ਆਨਲਾਈਨ ਠੱਗੀ ਦੇ ਦੋਸ਼ ਹੇਠ ਕੇਸ ਦਰਜ
ਸਾਈਬਰ ਕਰਾਈਮ ਸੈੱਲ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਸਹਾਇਕ ਡਾਕ ਮਾਸਟਰ ਨਾਲ ਹੋਈ ਆਨਲਾਈਨ ਠੱਗੀ ਦੇ ਦੋਸ਼ ਹੇਠ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਨੂੰ ਬੀਤੀ 27 ਨਵੰਬਰ ਨੂੰ ਫਲਿੱਪਕਾਰਟ ਐੱਪ ਰਾਹੀਂ ਦੋ ਲੱਖ ਰੁਪਏ ਲੋਨ ਦੀ ਪੇਸ਼ਕਸ਼ ਹੋਈ ਸੀ ਤੇ ਉਸ ਨੇ ਲੋਨ ਲਈ ਅਪਲਾਈ ਕਰ ਦਿੱਤਾ। ਕੁੱਝ ਦਿਨ ਬਾਅਦ 4 ਦਸੰਬਰ ਨੂੰ ਸਰਬਜੀਤ ਸਿੰਘ ਨੂੰ ਫਿਰ ਫੋਨ ਆਇਆ ਕਿ ਕੇਵਾਈਸੀ ਨਾ ਹੋਣ ਕਾਰਨ ਲੋਨ ਦੀ ਰਕਮ ਅਕਾਂਊਟ ਵਿੱਚ ਪਾਉਣ ’ਚ ਦਿੱਕਤ ਆ ਰਹੀ ਹੈ, ਇਸ ਲਈ ਉਨ੍ਹਾਂ ਇੱਕ ਫਾਰਮ ਭਰ ਕੇ 5 ਰੁਪਏ ਪਾਉਣ ਲਈ ਆਖਿਆ। ਜਿਵੇਂ ਹੀ ਸਰਬਜੀਤ ਸਿੰਘ ਨੇ 5 ਰੁਪਏ ਪਾਏ ਤਾਂ ਉਸ ਦੇ ਖਾਤੇ ਵਿੱਚੋਂ 86,998 ਰੁਪਏ ਨਿਕਲ ਗਏ ਅਤੇ ਸਰਬਜੀਤ ਸਿੰਘ ਦੇ ਅਕਾਂਊਟ ਨਾਲ ਨੱਥੀ ਫੋਨ ਨੰਬਰ ’ਤੇ ਪੈਸੇ ਨਿਕਲਣ ਦਾ ਸੁਨੇਹਾ ਆ ਗਿਆ। ਜਦੋਂ ਸਰਬਜੀਤ ਸਿੰਘ ਨੇ ਲੋਨ ਦੇਣ ਵਾਲਿਆਂ ਨਾਲ ਮੁੜ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਕਿਸੇ ਨੇ ਫੋਨ ਨਾ ਚੁੱਕਿਆ ਤੇ ਥੋੜੀ ਦੇਰ ਬਾਅਦ ਨੰਬਰ ਬੰਦ ਹੋ ਗਿਆ। ਏਐੱਸਆਈ ਜਗਰੂਪ ਸਿੰਘ ਨੇ ਆਖਿਆ ਕਿ ਸਰਬਜੀਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।