਘੇ ਅਰਥ ਵੀ ਸਮਝਾ ਜਾਂਦੇ ਹਨ:
ਕਹਾਂ ਸੇ ਤੂ ਨੇ ਐ ‘ਇਕਬਾਲ’ ਸੀਖੀ ਹੈ ਯਿ: ਦਰਵੇਸ਼ੀ,
ਕਿ: ਚਰਚਾ ਪਾਦਸ਼ਾਹੋਂ ਮੇਂ ਹੈ ਤੇਰੀ ਬੇ-ਨਿਯਾਜ਼ੀ ਕਾ।
ਡਾ. ਇਕਬਾਲ ਦੀ ਫ਼ਾਰਸੀ ਸ਼ਾਇਰੀ ਦਾ ਕੋਈ ਮੁਕਾਬਲਾ ਨਹੀਂ। ਉਸ ਕੋਲ ਡੂੰਘਾ ਅਨੁਭਵ ਅਤੇ ਚਿੰਤਨ ਸੀ। ਕਿਤੇ-ਕਿਤੇ ਉਸ ਦੀ ਸ਼ਾਇਰੀ ਬਹੁਤ ਸਰਲ ਸ਼ਬਦਾਂ ਵਿਚ ਪੜ੍ਹੀ ਤੇ ਮਾਣੀ ਜਾ ਸਕਦੀ ਹੈ। ਕੁਝ ਰੰਗ ਇਸ ਤਰ੍ਹਾਂ ਦਾ ਵੀ ਹੈ:
ਮਨ ਕੀ ਦੌਲਤ ਹਾਥ ਆਤੀ ਹੈ
ਤੋ ਫਿਰ ਜਾਤੀ ਨਹੀਂ
ਤਨ ਕੀ ਦੌਲਤ ਛਾਉਂ ਹੈ
ਆਤਾ ਹੈ ਧਨ, ਜਾਤਾ ਹੈ ਧਨ।
ਡਾ. ਇਕਬਾਲ ਖ਼ੁਦਾ ਨੂੰ ਅਰਜੋਈ ਕਰਦਾ ਸਵੈ-ਰੌਸ਼ਨ ਹੋਣ ਲਈ ਕਹਿੰਦਾ ਹੈ:
ਖੁਦਾਯਾ ਆਰਜ਼ੂ ਮੇਰੀ ਯਹੀ ਹੈ
ਮਿਰਾ ਨੂਰੇ ਬਸੀਰਤ* ਆਮ ਕਰਦੇ।
* ਅੰਦਰ ਦੀ ਅੱਖ ਦਾ ਪ੍ਰਕਾਸ਼
‘ਬਾਲਿ ਜਬਿਰੀਲ’ ਨੂੰ ਭਾਸ਼ਾ ਵਿਭਾਗ, ਪੰਜਾਬ ਨੇ 1962 ’ਚ ਬੜੀ ਜ਼ਿੰਮੇਵਾਰੀ ਨਾਲ ਪੰਜਾਬੀ ਵਿਚ ਲਿਪੀਅੰਤਰ ਕਰਵਾਇਆ ਸੀ। ਅਜਿਹੀ ਸ਼ਾਇਰੀ ਨੂੰ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰਨਾ ਇਕ ਚੰਗਾ ਉੱਦਮ ਹੈ।
ਸੰਪਰਕ: 98151-23900

Advertisement

Advertisement