ਆਈਪੀਐੱਲ: ਮੁੰਬਈ ਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਅੱਜ
ਮੁੰਬਈ, 16 ਅਪਰੈਲ
ਮੁੰਬਈ ਇੰਡੀਅਨਜ਼ ਦੀ ਟੀਮ ਵੀਰਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਬੱਲੇਬਾਜ਼ਾਂ ਲਈ ਅਨੁਕੂਲ ਹਾਲਾਤ ’ਚ ਖੇਡੇ ਜਾਣ ਵਾਲੇ ਆਈਪੀਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਹਮਲਾਵਰ ਬੱਲੇਬਾਜ਼ਾਂ ਨੂੰ ਰੋਕਣ ਲਈ ਆਪਣੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗੀ। ਸੱਟ ਕਾਰਨ ਤਿੰਨ ਮਹੀਨਿਆਂ ਬਾਅਦ ਮੈਦਾਨ ’ਤੇ ਪਰਤਿਆ ਬੁਮਰਾਹ ਹਾਲੇ ਤੱਕ ਉਹ ਲੈਅ ਹਾਸਲ ਨਹੀਂ ਕਰ ਸਕਿਆ, ਜਿਸ ਕਰਕੇ ਉਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ। 31 ਸਾਲਾ ਤੇਜ਼ ਗੇਂਦਬਾਜ਼ ਨੂੰ ਹੁਣ ਹੈਦਰਾਬਾਦ ਦੇ ਟਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ ਅਤੇ ਐੱਚ ਕਲਾਸਨ ਵਰਗੇ ਬੱਲੇਬਾਜ਼ਾਂ ਖ਼ਿਲਾਫ਼ ਸਖ਼ਤ ਪ੍ਰੀਖਿਆ ਦਾ ਸਾਹਮਣਾ ਕਰਨਾ ਪਵੇਗਾ। ਪੰਜ ਵਾਰ ਦੀ ਚੈਂਪੀਅਨ ਮੁੰਬਈ ਲਈ ਉਸ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੀ ਲੈਅ ਵੀ ਚਿੰਤਾ ਦਾ ਵਿਸ਼ਾ ਹੈ। ਰੋਹਿਤ ਹੁਣ ਤੱਕ ਪੰਜ ਮੈਚਾਂ ਵਿੱਚ 11.20 ਦੀ ਔਸਤ ਨਾਲ ਸਿਰਫ਼ 56 ਦੌੜਾਂ ਹੀ ਬਣਾ ਸਕਿਆ ਹੈ। ਮੁੰਬਈ ਨੇ ਹੁਣ ਤੱਕ ਸਿਰਫ਼ ਦੋ ਮੈਚ ਜਿੱਤੇ ਹਨ ਅਤੇ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਟੀਮ ਦੀ ਬੱਲੇਬਾਜ਼ੀ ਕੁਝ ਹੱਦ ਤੱਕ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ’ਤੇ ਨਿਰਭਰ ਰਹੀ ਹੈ। ਨਮਨ ਧੀਰ ਦਾ ਪ੍ਰਦਰਸ਼ਨ ਵੀ ਮੁੰਬਈ ਲਈ ਅਹਿਮ ਰਹੇਗਾ।
ਉਧਰ ਹੈਦਰਾਬਾਦ ਦੀ ਟੀਮ ਵੀ ਸੰਘਰਸ਼ ਕਰ ਰਹੀ ਹੈ। ਟੀਮ ਨੇ ਹੁਣ ਤੱਕ ਦੋ ਮੈਚ ਜਿੱਤੇ ਹਨ ਪਰ ਮੁੰਬਈ ਦਾ ਨੈੱਟ ਰਨ ਰੇਟ ਇਸ ਤੋਂ ਬਿਹਤਰ ਹੈ। ਹੈਦਰਾਬਾਦ ਦੀ ਟੀਮ ਇਸ ਵੇਲੇ ਨੌਵੇਂ ਸਥਾਨ ’ਤੇ ਹੈ। ਇਸ ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ’ਤੇ ਹੋਣਗੀਆਂ, ਜੋ ਪਿਛਲੇ ਮੈਚ ਵਿੱਚ 141 ਦੌੜਾਂ ਬਣਾ ਕੇ ਆ ਰਿਹਾ ਹੈ। ਵਾਨਖੇੜੇ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਰਹੀ ਹੈ ਪਰ ਗੇਂਦਬਾਜ਼ ਵੀ ਇਸ ਦੇ ਉਛਾਲ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ। -ਪੀਟੀਆਈ