ਆਲ੍ਹਣੇ
ਛੁੱਟੀ ਹੋਣ ਕਾਰਨ ਘਰ ਦੇ ਪਿਛਲੇ ਵਿਹੜੇ ਵਿੱਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ; ਅਚਾਨਕ ਘਰਵਾਲੀ ਦੀ ਅੰਦਰੋਂ ਆਵਾਜ਼ ਆਈ- “ਸੁਣੋ ਜੀ, ਏਸੀ ਵਾਲੇ ਨੂੰ ਫੋਨ ਕਰ ਦਿਉ, ਅੱਜ ਸਾਰੇ ਏਸੀ-ਆਂ ਦੀ ਸਰਵਿਸ ਕਰਵਾ ਲਈਏ... ਗਰਮੀ ਵਧ ਰਹੀ ਐ, ਤੇ ਕਦੇ ਵੀ ਏਸੀ ਚਲਾਉਣ ਦੀ ਲੋੜ ਪੈ ਸਕਦੀ ਹੈ।” ਇਹ ਸੁਣਦਿਆਂ ਹੀ ਮੈਨੂੰ ਧਿਆਨ ਆਇਆ ਕਿ ਸਾਡੇ ਏਸੀ ਦੇ ਬਾਹਰ ਵਾਲੇ ਪੱਖੇ ਪਿੱਛੇ ਤਾਂ ਘੁੱਗੀਆਂ ਨੇ ਆਲ੍ਹਣਾ ਬਣਾਇਆ ਹੋਇਆ ਹੈ ਜੋ ਪਿਛਲੇ ਦੋ-ਢਾਈ ਮਹੀਨਿਆਂ ਤੋਂ ਉੱਥੇ ਹੈ ਅਤੇ ਮੈਂ ਘੁੱਗੀ ਵੀ ਆਲ੍ਹਣੇ ਵਿੱਚ ਬੈਠੀ ਦੇਖੀ ਸੀ। ਪਿਛਲੇ ਚਾਰ ਪੰਜ ਸਾਲਾਂ ਤੋਂ ਇਹੀ ਸਿਲਸਿਲਾ ਚੱਲ ਰਿਹੈ, ਇਹ ਹਰ ਸਾਲ ਸਾਡੇ ਘਰੇ ਇਸੇ ਟਿਕਾਣੇ ’ਤੇ ਆ ਕੇ ਆਲ੍ਹਣਾ ਬਣਾਉਂਦੇ ਹਨ, ਤੇ ਅਸੀਂ ਵੀ ਜਦੋਂ ਤੱਕ ਬੱਚੇ ਉਡਣ ਨਹੀਂ ਲੱਗ ਜਾਂਦੇ, ਉਨ੍ਹਾਂ ਦਾ ਪੂਰਾ ਖਿਆਲ ਰੱਖਦੇ ਹਾਂ।
ਇਹ ਸੋਚਦਿਆਂ ਹੀ ਮੈਂ ਕੁਝ ਪੁਰਾਣੇ ਖਿਆਲਾਂ ਵਿੱਚ ਗੁਆਚ ਗਿਆ ਅਤੇ ਆਪਣੇ ਪਿੰਡ ਵਿੱਚ ਗੁਜ਼ਾਰੇ ਬਚਪਨ ਬਾਰੇ ਸੋਚਣ ਲੱਗ ਪਿਆ। ਕਿਵੇਂ ਅਸੀਂ ਸਾਰੇ (ਪੂਰਾ ਕੋੜਮਾ) ਤਾਏ-ਤਾਈਆਂ, ਚਾਚੇ-ਚਾਚੀਆਂ ਅਤੇ ਉਨ੍ਹਾਂ ਦੇ ਬੱਚੇ ਇਕੱਠੇ ਰਹਿੰਦੇ ਸੀ। ਸਾਡੇ ਬਾਬੇ (ਦਾਦਾ ਜੀ) ਦਾ ਪਰਿਵਾਰ ’ਤੇ ਪੂਰਾ ਰੋਅਬ ਹੁੰਦਾ ਸੀ। ਸਾਰੇ ਬੱਚੇ ਬਾਬਾ ਜੀ ਦੇ ਖੂੰਡੇ ਤੋਂ ਡਰਦੇ ਸਨ। ਕੋਈ ਵੀ ਉਨ੍ਹਾਂ ਦੀ ਗੱਲ ਨੂੰ ਨਾਂਹ ਨਹੀਂ ਸੀ ਕਹਿੰਦਾ। ਉਨ੍ਹਾਂ ਨੇ ਪਰਿਵਾਰ ਨੂੰ ਜੋੜ ਕੇ ਵੀ ਰੱਖਿਆ ਹੋਇਆ ਸੀ। ਸਮਾਂ ਬੀਤਣ ਨਾਲ ਬਾਬਾ ਜੀ ਦਾ ਸਰੀਰ ਅਤੇ ਨਿਗ੍ਹਾ ਵੀ ਕਮਜ਼ੋਰ ਹੋ ਗਈ। ਬਾਪੂ ਜੀ (ਪਿਤਾ ਜੀ) ਨੇ ਸਾਡੇ ਤਿੰਨਾਂ ਭੈਣ-ਭਰਾਵਾਂ ਦੀ ਪੜ੍ਹਾਈ ਅਤੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਸਾਨੂੰ ਪਿੰਡ ਤੋਂ ਪਟਿਆਲੇ ਸ਼ਹਿਰ ਰਹਿਣ ਲਈ ਲਿਆਂਦਾ ਪਰ ਪਿੰਡ ਨਾਲੋਂ ਮੋਹ ਨਾ ਟੁੱਟਿਆ ਅਤੇ ਪਿੰਡ ਅਕਸਰ ਹਰ ਦੁੱਖ-ਸੁੱਖ ਵਿੱਚ ਆਉਣਾ-ਜਾਣਾ ਲੱਗਿਆ ਰਹਿੰਦਾ ਸੀ।
ਮੈਨੂੰ ਪੜ੍ਹਾਈ ਲਈ ਘਰੋਂ ਦੂਰ ਲੌਂਗੋਵਾਲ ਹੋਸਟਲ ਜਾਣਾ ਪਿਆ, ਪੜ੍ਹਾਈ ਪੂਰੀ ਕਰਦਿਆਂ ਹੀ ਮੇਰੀ ਨੌਕਰੀ ਲੱਗ ਗਈ ਅਤੇ ਫਿਰ ਸਮੇਂ ਨਾਲ ਵਿਆਹ। ਅਸੀਂ ਦੋਨੋਂ ਮੀਆਂ-ਬੀਵੀ ਨੇ ਨੌਕਰੀ ਕਰਦੇ ਹੋਣ ਕਾਰਨ ਆਪਣੇ ਸ਼ਹਿਰ ਵਾਲੇ ਘਰ ਤੋਂ ਰੋਜ਼ਾਨਾ ਡਿਊਟੀ ’ਤੇ ਆਉਣਾ-ਜਾਣਾ ਹੁੰਦਾ ਸੀ। ਘਰ ਸ਼ਹਿਰ ਦੇ ਬਿਲਕੁਲ ਵਿੱਚੋ-ਵਿੱਚ ਮੁੱਖ ਬਾਜ਼ਾਰ ਵਿੱਚ ਸੀ ਜਿਥੋਂ ਰੋਜ਼ਾਨਾ ਆਉਣ-ਜਾਣ ਵਿਚ ਮੁਸ਼ਕਿਲ ਹੁੰਦੀ ਸੀ। ਬਾਪੂ ਜੀ ਅਤੇ ਘਰ ਦੇ ਬਾਕੀ ਜੀਆਂ ਨਾਲ ਸਲਾਹ ਕਰ ਕੇ ਮੁਸ਼ਕਿਲਾਂ ਤੋਂ ਨਿਜਾਤ ਪਾਉਣ ਲਈ ਸ਼ਹਿਰ ਦੇ ਭੀੜ-ਭੜੱਕੇ ਤੋਂ ਦੂਰ ਅਰਬਨ ਅਸਟੇਟ ਪਟਿਆਲਾ ਵਿੱਚ ਘਰ ਬਣਾ ਲਿਆ ਪਰ ਮੋਹ ਦੀਆਂ ਤੰਦਾਂ ਹੋਰ ਵਧ ਗਈਆਂ... ਪਿੰਡ ਵੀ ਜਾਣਾ ਅਤੇ ਆਪਣੇ ਪੁਰਾਣੇ ਮੁੱਖ ਬਾਜ਼ਾਰ ਵਾਲੇ ਘਰੇ ਵੀ।
ਪਤਾ ਨਹੀਂ ਪੁਰਾਣੇ ਸਮਿਆਂ ਵਿੱਚ ਕਿਵੇਂ ਕਿੰਨੀਆਂ ਹੀ ਪੀੜ੍ਹੀਆਂ ਇੱਕੋ ਘਰ ਵਿੱਚ ਆਪਣਾ ਸਮਾਂ ਗੁਜ਼ਾਰ ਦਿੰਦੀਆਂ ਸਨ ਪਰ ਹੁਣ ਆਵਾਜਾਈ ਅਤੇ ਸੰਚਾਰ ਦੇ ਬਿਹਤਰੀਨ ਸਾਧਨਾਂ ਦੇ ਬਾਵਜੂਦ ਹਰ ਇੱਕ ਨੂੰ ਆਪਣਾਂ ਨਵਾਂ ਆਸ਼ੀਆਨਾ ਚਾਹੀਦਾ। ਪਿੰਡ ਵਿੱਚ ਵੀ ਹੁਣ ਹਰ ਘਰ ਵਿੱਚ ਵੰਡੀਆਂ ਪੈ ਗਈਆਂ ਹਨ। ਅੱਜ ਦੇ ਦੌਰ ਵਿੱਚ ਹਰ ਬੰਦਾ ਆਪਣੀ ਜ਼ਿੰਦਗੀ ਵਿੱਚ ਤਿੰਨ ਜਾਂ ਚਾਰ ਘਰ ਬਦਲ ਲੈਂਦਾ ਹੈ; ਚਾਹੇ ਉਹ ਖੁਸ਼ੀ ਨਾਲ ਬਦਲੇ ਜਾਂ ਫਿਰ ਮਜਬੂਰੀ ਜਾਂ ਨੌਕਰੀ ਕਾਰਨ ਜਾਂ ਬਿਹਤਰ ਭਵਿੱਖ ਕਾਰਨ।
ਪੰਜਾਬ ਵਿੱਚੋਂ ਨੌਜਵਾਨੀ ਦਾ ਪਰਵਾਸ ਦੇਖਦਿਆਂ ਸਾਨੂੰ ਆਪਣੀ ਹਾਲਤ ਉਸ ਘੁੱਗੀ ਵਰਗੀ ਹੋ ਗਈ ਜਾਪਦੀ ਹੈ।... ਜਦੋਂ ਹੀ ਬੱਚਿਆਂ ਦੇ ਖੰਭ ਨਿੱਕਲਦੇ ਹਨ, ਉਹ ਪਰਦੇਸ ਉਡਾਰੀ ਮਾਰ ਜਾਂਦੇ ਹਨ, ਤੇ ਮੁੜ ਉਸ ਆਲ੍ਹਣੇ ਵਿੱਚ ਨਹੀਂ ਪਰਤਦੇ। ਸਾਡੇ ਆਲ੍ਹਣੇ ਵੀ ਹੁਣ ਖਾਲੀ ਹੋ ਰਹੇ ਹਨ। ਅਸੀਂ ਕੂੰਜਾਂ (ਪਰਵਾਸੀ ਪੰਛੀ) ਨੂੰ ਆਪਣੇ ਮੁਲਕ ਆਉਂਦਿਆਂ ਦੇਖਦੇ ਹਾਂ, ਉਹ ਵੀ ਮੌਸਮ ਬਦਲਦੇ ਸਾਰ ਆਪਣੇ ਮੁਲਕ ਪਰਤ ਜਾਂਦੀਆਂ ਹਨ ਪਰ ਸਾਡੇ ਬੱਚੇ ਇਕ ਵਾਰ ਵਿਦੇਸ਼ ਗਏ ਫਿਰ ਨਹੀਂ ਪਰਤਦੇ... ਇਸੇ ਲਈ ਬਹੁਤੇ ਘਰ ਸੁੰਨੇ ਹੋ ਗਏ ਹਨ। ਸਾਡੀਆਂ ਸਰਕਾਰਾਂ ਨੂੰ ਖਾਲੀ ਹੋ ਰਹੇ ਇਨ੍ਹਾਂ ਆਲ੍ਹਣਿਆਂ ਦਾ ਖਿਆਲ ਕਰਨਾ ਚਾਹੀਦਾ ਹੈ ਅਤੇ ਚੰਗੇ ਰੁਜ਼ਗਾਰ ਦੇ ਢੁੱਕਵੇਂ ਪ੍ਰਬੰਧ ਅਤੇ ਚੰਗਾ ਮਾਹੌਲ ਬਣਾ ਕੇ ਪੰਜਾਬ ਵਿੱਚੋਂ ਹੋ ਰਿਹਾ ਪਰਵਾਸ ਘਟਾਉਣਾ ਚਾਹੀਦਾ ਹੈ।
ਸੰਪਰਕ: 98142-05475