‘ਆਪ’ ਸੰਸਦ ਮੈਂਬਰ ਦੇ ਪਰਿਵਾਰ ਦਾ ਵਿਰੋਧ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 3 ਮਈ
ਹਲਕੇ ਦੇ ਪਿੰਡ ਕੁਰੜ ਵਿੱਚ ਅੱਜ ਨਹਿਰੀ ਪਾਈਪ ਲਾਈਨ ਨੂੰ ਲੈ ਕੇ ‘ਆਪ’ ਸੰਸਦ ਮੈਂਬਰ ਮੀਤ ਹੇਅਰ ਦੇ ਪਰਿਵਾਰ ਨੂੰ ਪਿੰਡ ਦੀ ‘ਆਪ’ ਪੰਚਾਇਤ ਅਤੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਇਹ ਵਿਰੋਧ ਪਿੰਡ ਦੇ ‘ਆਪ’ ਨਾਲ ਸਬੰਧਤ ਸਰਪੰਚ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਕੀਤਾ ਗਿਆ ਅਤੇ ਨਹਿਰੀ ਪਾਈਪ ਲਾਈਨ ਦੇ ਚੱਲਦੇ ਕੰਮ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਸਰਪੰਚ ਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸੁਖਵਿੰਦਰ ਦਾਸ ਬਾਵਾ, ਕਿਸਾਨ ਹਰੀ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਦੀਵਾਨਾ ਤੇ ਅਜਮੇਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਖੇਤਾਂ ਨੂੰ ਨਹਿਰੀ ਪਾਣੀ ਲਈ 3 ਪਾਈਪ ਲਾਈਨ ਪ੍ਰਾਜੈਕਟ ਪਾਸ ਹੋਏ ਹਨ। ਇਸ ਵਿੱਚੋਂ ਇੱਕ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ ਪਰ ਨਹਿਰੀ ਵਿਭਾਗ ਨੇ ਇਸ ਦਾ ਕੰਮ ਅੱਧ ਵਿਚਾਲੇ ਛੱਡ ਕੇ ਐੱਮਪੀ ਦੇ ਪਰਿਵਾਰ ਦੇ ਖੇਤਾਂ ਨੂੰ ਪਾਈਪ ਲਾਈਨ ਪਾਉਣੀ ਸ਼ੁਰੂ ਕਰ ਦਿੱਤੀ, ਜਿਸ ਦਾ ਉਹ ਵਿਰੋਧ ਕਰ ਰਹੇ ਹਨ।
ਧਰਨੇ ਦੌਰਾਨ ਨਹਿਰੀ ਵਿਭਾਗ ਦੇ ਬਠਿੰਡਾ ਤੋਂ ਮੰਡਲ ਇੰਜਨੀਅਰ ਪਵਨ ਕੁਮਾਰ ਮੰਡਲ ਅਤੇ ਐੱਸਡੀਓ ਹਰਪ੍ਰੀਤ ਸਿੰਘ ਧਾਲੀਵਾਲ ਪਹੁੰਚੇ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਪਹਿਲਾਂ ਪਿੰਡ ਵਾਸੀਆਂ ਦੇ ਮੋਘਿਆਂ ਦਾ ਕੰਮ ਕਰਨ ਦਾ ਭਰੋਸਾ ਦਿੱਤਾ, ਮਗਰੋਂ ਧਰਨਾ ਖ਼ਤਮ ਕੀਤਾ ਗਿਆ। ਉਧਰ, ਲੋਕ ਸਭਾ ਮੈਂਬਰ ਮੀਤ ਹੇਅਰ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚੋਂ ਇਹ ਨਹਿਰੀ ਪਾਣੀ ਦੀ ਪਾਈਪਲਾਈਨ ਪੈਣੀ ਹੈ, ਉਨ੍ਹਾਂ ਵੱਲੋਂ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨਾਲ ਰਾਜਸੀ ਰੰਜਿਸ਼ ਤਹਿਤ ਇਹ ਪਾਈਪਲਾਈਨ ਦਾ ਕੰਮ ਰੁਕਵਾਇਆ ਗਿਆ ਹੈ।