‘ਆਪ’ ਨੇ ਬਾਜਵਾ ਦੇ ਪੁਲੀਸ ਅੱਗੇ ਪੇਸ਼ ਨਾ ਹੋਣ ’ਤੇ ਚੁੱਕੇ ਸਵਾਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਪਰੈਲ
ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੁਲੀਸ ਸਾਹਮਣੇ ਪੇਸ਼ ਨਾ ਹੋਣ ’ਤੇ ਸਵਾਲ ਚੁੱਕੇ ਹਨ। ਇਸ ਬਾਰੇ ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪ੍ਰਤਾਪ ਬਾਜਵਾ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਕੋਲ 50 ਗ੍ਰਨੇਡਾਂ ਬਾਰੇ ਠੋਸ ਜਾਣਕਾਰੀ ਹੈ, ਤਾਂ ਉਹ ਇਹ ਜਾਣਕਾਰੀ ਪੰਜਾਬ ਪੁਲੀਸ ਤੋਂ ਲੁਕਾ ਕਿਉਂ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਕੋਲ ਅਜਿਹੀ ਬਿਆਨਬਾਜ਼ੀਆਂ ਕਰਨ ਦਾ ਸਮਾਂ ਤਾਂ ਹੈ ਪਰ ਪੁਲੀਸ ਨਾਲ ਸਹਿਯੋਗ ਕਰਨ ਦਾ ਸਮਾਂ ਨਹੀਂ।
ਕੰਗ ਨੇ ਕਿਹਾ ਕਿ ਬਾਜਵਾ ਵੱਲੋਂ ਦਿੱਤਾ ਗਿਆ ਬਿਆਨ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਬਾਜਵਾ ਨੂੰ ਅਜਿਹੀ ਸੰਵੇਦਨਸ਼ੀਲ ਜਾਣਕਾਰੀ ਲੁਕਾ ਕੇ ਪੰਜਾਬ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇ ਬਾਜਵਾ ਨੂੰ ਪੁਲੀਸ ਨੂੰ ਜਾਣਕਾਰੀ ਦੇਣ ਵਿੱਚ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇ ਅਜਿਹੀ ਕੋਈ ਜਾਣਕਾਰੀ ਹੈ ਹੀ ਨਹੀਂ ਤਾਂ ਇਹ ਵੀ ਪੁਲੀਸ ਤੇ ਲੋਕਾਂ ਸਾਹਮਣੇ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੁੱਦੇ ’ਤੇ ਬਾਜਵਾ ਦਾ ਇਸ ਤਰ੍ਹਾਂ ਦਾ ਰਵੱਈਆ ਠੀਕ ਨਹੀਂ ਹੈ।
ਬਾਜਵਾ ਨੂੰ ਪੰਜਾਬ ਦੀ ਸੁਰੱਖਿਆ ਦੀ ਕੋਈ ਚਿੰਤਾ ਨਹੀਂ: ਦੀਪਕ ਬਾਲੀ
‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਾਰੀ ਜਾਣਕਾਰੀ ਪੁਲੀਸ ਨੂੰ ਦੇ ਕੇ ਲੋਕਾਂ ਦੇ ਖਦਸ਼ੇ ਦੂਰ ਕਰਨੇ ਚਾਹੀਦੇ ਹਨ।
