ਆਰਜੇਡੀ ਜਿੱਤੀ ਤਾਂ ਵਕਫ਼ ਬਿੱਲ ਕੂੜੇਦਾਨ ’ਚ ਸੁੱਟ ਦਿਆਂਗੇ: ਤੇਜਸਵੀ
ਪਟਨਾ, 5 ਅਪਰੈਲ
ਆਰਜੇਡੀ ਆਗੂ ਤੇਜਸਵੀ ਯਾਦਵ ਨੇ ਅੱਜ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਬਿਹਾਰ ਵਿੱਚ ਸੱਤਾ ’ਚ ਆਉਂਦੀ ਹੈ, ਤਾਂ ਸੰਸਦ ਵੱਲੋਂ ਪਾਸ ਕੀਤਾ ਗਿਆ ਵਕਫ਼ (ਸੋਧ) ਬਿੱਲ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਵੇਗਾ। ਉਹ ਇਸ ਨੂੰ ਬਿਹਾਰ ਵਿੱਚ ਲਾਗੂ ਨਹੀਂ ਹੋਣ ਦੇਣਗੇ। ਇੱਥੇ ਪ੍ਰੈਸ ਕਾਨਫਰੰਸ ’ਚ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਬਿੱਲ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਉਹ ਇਹ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਬਿੱਲ ਨਾਲ ਮੁਸਲਮਾਨਾਂ ਨੂੰ ਫਾਇਦਾ ਹੋਵੇਗਾ, ਪਰ ਉਹ ਇਸ ਵਿੱਚ ਸਫਲ ਨਹੀਂ ਹੋ ਰਹੇ। ਦੇਖੋ ਕਿਵੇਂ ਜਨਤਾ ਦਲ (ਯੂ) ਨੇ ਆਪਣੇ ਮੁਸਲਿਮ ਆਗੂਆਂ ਨੂੰ ਪ੍ਰੈਸ ਕਾਨਫਰੰਸ ਕਰਨ ਲਈ ਮਜਬੂਰ ਕੀਤਾ, ਪਰ ਉਹ ਪੂਰੀ ਤਰ੍ਹਾਂ ਅਸਫਲ ਰਹੇ।’ ਜਨਤਾ ਦਲ (ਯੂ) ਦੀ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਫਾਕ ਅਹਿਮਦ ਖਾਨ, ਐੱਮਐੱਲਸੀ ਖਾਲਿਦ ਅਨਵਰ ਅਤੇ ਗੁਲਾਮ ਗੌਸ ਸਮੇਤ ਹੋਰ ਮੁਸਲਿਮ ਆਗੂ ਸ਼ਾਮਲ ਹੋਏ। ਘੱਟ ਗਿਣਤੀ ਸੈੱਲ ਦੇ ਚੇਅਰਮੈਨ ਅਫਜ਼ਲ ਅੰਸਾਰੀ ਅਤੇ ਪਾਰਟੀ ਤਰਜਮਾਨ ਅੰਜੁਮ ਆਰਾ ਵੱਲੋਂ ਮੁਸਲਮਾਨਾਂ ਦੀ ਭਲਾਈ ਲਈ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਉਭਾਰਨ ਵਾਲਾ ਲਿਖਤੀ ਬਿਆਨ ਪੜ੍ਹਨ ਤੋਂ ਬਾਅਦ ਕਿਸੇ ਵੀ ਸੀਨੀਅਰ ਆਗੂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਨਹੀਂ ਕੀਤਾ। ਪ੍ਰੈਸ ਕਾਨਫਰੰਸ ਖ਼ਤਮ ਹੋਣ ਤੋਂ ਬਾਅਦ ਸਾਰੇ ਆਗੂ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦਿਆਂ ਤੁਰੰਤ ਚਲੇ ਗਏ।
ਜਨਤਾ ਦਲ (ਯੂ) ਦੀ ਪ੍ਰੈਸ ਕਾਨਫਰੰਸ ਖਤਮ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਯਾਦਵ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਯਾਦਵ ਨੇ ਕਿਹਾ, ‘ਅਜਿਹਾ ਲੱਗਦਾ ਹੈ ਕਿ ਉਨ੍ਹਾਂ (ਜੇਡੀਯੂ) ਦੇ ਦਫ਼ਤਰ ਵਿੱਚ ਨਿਤੀਸ਼ ਕੁਮਾਰ ਦੀਆਂ ਤਸਵੀਰਾਂਦੀ ਜਗ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਲਾ ਦਿੱਤੀਆਂ ਜਾਣਗੀਆਂ। ਚੋਣਾਂ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਦਾ ਕੀ ਹਾਲ ਹੋਵੇਗਾ, ਇਹ ਤਾਂ ਬੱਚੇ ਵੀ ਜਾਂਦੇ ਹਨ।’ -ਪੀਟੀਆਈ
‘ਸਿੱਖ ਅਤੇ ਈਸਾਈ ਹੋ ਸਕਦੇ ਨੇ ਅਗਲਾ ਨਿਸ਼ਾਨਾ’
ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਅੱਜ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕੱਲ੍ਹ ਸਿੱਖਾਂ ਅਤੇ ਈਸਾਈਆਂ ਦੀ ਵਾਰੀ ਹੋ ਸਕਦੀ ਹੈ।’ ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਸਦ ਮੈਂਬਰਾਂ ਨੇ ਵਕਫ਼ (ਸੋਧ) ਬਿੱਲ ਦਾ ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਰੋਧ ਕੀਤਾ ਕਿਉਂਕਿ ਇਹ ਸੰਵਿਧਾਨ ਦੀ ਧਾਰਾ 26 ਦੀ ਉਲੰਘਣਾ ਕਰਦਾ ਹੈ।