ਆਈਪੀਐੱਲ: ਗੁਜਰਾਤ ਤੇ ਰਾਜਸਥਾਨ ਦਾ ਟਾਕਰਾ ਅੱਜ
ਅਹਿਮਦਾਬਾਦ, 8 ਅਪਰੈਲ
ਗੁਜਰਾਤ ਟਾਈਟਨਜ਼ ਅਤੇ ਰਾਜਸਥਾਨ ਰੌਇਲਜ਼ ਦੀਆਂ ਟੀਮਾਂ ਜਦੋਂ ਬੁੱਧਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਵਿੱਚ ਇੱਕ-ਦੂਜੇ ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦੀ ਨਜ਼ਰ ਆਪਣੀਆਂ ਗੇਂਦਬਾਜ਼ੀ ਦੀਆਂ ਕਮੀਆਂ ਦੂਰ ਕਰਨ ’ਤੇ ਹੋਵੇਗੀ। ਗੁਜਰਾਤ ਦੇ ਇਸ ਵੇਲੇ ਛੇ ਅੰਕ ਹਨ ਅਤੇ ਇਸ ਮੈਚ ਵਿੱਚ ਜਿੱਤ ਨਾਲ ਉਸ ਦੀ ਅੰਕ ਸੂਚੀ ਵਿੱਚ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ। ਰਾਜਸਥਾਨ ਦੇ ਚਾਰ ਅੰਕ ਹਨ। ਦੋਵਾਂ ਟੀਮਾਂ ਦੇ ਕੁਝ ਮੁੱਖ ਗੇਂਦਬਾਜ਼ ਹੁਣ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਜੇ ਇਨ੍ਹਾਂ ਟੀਮਾਂ ਨੂੰ ਆਪਣੀ ਸਥਿਤੀ ਮਜ਼ਬੂਤ ਕਰਨੀ ਹੈ ਤਾਂ ਇਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਗੁਜਰਾਤ ਟਾਈਟਨਜ਼ ਲਈ ਹੁਣ ਤੱਕ ਸਿਰਫ਼ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਸਪਿੰਨਰ ਆਰ ਸਾਈ ਕਿਸ਼ੋਰ ਨੇ ਗੇਂਦਬਾਜ਼ੀ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਸਟਾਰ ਸਪਿੰਨਰ ਰਾਸ਼ਿਦ ਖਾਨ ਅਤੇ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਮਾੜੀ ਲੈਅ ਚਿੰਤਾ ਦਾ ਵਿਸ਼ਾ ਹੈ। ਗੁਜਰਾਤ ਵਾਂਗ ਰਾਜਸਥਾਨ ਦੀ ਸਭ ਤੋਂ ਵੱਡੀ ਚਿੰਤਾ ਵੀ ਗੇਂਦਬਾਜ਼ੀ ਹੀ ਹੈ। ਸੰਦੀਪ ਸ਼ਰਮਾ ਤੋਂ ਇਲਾਵਾ ਟੀਮ ਦਾ ਕੋਈ ਹੋਰ ਗੇਂਦਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। -ਪੀਟੀਆਈ